ਬਾਇਡਨ ਨੇ ਜਨਰਲ ਆਸਟਿਨ ਨੂੰ ਪੈਂਟਾਗਨ ਮੁਖੀ ਚੁਣਿਆ

ਵਾਸ਼ਿੰਗਟਨ : ਸੇਵਾਮੁਕਤ ਫ਼ੌਜੀ ਜਨਰਲ ਲੌਇਡ ਜੇ ਆਸਟਿਨ ਨੂੰ ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਨੇ ਮੁਲਕ ਦੀ ਕੇਂਦਰੀ ਕਮਾਂਡ ਪੈਂਟਾਗਨ ਦੀ ਅਗਵਾਈ ਲਈ ਚੁਣਿਆ ਹੈ। ਆਸਟਿਨ ਰੱਖਿਆ ਸਕੱਤਰ ਤੇ ਪੈਂਟਾਗਨ ਦੇ ਕਮਾਂਡਰ ਦੀ ਭੂਮਿਕਾ ਵਿਚ ਹੋਣਗੇ। ਸੈਨੇਟ ਵੱਲੋਂ ਪੁਸ਼ਟੀ ਹੋਣ ਨਾਲ 67 ਸਾਲਾ ਆਸਟਿਨ ਪੈਂਟਾਗਨ ਦੀ ਅਗਵਾਈ ਕਰਨ ਵਾਲੇ ਪਹਿਲੇ ਅਫ਼ਰੀਕੀ-ਅਮਰੀਕੀ ਹੋਣਗੇ। ਜਨਰਲ ਆਸਟਿਨ ਚਾਰ ਦਹਾਕੇ ਅਮਰੀਕੀ ਰੱਖਿਆ ਸੈਨਾਵਾਂ ਲਈ ਸੇਵਾਵਾਂ ਦੇ ਚੁੱਕੇ ਹਨ। ਬਾਇਡਨ ਦੇ ਉਪ ਰਾਸ਼ਟਰਪਤੀ ਹੁੰਦਿਆਂ ਵੀ ਆਸਟਿਨ ਉਨ੍ਹਾਂ ਨਾਲ ਮੁਲਾਕਾਤ ਕਰਦੇ ਰਹੇ ਹਨ। ਆਸਟਿਨ ਦੀ ਇਰਾਕ ਤੇ ਸੀਰੀਆ ਵਿਚ ਆਈਐੱਸਆਈਐੱਸ ਖ਼ਿਲਾਫ਼ ਮੁਹਿੰਮਾਂ ਵਿਚ ਅਹਿਮ ਭੂਮਿਕਾ ਰਹੀ ਹੈ। ਇਰਾਕ ਤੋਂ ਸੈਨਾਵਾਂ ਵਾਪਸ ਸੱਦਣ ਵਿਚ ਵੀ ਉਹ ਬਾਇਡਨ ਦਾ ਸਾਥ ਦੇ ਰਹੇ ਹਨ। ਬਾਇਡਨ ਨੇ ਭਾਰਤੀ-ਅਮਰੀਕੀ ਡਾ. ਵਿਵੇਕ ਮੂਰਤੀ ਨੂੰ ਮੁੜ ਤੋਂ ਸਰਜਨ ਜਨਰਲ ਦੀ ਭੂਮਿਕਾ ਲਈ ਚੁਣਿਆ ਹੈ। 43 ਸਾਲਾ ਉੱਘੇ ਭਾਰਤੀ-ਅਮਰੀਕੀ ਡਾਕਟਰ ਕਰੋਨਾਵਾਇਰਸ ਖ਼ਿਲਾਫ਼ ਅਮਰੀਕੀ ਮੁਹਿੰਮ ਵਿਚ ਆਪਣਾ ਯੋਗਦਾਨ ਦੇਣਗੇ। ਉਹ ਓਬਾਮਾ ਤੇ ਟਰੰਪ ਪ੍ਰਸ਼ਾਸਨ ਵਿਚ ਵੀ ਸਰਜਨ ਜਨਰਲ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਅਧਿਆਪਕ ਯੂਨੀਅਨ ਦੀ ਸਾਬਕਾ ਮੁਖੀ ਸਿੱਖਿਆ ਸਕੱਤਰ ਦੇ ਅਹੁਦੇ ਲਈ ਜ਼ੋਰ-ਅਜ਼ਮਾਈ ਕਰ ਰਹੀ ਹੈ। ਲਿਲੀ ਐਸਕੈਲਸਨ ਗਾਰਸੀਆ ਅਮਰੀਕਾ ਦੀ ਸਭ ਤੋਂ ਵੱਡੀ ਅਧਿਆਪਕ ਯੂਨੀਅਨ ਦੀ ਪ੍ਰਧਾਨ ਰਹਿ ਚੁੱਕੀ ਹੈ। ਇਸ ਅਹੁਦੇ ਲਈ ਉਸ ਨੂੰ ਕਾਂਗਰਸ ਮੈਂਬਰਾਂ ਦੀ ਹਮਾਇਤ ਵੀ ਮਿਲ ਰਹੀ ਹੈ। ਇਸੇ ਦੌਰਾਨ ਡੈਮੋਕਰੈਟਿਕ ਪਾਰਟੀ ਦੇ ਬਹੁਮੱਤ ਵਾਲੇ ਸਦਨ ਨੇ ਵੱਡੇ ਦਾਇਰੇ ਵਾਲਾ ਰੱਖਿਆ ਨੀਤੀ ਬਿੱਲ ਪਾਸ ਕਰ ਦਿੱਤਾ ਹੈ। ਹਾਲਾਂਕਿ ਰਾਸ਼ਟਰਪਤੀ ਟਰੰਪ ਇਸ ਨੂੰ ‘ਵੀਟੋ’ (ਰੱਦ) ਕਰਨ ਦੀ ਧਮਕੀ ਦੇ ਰਹੇ ਹਨ। ਇਸ ਬਿੱਲ ਵਿਚ ਇਕ ਧਾਰਾ ਅਜਿਹੀ ਹੈ ਜੋ ਕਿ ਸੰਚਾਰ ਕੋਡਾਂ ਤਹਿਤ ਟਵਿੱਟਰ, ਫੇਸਬੁੱਕ ਤੇ ਹੋਰ ਤਕਨੀਕੀ ਕੰਪਨੀਆਂ ਦੀ ਵਿਸ਼ਾ-ਵਸਤੂ ਸਬੰਧੀ ਜ਼ਿੰਮੇਵਾਰੀ ਤੈਅ ਕਰਨ ਬਾਰੇ ਹੈ। ਜ਼ਿਕਰਯੋਗ ਹੈ ਕਿ ਟਰੰਪ ਇਨ੍ਹਾਂ ਉਤੇ ਚੋਣਾਂ ਦੌਰਾਨ ਪੱਖਪਾਤੀ ਹੋਣ ਦਾ ਦੋਸ਼ ਲਾਉਂਦੇ ਰਹੇ ਹਨ। 

Leave a Reply

Your email address will not be published. Required fields are marked *