ਅਗਵਾ ਹੋਏ ਨੌਜਵਾਨ ਦੀ ਲਾਸ਼ ਮਿਲੀ

ਫ਼ਤਹਿਗੜ੍ਹ ਸਾਹਿਬ : ਇਲਾਕੇ ਦੇ ਪਿੰਡ ਦੁਫੇੜਾ ਵਾਸੀ 15 ਸਾਲਾਂ ਦੇ ਨੌਜਵਾਨ ਸਾਹਿਲ ਦੀ ਲਾਸ਼ ਪਿੰਡ ਘੇਲ ਤੋਂ ਸੈਂਪਲਾ ਨੂੰ ਜਾਂਦੇ ਰਾਹ ਦੇ ਨਜ਼ਦੀਕ ਪੈਂਦੇ ਖੇਤਾਂ ’ਚੋਂ ਮਿਲੀ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਦੁਫੇੜਾ ਦੇ ਵਸਨੀਕ ਬਚਨ ਲਾਲ ਨੇ ਥਾਣਾ ਬਸੀ ਪਠਾਣਾਂ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਵੱਡੇ ਪੁੱਤਰ ਮੰਗਲ ਦਾਸ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਪਤਨੀ ਸਾਹਿਲ ਨੂੰ ਸਾਡੇ ਕੋਲ ਛੱਡ ਕੇ ਕਈ ਸਾਲ ਪਹਿਲਾਂ ਆਪਣੇ ਪੇਕੇ ਚਲੀ ਗਈ ਸੀ। ਬਚਨ ਸਿੰਘ ਵੱਲੋਂ ਹੀ ਸਾਹਿਲ ਦੀ ਪਰਵਰਿਸ਼ ਕੀਤੀ ਜਾ ਰਹੀ ਸੀ। ਸ਼ਿਕਾਤਿਕਰਤਾ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਸਾਹਿਲ ਰੋਟੀ ਖਾਣ ਉਪਰੰਤ ਘਰ ਤੋਂ ਬਾਹਰ ਚਲਾ ਗਿਆ। ਇਸ ਮਗਰੋਂ ਸਾਹਿਲ ਦੇ ਫੋਨ ਤੋਂ ਕਿਸੇ ਓਪਰੇ ਬੰਦੇ ਦਾ ਫੋਨ ਆਇਆ ਜਿਸ ਉਪਰੰਤ ਉਸ ਨੇ ਆਪਣੇ ਛੋਟੇ ਪੁੱਤਰ ਜਸਪਾਲ ਸਿੰਘ ਅਤੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਸਾਹਿਲ ਦੀ ਭਾਲ ਸ਼ੁਰੂ ਕੀਤੀ ਪਰ ਉਹ ਨਹੀਂ ਲੱਭਿਆ। ਉਸ ਨੇ ਥਾਣਾ ਬਸੀ ਪਠਾਣਾਂ ਦੀ ਪੁਲੀਸ ਨੂੰ ਸਾਹਿਲ ਦੇ ਅਗਵਾ ਹੋਣ ਦਾ ਸ਼ੱਕ ਜਤਾਉਂਦਿਆਂ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਕੇਸ ਦਰਜ ਕਰ ਲਿਆ। ਸਾਹਿਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਘੇਲ ਤੋਂ ਸੈਂਪਲਾ ਨੂੰ ਜਾਂਦੇ ਰਾਹ ’ਤੇ ਪੈਂਦੇ ਖੇਤਾਂ ’ਚ ਕੰਮ ਕਰਨ ਵਾਲੇ ਕਿਸਾਨ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਖੇਤ ਵਿੱਚ ਲਾਸ਼ ਪਈ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਲਾਸ਼ ਸਾਹਿਲ ਦੀ ਹੈ। ਬਸੀ ਪਠਾਣਾਂ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ ਚ ਲੈ ਕੇ ਮਾਮਲੇ ’ਚ ਧਾਰਾ 302 ਤਹਿਤ ਵਾਧਾ ਕੀਤਾ ਹੈ। ਮਾਮਲੇ ਦੀ ਤਫਤੀਸ਼ ਸਬ-ਇੰਸਪੈਕਟਰ ਗੁਲਜ਼ਾਰੀ ਲਾਲ ਵੱਲੋਂ ਕੀਤੀ ਜਾ ਰਹੀ ਹੈ ਤੇ ਪੁਲੀਸ ਇਸ ਕਤਲ ਦਾ ਸੁਰਾਗ ਕੱਢਣ ਲਈ ਸਾਹਿਲ ਅਤੇ ਉਸ ਦੇ ਦਾਦੇ ਦੇ ਫੋਨ ਦੀਆਂ ਕਾਲ ਡਿਟੇਲਾਂ ਦੀ ਜਾਂਚ ਕਰਨ ਤੋਂ ਇਲਾਵਾ ਵੱਖ-ਵੱਖ ਥਿਊਰੀਆਂ ’ਤੇ ਕੰਮ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *