ਕਿਸਾਨ ਅੰਦੋਲਨ ਨਾਲ ਜੁੜੇ ਕੁਝ ਸਵਾਲ, ਕੁਝ ਨੁਕਤੇ

ਸ਼ਮੀਲ

ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਮੌਜੂਦਾ ਕਿਸਾਨ ਅੰਦੋਲਨ ਅਜ਼ਾਦ ਭਾਰਤ ਦੇ ਇਤਿਹਾਸ ਦੀਆਂ ਕੁਝ ਵੱਡੀਆਂ ਘਟਨਾਵਾਂ ਵਿਚੋਂ ਇਕ ਸਾਬਤ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਮੁਲਕ ਦੀ ਰਾਜਨੀਤੀ ਵਿਚ ਇਕ ਵੱਡਾ ਮੋੜ ਆਵੇਗਾ। ਅਜੇ ਕਿਉਂਕਿ ਅਸੀਂ ਅਜਿਹੀ ਸਥਿਤੀ ਦੇ ਐਨ ਵਿਚਕਾਰ ਹਾਂ, ਜਿਹੜੀ ਰੋਜ਼ ਬਦਲ ਰਹੀ ਹੈ, ਇਸ ਕਰਕੇ ਅਜੇ ਸਿੱਟੇ ਕੱਢਣ ਦਾ ਸਮਾਂ ਨਹੀਂ ਹੈ। ਇਸ ਕਰ ਕੇ ਮੈਂ ਆਪਣੀ ਗੱਲ ਕੁਝ ਖੁੱਲ੍ਹੇ ਨੁਕਤਿਆਂ ਦੇ ਰੂਪ ਵਿਚ ਪੇਸ਼ ਕਰ ਰਿਹਾ ਹਾਂ:

ਪਹਿਲਾ, ਇਹ ਇਕ ਇਤਿਹਾਸਕ ਹਕੀਕਤ ਹੈ ਕਿ ਇਸ ਖ਼ਿੱਤੇ ਦੇ ਇਤਿਹਾਸ ਵਿਚ ਪੰਜਾਬ ਨੇ ਹਮੇਸ਼ਾ ਇਕ ਮੋਹਰੀ ਅਤੇ ਵੱਡਾ ਰੋਲ ਅਦਾ ਕੀਤਾ ਹੈ। ਇਸ ਦਾ ਇਕ ਕਾਰਨ ਪੰਜਾਬ ਦਾ ਇਸ ਖਿੱਤੇ ਵਿਚ ਇਕ ਖ਼ਾਸ ਭੂਗੋਲਿਕ ਥਾਂ ’ਤੇ ਸਥਿਤ ਹੋਣਾ ਹੋ ਸਕਦਾ ਹੈ। ਇਸ ਕਰਕੇ ਹਮਲਿਆਂ ਦੀ ਮਾਰ ਸਭ ਤੋਂ ਵੱਧ ਪੰਜਾਬ ’ਤੇ ਪਈ ਅਤੇ ਸ਼ਾਇਦ ਉਸੇ ਸਥਿਤੀ ਵਿਚੋਂ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਪੰਜਾਬ ਨੂੰ ਮਿਲਿਆ। ਉਨ੍ਹਾਂ ਸਦਕਾ ਹੀ ਪੰਜਾਬ ਨੇ ਹਰ ਸੰਕਟ ਵੇਲੇ ਇਸ ਪੂਰੇ ਖਿੱਤੇ ਵਿਚ ਇਕ ਮੋਹਰੀ ਰੋਲ ਨਿਭਾਇਆ। ਚਾਹੇ ਮੁਗ਼ਲ ਕਾਲ ਦੀ ਗੱਲ ਹੋਵੇ, ਚਾਹੇ ਬ੍ਰਿਟਿਸ਼ ਰਾਜ ਹੋਵੇ ਅਤੇ ਚਾਹੇ ਮੁਲਕ ਦੀ ਅਜ਼ਾਦੀ ਤੋਂ ਬਾਅਦ ਦੀਆਂ ਘਟਨਾਵਾਂ ਹੋਣ। ਪੰਜਾਬ ਦੀਆਂ ਮੌਜੂਦਾ ਘਟਨਾਵਾਂ ਨੂੰ ਉਸੇ ਲੜੀ ਵਿਚ ਦੇਖਣਾ ਚਾਹੀਦਾ ਹੈ। ਮੁਹੰਮਦ ਇਕਬਾਲ ਇਸ ਖਿੱਤੇ ਦੇ ਬਹੁਤ ਵੱਡੇ ਸ਼ਾਇਰ ਹਨ। ਗੁਰੂ ਨਾਨਕ ਬਾਰੇ ਉਨ੍ਹਾਂ ਲਿਖਿਆ:

ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ,

ਹਿੰਦ ਕੋ ਇਕ ਮਰਦੇ ਕਾਮਿਲ ਨੇ ਜਗਾਇਆ ਖਾਬ ਸੇ।

ਦੇਸ਼ ਵਿਚ ਉਦਾਸੀਨਤਾ ਛਾ ਰਹੀ ਸੀ। ਦਿੱਲੀ ਅੰਦੋਲਨ ਵਿਚ ਹਰਿਆਣੇ ਜਾਂ ਦੂਜੇ ਪ੍ਰਦੇਸ਼ਾਂ ਦੇ ਕਿੰਨੇ ਹੀ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਇਹ ਕਹਿੰਦੇ ਸੁਣਿਆ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹੌਸਲੇ ਨੇ ਸਾਨੂੰ ਜਗਾ ਦਿੱਤਾ ਹੈ। ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ ਹੈ, ਜਿਹੜਾ ਉਨ੍ਹਾਂ ਦੀਆ ਆਰਥਿਕ ਮੰਗਾਂ ਦਾ ਅੰਦੋਲਨ ਹੈ। ਕਿਸਾਨਾਂ ਦਾ ਆਰਥਿਕ ਹੱਕਾਂ ਦਾ ਅੰਦੋਲਨ ਇਸ ਪੱਖ ਤੋਂ ਸਵੈ-ਮਾਣ, ਹੌਸਲੇ ਅਤੇ ਜਮਹੂਰੀ ਅਧਿਕਾਰਾਂ ਦਾ ਪ੍ਰਤੀਕ ਬਣ ਗਿਆ ਹੈ। ਇਸੇ ਵਜ੍ਹਾ ਕਰਕੇ ਇਸ ਦੀ ਅਪੀਲ ਕਿਸਾਨਾਂ ਦੇ ਮੁੱਦਿਆਂ ਤੋਂ ਬਹੁਤ ਅੱਗੇ ਚਲੇ ਗਈ ਹੈ। ਇਹ ਇਕ ਨਵੀਂ ਤਰ੍ਹਾਂ ਦੀ ਲੋਕਤੰਤਰੀ ਜਾਗ੍ਰਿਤੀ ਲਹਿਰ ਦਾ ਮੰਚ ਬਣ ਗਿਆ ਹੈ।

ਪੰਜਾਬ ਜੇ ਅੱਜ ਇਕ ਮੋਹਰੀ ਤੇ ਇਤਿਹਾਸਕ ਰੋਲ ਅਦਾ ਕਰ ਰਿਹਾ ਹੈ ਤਾਂ ਇਸ ’ਤੇ ਘੁਮੰਡ ਨਹੀਂ ਹੋਣਾ ਚਾਹੀਦਾ। ਇਹ ਗੁਰੂਆਂ ਦੀ ਬਖਸ਼ਿਸ਼ ਹੈ। ਕਈ ਸੱਜਣ ਬੜੇ ਹਲਕੇਪਣ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਇਕ ਪੰਜਾਬੀ ਹੰਕਾਰਵਾਦ ਨੂੰ ਪ੍ਰਮੋਟ ਕਰਨ ਲੱਗਦੇ ਹਨ। ਸਾਡੇ ’ਤੇ ਗੁਰੂਆਂ ਦੀ ਮਿਹਰ ਹੈ। ਸਾਨੂੰ ਹਲਕੇ ਅਤੇ ਹੀਣਭਾਵਨਾ ਨਾਲ ਭਰੇ ਲੋਕਾਂ ਦੀ ਤਰਾਂ ਵਰਤਾਓ ਨਹੀਂ ਕਰਨਾ ਚਾਹੀਦਾ, ਜਿਹੜੇ ਐਵੇਂ ਬੁੜ੍ਹਕਦੇ ਫਿਰਦੇ ਹਨ। ਮਜ਼ਬੂਤ ਤੇ ਆਤਮਵਿਸ਼ਵਾਸ਼ੀ ਅਤੇ ਸੰਘਰਸ਼ਸ਼ੀਲ ਲੋਕਾਂ ਦੇ ਮੂੰਹੋਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਕਿ ਆਪਣੀ ਤਾਰੀਫ਼ ਆਪ ਹੀ ਕਰਦੇ ਰਹਿਣ। ਇਸ ਕਰਕੇ ਅਜਿਹੀਆਂ ਗੱਲਾਂ ਸਾਨੂੰ ਬੰਦ ਕਰਨੀਆਂ ਚਾਹੀਦੀਆਂ ਹਨ ਕਿ ‘‘ਪੰਜਾਬੀ ਇਸ ਤਰਾਂ ਹੁੰਦੇ ਨੇ’’, ‘‘ਪੰਜਾਬੀ ਉਸ ਤਰਾਂ ਹੁੰਦੇ ਨੇ’’। ਇਹ ਗੱਲਾਂ ਦੂਸਰਿਆਂ ਨੂੰ ਕਹਿਣ ਦਿਓ। ਆਪ ਰੱਬ ਦਾ ਸ਼ੁਕਰ ਕਰੋ ਕਿ ਤੁਹਾਨੂੰ ਅਜਿਹਾ ਮਾਣ ਮਿਲਿਆ ਹੈ। ਅਜਿਹੀਆਂ ਗੱਲਾਂ ਨਹੀਂ ਕਰਨੀਆ ਚਾਹੀਦੀਆਂ, ਜਿਸ ਨਾਲ ਅਸੀਂ ਅਣਜਾਣੇ ਹੀ ਆਪਣੇ ਦੂਜੇ ਧਾਰਮਿਕ ਵਰਗਾਂ ਜਾਂ ਜਾਤਾਂ ਦੇ ਲੋਕਾਂ ਨੂੰ ਨੀਵਾਂ ਦਿਖਾਉਣ ਲੱਗ ਜਾਈਏ। ਪੰਜਾਬੀ ਅੱਜ ਇਕ ਗਲੋਬਲ ਕਮਿਊਨਿਟੀ ਹੈ ਅਤੇ ਇਕ ਗਲੋਬਲ ਭਾਈਚਾਰੇ ਦੇ ਤੌਰ ’ਤੇ ਅਸੀਂ ਸਿੱਖਿਆ ਹੈ ਕਿ ਇਕ ਮਲਟੀਕਲਚਰਲ ਸੰਸਾਰ ਵਿਚ ਰਹਿੰਦਿਆਂ ਆਪਣੇ ਤੋਂ ਵੱਖਰੇ ਲੱਗਣ ਵਾਲੇ ਸਭ ਲੋਕਾਂ ਨੂੰ ਇਕ ਚੰਗਾ ਸੰਦੇਸ਼ ਕਿਵੇਂ ਦੇਣਾ ਹੈ ਅਤੇ ਸਭ ਨੂੰ ਅਪਣੱਤ ਦਾ ਅਹਿਸਾਸ ਕਿਵੇਂ ਕਰਵਾਉਣਾ ਹੈ। ਇਸ ਪੱਖ ਤੋਂ ਵੀ ਪੰਜਾਬ ਦੇ ਲੋਕ ਪੂਰੇ ਇੰਡੀਆ ਨੂੰ ਇਕ ਨਵਾਂ ਰਾਹ ਦਿਖਾ ਸਕਦੇ ਹਨ।

ਇਸ ਅੰਦੋਲਨ ਦਾ ਦੂਜਾ ਵੱਡਾ ਪੱਖ ਹੈ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਨੂੰ ਸਿੱਧੀ ਚੁਣੌਤੀ। ਕੇਂਦਰ ਵਿਚਲੀ ਸੱਤਾਧਾਰੀ ਪਾਰਟੀ ਦਾ ਰਾਜਨੀਤਕ ਮਾਡਲ ਮੁਲਕ ਦੇ ਸਮਾਜ ਨੂੰ ਧਰਮਾਂ ਦੇ ਅਧਾਰ ’ਤੇ ਵੰਡ ਕੇ ਆਪਣੀ ਤਾਕਤ ਵਧਾਉਣ ’ਤੇ ਖੜ੍ਹਾ ਹੈ। ਇਸ ਅੰਦੋਲਨ ਨੇ ਬਹੁਤ ਕਾਮਯਾਬੀ ਨਾਲ ਇਸ ਵੰਡ ਦੀ ਰਾਜਨੀਤੀ ਨੂੰ ਚੁਣੌਤੀ ਦਿੱਤੀ ਹੈ। ਪਹਿਲੀ ਵਾਰ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਵਿਚ ਸਾਰੇ ਤਬਕੇ ਇਕਜੁੱਟ ਹੋ ਕੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ। ਪੰਜਾਬ ਅਤੇ ਹਰਿਆਣਾ ਦਾ ਰਿਸ਼ਤਾ ਪਿਛਲੇ ਦਹਾਕਿਆਂ ਦੀਆਂ ਘਟਨਾਵਾਂ ਨੇ ਅਜਿਹਾ ਬਣਾ ਦਿੱਤਾ ਸੀ, ਜਿਵੇਂ ਪੰਜਾਬ ਅਤੇ ਹਰਿਆਣਾ ਦੁਸ਼ਮਣ ਹੋਣ। ਪਰ ਇਸ ਵਾਰ ਪੰਜਾਬ ਅਤੇ ਹਰਿਆਣਾ ਦੀ ਦੋਸਤੀ ਦੇ ਜੋ ਨਜ਼ਾਰੇ ਅਸੀਂ ਦੇਖੇ ਹਨ, ਉਹ ਇਤਿਹਾਸਕ ਹਨ। ਹਰਿਆਣਾ ਵਾਲਿਆਂ ਨੂੰ ਕਹਿੰਦੇ ਸੁਣਿਆ ਗਿਆ ਕਿ ਤੁਸੀਂ ਸਾਨੂੰ ਹੌਸਲਾ ਅਤੇ ਹਿੰਮਤ ਸਿਖਾਈ ਹੈ, ਅਤੇ ਹਰਿਆਣੇ ਵਾਲਿਆਂ ਨੇ ਜੋ ਸੇਵਾ ਕੀਤੀ, ਉਸ ਨੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ। ਪੰਜਾਬ-ਹਰਿਆਣਾ ਦੇ ਪਾਣੀ ਵਿਵਾਦ ਬਾਰੇ ਗੱਲ ਕਰਦਿਆਂ ਕੁਝ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ, “ਹਰਿਆਣੇ ਵਾਲੇ ਸਾਡੇ ਭਰਾ ਜਿੰਨੇ ਚੰਗੇ ਹਨ, ਇਨ੍ਹਾਂ ਨੂੰ ਅਸੀਂ ਪਾਣੀ ਬਿਨਾਂ ਨਹੀਂ ਮਰਨ ਦਿੰਦੇ। ਆਪ ਤੰਗੀ ਕੱਟ ਲਵਾਂਗੇ ਪਰ ਇਨ੍ਹਾਂ ਨੂੰ ਪਿਆਸੇ ਮਰਨ ਨਹੀਂ ਦਿੰਦੇ”। ਕੁਝ ਮਹੀਨੇ ਪਹਿਲਾਂ ਅਜਿਹੀਆਂ ਗੱਲਾਂ ਅਸੀਂ ਸੋਚ ਵੀ ਨਹਾਂ ਸਾਂ ਸਕਦੇ।

ਮੀਡੀਆ ਦੇ ਕੁਝ ਹਿੱਸਿਆਂ ਅਤੇ ਸੱਤਾ ਵਿਚ ਬੈਠੇ ਕੁਝ ਤੱਤਾਂ ਨੇ ਕਿਸਾਨ ਅੰਦੋਲਨ ਦੇ ਖ਼ਿਲਾਫ਼ ਸਭ ਤੋਂ ਵੱਡੀ ਰਣਨੀਤੀ ਇਸ ਨੂੰ ਖਾਲਿਸਤਾਨੀਆਂ ਜਾਂ ਮਾਓਵਾਦੀਆਂ ਦਾ ਅੰਦੋਲਨ ਬਣਾਕੇ ਪੇਸ਼ ਕਰਨਾ ਸੀ ਅਤੇ ਇਸ ਦਾ ਖੂਬ ਇਸਤੇਮਾਲ ਉਨ੍ਹਾਂ ਕੀਤਾ। ਇਸ ਨਾਲ ਉਹ ਦੋ ਮਕਸਦ ਪੂਰੇ ਕਰਨਾ ਚਾਹੁੰਦੇ ਸਨ। ਇਕ ਪਾਸੇ ਪੰਜਾਬ ਤੋਂ ਬਾਹਰ ਹਰਿਆਣਾ, ਯੂਪੀ ਅਤੇ ਮੁਲਕ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਦੇ ਉਲਟ ਅਤੇ ਅੰਦੋਲਨ ਤੋਂ ਵੱਖ ਕਰਨਾ। ਦੂਜਾ ਇਨ੍ਹਾਂ ਕਿਸਾਨਾਂ ਨੂੰ ਮੁਲਕ-ਵਿਰੋਧੀ ਸਾਬਤ ਕਰਕੇ ਅਗਾਂਹ ਕਿਸੇ ਕਿਸਮ ਦੀ ਸਖ਼ਤੀ ਵਾਸਤੇ ਜ਼ਮੀਨ ਤਿਆਰ ਕਰਨਾ। ਪਿਛਲੇ ਕਈ ਅੰਦੋਲਨਾਂ ਦੌਰਾਨ ਉਨ੍ਹਾਂ ਦੀ ਇਹ ਰਣਨੀਤੀ ਕਾਮਯਾਬ ਰਹੀ ਪਰ ਇਸ ਵਾਰ ਇਸ ਦੇ ਜ਼ਿਆਦਾ ਪੈਰ ਨਹੀਂ ਲੱਗੇ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਕਿਸਾਨ ਲੀਡਰਸ਼ਿਪ ਨੇ ਕਾਫ਼ੀ ਜ਼ਿੰਮੇਵਾਰੀ ਨਾਲ ਇਸ ਸਥਿਤੀ ਨੂੰ ਸੰਭਾਲਿਆ। ਬਿਨਾਂ ਸ਼ੱਕ ਕੁਝ ਲੋਕਾਂ ਦਾ ਯਕੀਨ ਖਾਲਿਸਤਾਨ ਦੀ ਰਾਜਨੀਤੀ ਵਿਚ ਹੈ। ਉਨ੍ਹਾਂ ਨੂੰ ਵੀ ਆਪਣੀ ਸੋਚ ਰੱਖਣ ਦਾ ਹੱਕ ਹੈ। ਇਹ ਵੀ ਸੱਚਾਈ ਹੈ ਕਿ ਹਰ ਤਰ੍ਹਾਂ ਦੀ ਸੋਚ ਵਾਲੇ ਲੋਕ ਇਸ ਵਕਤ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਇਸ ਵਿਚ ਖਾਲਿਸਤਾਨੀ ਸੋਚ ਵਾਲੇ ਵੀ ਹਨ, ਆਰਐਸਐਸ ਨਾਲ ਹਮਦਰਦੀ ਰੱਖਣ ਵਾਲੇ ਲੋਕ ਵੀ ਹਨ। ਇਥੋਂ ਤੱਕ ਕਿ ਲਕਸ਼ਮੀ ਕਾਂਤਾ ਚਾਵਲਾ ਨੇ ਵੀ ਕਿਸਾਨਾਂ ਦੇ ਹੱਕ ਵਿਚ ਵੀਡੀਓ ਜਾਰੀ ਕੀਤਾ ਹੈ। ਹਰ ਤਰਾਂ ਦੀ ਵਿਚਾਰਧਾਰਾ ਨਾਲ ਜੁੜੇ ਸੰਜੀਦਾ ਲੋਕ ਇਹ ਗੱਲ ਸਮਝਦੇ ਹਨ ਕਿ ਕਿਹੜੀ ਗੱਲ ਕਿਥੇ ਕਰਨੀ ਹੈ। ਲੱਗਦਾ ਹੈ ਕਿ ਜ਼ਿਆਦਾਤਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ ਅਤੇ ਕਿਸਾਨਾਂ ਦਾ ਆਪਣੀਆਂ ਆਰਥਿਕ ਮੰਗਾਂ ਵਾਸਤੇ ਅੰਦੋਲਨ ਹੈ। ਇਸ ਵਿਚ ਜੇ ਕੋਈ ਆਪਣਾ ਹੋਰ ਰਾਜਨੀਤਕ ਏਜੰਡਾ ਲੈ ਕੇ ਆਵੇਗਾ ਤਾਂ ਉਹ ਕਿਸਾਨਾਂ ਦੇ ਅੰਦੋਲਨ ਦਾ ਨੁਕਸਾਨ ਕਰਨ ਵਾਲੀ ਗੱਲ ਹੋਵੇਗੀ। ਖਾਲਿਸਤਾਨ ਦੀਆਂ ਗੱਲਾਂ ਕਰਨਾ ਸਿੱਧਾ ਅੰਦੋਲਨ ਦੇ ਦੁਸ਼ਮਣਾਂ ਦੇ ਹੱਥਾਂ ਵਿਚ ਖੇਡਣਾ ਹੈ। ਚੰਦ ਕੁ ਸ਼ਰਾਰਤੀ ਲੋਕਾਂ ਤੋਂ ਸਿਵਾ ਸਭ ਬੜੀ ਜ਼ਿੰਮੇਵਾਰੀ ਨਾਲ ਚੱਲ ਰਹੇ ਹਨ। ਜਿਹੜੇ ਅਜੇ ਵੀ ਨਹੀਂ ਸਮਝ ਰਹੇ, ਹੋ ਸਕਦਾ ਹੈ ਕਿ ਉਹ ਕਿਸੇ ਖ਼ਾਸ ਮਕਸਦ ਨਾਲ ਅਜਿਹਾ ਕਰ ਰਹੇ ਹੋਣ।

ਪੰਜਾਬ ਦੇ ਅਤੇ ਮੁਲਕ ਦੇ ਵੱਡੇ ਹਿੱਤਾਂ ਵਿਚ ਇਹੀ ਹੋਵੇਗਾ ਕਿ ਜਿਹੜੀ ਕਿਸਾਨ ਲੀਡਰਸ਼ਿਪ ਅੰਦੋਲਨ ਨੂੰ ਇਥੇ ਤੱਕ ਲੈ ਕੇ ਆਈ ਹੈ, ਉਨ੍ਹਾਂ ਨੂੰ ਹੀ ਹਾਲਾਤ ਦੇ ਮੁਤਾਬਕ ਫ਼ੈਸਲਾ ਲੈਣ ਦਿੱਤਾ ਜਾਵੇ।

Leave a Reply

Your email address will not be published. Required fields are marked *