ਦਿੱਲੀ ਧਰਨੇ ’ਚ ਸ਼ਮੂਲੀਅਤ ਲਈ ਉਤਸ਼ਾਹ ਸਿਖਰਾਂ ’ਤੇ

ਚਮਕੌਰ ਸਾਹਿਬ : ਸਮਾਜਸੇਵੀ ਅਤੇ ਵਪਾਰ ਮੰਡਲ ਦੇ ਪ੍ਰਧਾਨ ਬਲਦੇਵ ਸਿੰਘ ਹਫਿਜ਼ਾਬਾਦ ਵੱਲੋਂ ਇਲਾਕੇ ਦੇ ਮਰੀਜ਼ਾਂ ਲਈ ਮੁਫ਼ਤ ਪੀਜੀਆਈ ਚੰਡੀਗੜ੍ਹ ਲਈ ਚਲਾਈ ਜਾ ਰਹੀ ਬੱਸ ਦੇ ਕਰੋਨਾ ਕਾਰਨ ਨਾ ਚੱਲਣ ’ਤੇ ਹੁਣ ਕਿਸਾਨਾਂ ਦੇ ਦਿੱਲੀ ਚੱਲ ਰਹੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਅੱਜ ਉਕਤ ਬੱਸ ਰਾਹੀਂ ਇਲਾਕੇ ਦੇ ਕਿਸਾਨਾਂ ਦਾ ਇੱਕ ਜਥਾ ਪ੍ਰਬੰਧਕਾਂ ਵੱਲੋਂ ਦਿੱਲੀ ਲਈ ਰਵਾਨਾ ਕੀਤਾ। ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਅਤੇ ਬਲਦੇਵ ਸਿੰਘ ਹਫਿਜ਼ਾਬਾਦ ਨੇ ਦੱਸਿਆ ਕਿ ਇਹ ਬੱਸ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ ਦਿੱਲੀ ਲੈ ਕੇ ਜਾਵੇਗੀ ਅਤੇ ਤੀਜੇ ਦਿਨ ਉੱਥੋਂ ਆਉਣ ਵਾਲੇ ਕਿਸਾਨਾਂ ਨੂੰ ਵਾਪਸ ਲੈ ਕੇ ਇੱਥੇ ਆਵੇਗੀ। ਇਸੇ ਦੋਰਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਹਜ਼ਾਰਾਂ ਮੁਲਾਜ਼ਮ ਸੈਂਕੜੇ ਗੱਡੀਆਂ ਦੇ ਕਾਫ਼ਲੇ ਰਾਹੀਂ ਅੱਜ ਸ਼ੰਭੂ ਬਾਰਡਰ ਤੋਂ ਸਿੰਘੂ ਬਾਰਡਰ ਲਈ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਰਵਾਨਾ ਹੋਏ।

ਚੰਡੀਗੜ੍ਹ : ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਬੀਤੇ ਦਿਨ 8 ਦਸੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਸੈਕਟਰ-17 ਵਿੱਚ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਵੱਲੋਂ ਰੋਸ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੋਸ ਰੈਲੀਆਂ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਵਿਰੋਧੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕਿਸਾਨ ਜਥੇਬੰਦੀਆਂ ਵਲੋਂ ਪੁਰਅਮਨ ਸੰਘਰਸ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੌਰੀ ਤੌਰ ਤੇ ਧੱਕੇ ਨਾਲ ਲਿਆਂਦੇ ਗਏ ਕਿਸਾਨ-ਵਿਰੋਧੀ, ਲੋਕ-ਵਿਰੋਧੀ ਕਾਨੂੰਨ ਵਾਪਸ ਲਵੇ।

ਖਰੜ : ਬਾਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਅਮਿਤ ਮੰਡਕਣ ਦੀ ਪ੍ਰਧਾਨਗੀ ਹੇਠ ਅੱਜ ਬਾਰ ਐਸੋਸੀਏਸ਼ਨ ਖਰੜ ਨੇ ਇੱਕ ਮਤਾ ਪਾਸ ਕਰਕੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੀ ਹਮਾਇਤ ਕੀਤੀ ਹੈ। ਮਤੇ ਵਿੱਚ ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਵਿਰੁੱਧ ਹਨ ਅਤੇ ਬਾਰ ਐਸੋਸੀਏਸ਼ਨ ਕਿਸਾਨਾਂ ਦੇ ਸੰਘਰਸ਼ ਦੀ ਪੂਰੀ ਹਮਾਇਤ ਕਰਦੀ ਹੈ। ਵਕੀਲਾਂ ਨੇ ਅੱਜ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਕਚਹਿਰੀਆਂ ਵਿਚ ਆਪਣਾ ਕੰਮ-ਕਾਰ ਬੰਦ ਰੱਖਿਆ।

ਫਤਿਹਗੜ੍ਹ ਸਾਹਿਬ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾ ਖ਼ਿਲਾਫ਼ ਪੰਜਾਬ ਦੇ ਸਾਰੇ ਵਰਗ ਕਿਸਾਨਾ ਨੂੰ ਸਹਿਯੋਗ ਦੇ ਰਹੇ ਹਨ। ਅੱਜ ਸੰਤ ਦਲਵਾਰਾ ਸਿੰਘ ਰੋਹੀਸਰ ਵਾਲੇ ਵੀ ਸੰਗਤਾ ਸਮੇਤ ਦਿੱਲੀ ਨੂੰ ਕਿਸਾਨਾ ਦੇ ਰੋਸ਼ ਧਰਨੇ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਉਹ ਰਾਸ਼ਨ ਦਾ ਸਾਮਾਨ ਵੀ ਦਿੱਲੀ ਨਾਲ ਲੇ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ ਚੱਲ ਰਿਹਾ ਸੰਘਰਸ਼ ਇੱਕਲੇ ਕਿਸਾਨਾਂ ਦਾ ਨਹੀਂ ਰਿਹਾ ਸਗੋਂ ਹਰ ਦੇਸ਼ ਵਾਸੀ ਦਾ ਸੰਘਰਸ਼ ਬਣ ਗਿਆ ਹੈ। ਪੰਜਾਬ ਸਮੇਤ ਪੁਰੇ ਭਾਰਤ ਦੇ ਲੋਕ ਰਾਜਨੀਤਿਕ ਅਤੇ ਆਰਥਿਕ ਮਤਭੇਦਾਂ ਤੋਂ ਉਪਰ ਉੱਠ ਕੇ ਕਿਸਾਨੀ ਸੰਘਰਸ਼ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਕਿਸਾਨਾਂ ਦਾ ਸੰਘਰਸ਼ ਉੰਨਾ ਸਮਾਂ ਜਾਰੀ ਰਹੇਗਾ।

ਰੂਪਨਗਰ : ਪੰਜਾਬ ਦੇ ਮੁਲਾਜ਼ਮਾਂ ਦੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਗੱਡੀਆਂ ਦੇ ਕਾਫ਼ਲੇ ਰਾਹੀਂ ਸ਼ੰਭੂ ਸਰਹੱਦ ਤੋਂ ਸਿੰਘੂ ਸਰਹੱਦ ਲਈ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਕੂਚ ਕੀਤਾ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਅੰਦਰ ਲਗਾਤਾਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਕਿਸਾਨ ਅੰਦੋਲਨ ਲਈ ਲਗਾਤਾਰ ਕਾਫ਼ਲੇ ਭੇਜੇ ਜਾਣਗੇ।ਆਗੂਆਂ ਆਖਿਆ ਕਿ ਇਹ ਕਾਨੂੰਨ ਇੱਕਲੇ ਕਿਸਾਨ ਵਿਰੋਧੀ ਨਹੀਂ ਸਗੋਂ ਮੁਲਾਜ਼ਮ ਮਜ਼ਦੂਰ ਵਿਰੋਧੀ ਵੀ ਹਨ।

ਫ਼ਤਹਿਗੜ੍ਹ ਸਾਹਿਬ : ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਅੱਜ ਪਿੰਡ ਭੈਰੋਂਪੁਰ ਤੋਂ ਨੌਜਵਾਨਾਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਰਵਾਨਾ ਹੋਣ ਤੋਂ ਪਹਿਲਾ ਨੌਜਵਾਨਾਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਆਪਣੇ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨੀ ਅੰਦੋਲਨ ਦਾ ਡਟ ਕੇ ਸਾਥ ਦਿੱਤਾ ਜਾਵੇਗਾ।

ਅਮਲੋਹ (ਰਾਮ ਸਰਨ ਸੂਦ):ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸਭਿਆਚਾਰਕ ਕਲੱਬ ਕਪੂਰਗੜ੍ਹ ਦੇ ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਦੀ ਅਗਵਾਈ ਹੇਠ ਨੌਜਵਾਨਾਂ ਦਾ ਕਾਫਲਾ ਫ਼ਤਹਿਗੜ੍ਹ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋਇਆ। ਇਸੇ ਦੌਰਾਨ ਸੇਵਾਮੁਕਤ ਪ੍ਰਿੰਸੀਪਲ ਅਮਰ ਸਿੰਘ ਬਿਲਿੰਗ ਨੇ ਰਾਸ਼ਟਰਪਤੀ ਨੂੰ ਪੱਤਰ ਭੇਜ ਕੇ ਆਪਣਾ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਪੱਤਰ ਵਿਚ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਕਿਸਾਨਾਂ ਉੱਪਰ ਜ਼ਬਰੀ ਠੋਸਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਨ।

ਰੰਗਕਰਮੀਆਂ ਵੱਲੋਂ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ

ਐੱਸਏਐੱਸ ਨਗਰ : ਇਪਟਾ ਪੰਜਾਬ ਅਤੇ ਚੰਡੀਗੜ੍ਹ ਦੇ ਕਾਰਕੁਨਾ ਤੇ ਰੰਗਕਰਮੀਆਂ ਨੇ ਭਾਰਤ ਬੰਦ ਸੰਘਰਸ਼ ਵਿੱਚ ਥਾਂ-ਥਾਂ ਸ਼ਿਰਕਤ ਕੀਤੀ। ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾ ਵੱਲੋਂ ਕੇਂਦਰ ਦੇ ਹਾਕਮਾਂ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਵਿਚ ਕਲਾ ਲੋਕਾਂ ਲਈ ਦੇ ਆਪਣੇ ਸਿਧਾਂਤ ਅਤੇ ਸੋਚ ਮੁਤਾਬਿਕ ਕਿਸਾਨ ਜੱਥੇਬੰਦੀਆਂ ਵੱਲੋਂ ਵੱਲੋਂ ਭਾਰਤ ਬੰਦ ਦੇ ਸੱਦੇ ਦੌਰਾਨ ਸ਼ਮੂਲੀਅਤ ਕਰਕੇ ਕਿਸਾਨਾ ਦੀ ਅਵਾਜ਼ ਵਿਚ ਆਪਣੀ ਅਵਾਜ਼ ਸ਼ਾਮਿਲ ਕੀਤੀ। ਉਨ੍ਹਾਂ ਦੱਸਿਆ ਕਿ ਇਪਟਾ ਦੇ ਕਾਰਕੁਨ ਕਿਸਾਨ ਸੰਘਰਸ਼ ਵਿੱਚ ਦਿੱਲੀ ਅਤੇ ਹੋਰਨਾਂ ਥਾਵਾਂ ਤੇ ਵੀ ਉਸਾਰੂ ਗਾਇਕੀ ਰਾਹੀਂ ਕਿਸਾਨਾਂ ਦਾ ਮਨੋਰੰਜਨ ਕਰ ਰਹੇ ਹਨ।

ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ’ਤੇ ਜ਼ੋਰ

ਚੰਡੀਗੜ੍ਹ : ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਦਾ ਡਟਵਾਂ ਸਮਰਥਨ ਕਰਦਿਆਂ ਕੇਂਦਰ ਵਿਚਲੀ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਅਨ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਕਿਸਾਨ ਪਿਛਲੇ 13 ਦਿਨਾਂ ਤੋਂ ਠੰਢ ਦੇ ਮੌਸਮ ਦੌਰਾਨ ਸੜਕਾਂ ’ਤੇ ਆਪਣੇ ਘਰ ਬਾਰ ਛੱਡ ਕੇ ਬੈਠੇ ਹਨ ਪਰ ਸਰਕਾਰ ਅੜੀਅਲ ਰਵੱਈਏ ਨੂੰ ਨਹੀਂ ਛੱਡ ਰਹੀ।

ਕਿਸਾਨਾਂ ਦੇ ਪਰਿਵਾਰਾਂ ਲਈ ਸਹਾਇਤਾ ਦਾ ਐਲਾਨ

ਕੁਰਾਲੀ : ਲੋਕ ਹਿੱਤ ਮਿਸ਼ਨ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਲਗਾਏ ਮੋਰਚੇ ਵਿੱਚ ਪੁੱਜੇ ਸੰਤ ਸਮਾਜ ਨੇ ਕਿਸਾਨਾਂ ਦੀ ਹਰ ਸੰਭਵ ਮਦਦ ਦਾ ਐਲਾਨ ਕੀਤਾ। ਇਸ ਦੌਰਾਨ ਮੋਰਚੇ ਵਿੱਚ ਪੁੱਜੇ ਬਾਬਾ ਲਖਵੀਰ ਸਿੰਘ ਰਤਵਾੜੇ ਵਾਲੇ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਕਸ਼ਮੀਰਾ ਸਿੰਘ ਅਲਹੌਰਾ ਵਾਲੇ ਤੇ ਬਾਬਾ ਦਵਿੰਦਰ ਸਿੰਘ ਸਹਿਜ਼ਾਦਪੁਰ ਵਾਲਿਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਸੰਤ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਪਿੱਛੇ ਰਹਿ ਰਹੇ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਸਹਾਇਤਾ ਲਈ ਜ਼ਰੂਰਤ ਪੈਂਦੀ ਹੈ ਤਾਂ ਉਹ ਜਾਣਕਾਰੀ ਮਿਲਣ ’ਤੇ ਤੁਰੰਤ ਉਨ੍ਹਾਂ ਦੀ ਮਦਦ ਕਰਨਗੇ।

ਕੰਗਨਾ ਰਣੌਤ ਖਿਲਾਫ਼ ਕੇਸ ਦਾਇਰ

ਫ਼ਤਹਿਗੜ੍ਹ ਸਾਹਿਬ :ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਬਤੌਰ ਇੱਕ ਕਿਸਾਨ ਅਤੇ ਸਿੱਖ ਹੋਣ ਦੇ ਨਾਤੇ ਅੱਜ ਕਰੀਬ 2 ਦਰਜਨ ਵਕੀਲਾਂ ਰਾਹੀ ਹਲਕਾ ਮੈਜਿਸਟ੍ਰੇਟ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿਚ ਬਾਲੀਵੁੱਡ ਐਕਟ੍ਰਿਸ ਕੰਗਣਾ ਰਣੌਤ ਖਿਲਾਫ਼ ਕੇਸ ਦਾਇਰ ਕਰਦੇ ਹੋਏ ਦੋਸ਼ ਲਾਇਆ ਕਿ ਉਸ ਨੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਵਾਲੀ ਬਜ਼ੁਰਗ ਔਰਤ ਬਾਰੇ ਗ਼ਲਤ ਸ਼ਬਦਾਵਲੀ ਵਰਤੀ ਹੈ, ਜਿਸ ਨਾਲ ਉਸ ਦੀ ਅਤੇ ਸਿੱਖ ਕੌਮਨਿਟੀ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਧਾਰਨੀ ਨੇ ਕਿਹਾ ਕਿ ਔਰਤ ਐਡਵੋਕੇਟਾਂ ਸਮੇਤ ਵੱਖ-ਵੱਖ ਵਰਗਾਂ ਦੇ ਵਕੀਲ ਸਾਹਿਬਾਨ ਨੇ ਇਸ ਮਾਮਲੇ ਨੂੰ ਲੈ ਕੇ ਆਪਣੇ ਇਸ ਕੇਸ ਵਿਚ ਵਕਾਲਤਨਾਮੇ ਦਾਇਰ ਕੀਤੇ ਹਨ। ਪ੍ਰੈੱਸ ਕਾਨਫ਼ਰੰਸ ’ਚ ਪਰਮਜੀਤ ਸਿੰਘ, ਵਰਿੰਦਰ ਸਿੰਘ ਢਿੱਲੋਂ, ਗਗਨਦੀਪ ਸਿੰਘ ਵਿਰਕ, ਪ੍ਰੀਤਇੰਦਰ ਸਿੰਘ ਕੋਹਾੜ, ਤੇਜਿੰਦਰ ਸਿੰਘ ਧੀਮਾਨ, ਇਕਮਿੰਦਰ ਸਿੰਘ, ਰਸ਼ਵਿੰਦਰ ਸਿੰਘ ਚੀਮਾ, ਸੁਰਿੰਦਰ ਮੋਹਨ, ਹਰਵਿੰਦਰ ਸਿੰਘ ਵਿਰਕ, ਸੌਰਵ ਬਾਂਸਲ, ਹੀਨਾ, ਰਜਿੰਦਰ ਕੌਰ, ਦਵਿੰਦਰ ਸਿੰਘ ਕੰਗ ਅਤੇ ਅਮਨਦੀਪ ਸਿੱਧੂ ਹਾਜ਼ਰ ਸਨ।

Leave a Reply

Your email address will not be published. Required fields are marked *