ਰਾਮਗੜ੍ਹ ਸਕੂਲ ਦੇ ਕਮੇਟੀ ਚੇਅਰਮੈਨ ਨੇ ਮਰਿਆਦਾ ਉਲੰਘੀ

ਟੱਲੇਵਾਲ : ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਰਾਮਗੜ੍ਹ ਵਿਚ ਸਰਕਾਰੀ ਹਾਈ ਸਕੂਲ ਦੀ ਕੰਧ ਕੱਢਣ ਨੂੰ ਲੈ ਕੇ ਕਮੇਟੀ ਚੇਅਰਮੈਨ ਅਤੇ ਸਕੂਲ ਇੰਚਾਰਜ ਵਿਚਾਲੇ ਹੋਇਆ ਵਿਵਾਦ ਭਖ ਗਿਆ ਹੈ। ਇਸੇ ਵਿਵਾਦ ਦੇ ਚੱਲਦਿਆਂ ਅੱਜ ਸਵੇਰ ਵੇਲੇ ਸਕੂਲ ਇੰਚਾਰਜ ਦੇ ਕਮੇਟੀ ਚੇਅਰਮੈਨ ਨੇ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ।
ਸਕੂਲ ਇੰਚਾਰਜ ਹਾਕਮ ਸਿੰਘ ਨੇ ਦੱਸਿਆ ਕਿ ਸਕੂਲ ਦੀ ਚਾਰਦੀਵਾਰੀ ਕਰਨ ਲਈ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਦੋ ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ ਪਰ ਏਡੀਸੀ (ਵਿਕਾਸ) ਅਤੇ ਡੀਈਓ ਬਰਨਾਲਾ ਵਲੋਂ ਪੱਤਰ ਭੇਜ ਕੇ ਅਗਲੇ ਸੈਸ਼ਨ ਤੱਕ ਕੰਮ ਕਰਨ ’ਤੇ ਰੋਕ ਲਾਈ ਗਈ ਹੈ। ਇਸ ਦੌਰਾਨ ਪਸਵਕ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਵਲੋਂ ਜਬਰੀ ਨਾਲ ਸਕੂਲ ਦੀ ਚਾਰਦੀਵਾਰੀ ਕਰਵਾਈ ਜਾ ਰਹੀ ਹੈ। ਚੇਅਰਮੈਨ ਵਲੋਂ 3 ਮਾਰਚ ਨੂੰ ਜਬਰੀ ਸਕੂਲ ਦੀ ਕੰਧ ਢਾਹੁਣੀ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਸਰਪੰਚ ਦੇ ਦਖ਼ਲ ਤੋਂ ਬਾਅਦ ਪੁਲੀਸ ਦੀ ਮੱਦਦ ਨਾਲ ਰੋਕਿਆ ਗਿਆ ਸੀ। ਅੱਜ ਸਕੂਲ ਵਿੱਚ ਛੇਵੀਂ, ਸੱਤਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੇ ਇਮਤਿਹਾਨ ਚੱਲ ਰਹੇ ਸਨ ਅਤੇ ਉਹ ਚੈਕਿੰਗ ਕਰ ਰਿਹਾ ਸਨ। ਇਸ ਮੌਕੇ ਕਮੇਟੀ ਚੇਅਰਮੈਨ ਰਣਜੀਤ ਸਿੰਘ ਸਕੂਲ ਵਿੱਚ ਆਏ ਅਤੇ ਉਨ੍ਹਾਂ ਨੂੰ ਦਫ਼ਤਰ ਵਿੱਚ ਬੁਲਾ ਕੇ ਕੰਧ ਦਾ ਕੰਮ ਕਰਵਾਉਣ ਲਈ ਕਿਹਾ। ਇਸ ’ਤੇ ਉਨ੍ਹਾਂ ਨੇ ਚੇਅਰਮੈਨ ਨੂੰ ਕੰਧ ਨਾ ਕੱਢਣ ਸਬੰਧੀ ਉਚ ਅਧਿਕਾਰੀਆਂ ਦੇ ਆਦੇਸ਼ਾਂ ਬਾਰੇ ਦੱਸਿਆ। ਖ਼ਫ਼ਾ ਹੋਏ ਚੇਅਰਮੈਨ ਨੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਅਤੇ ਮਤਾ ਰਜਿਸਟਰ ਦੀ ਮੰਗ ਕੀਤੀ। ਜਦੋਂ ਉਹ ਮਤਾ ਰਜਿਸਟਰ ਦੇਣ ਲਈ ਅੱਗੇ ਵਧਿਆ ਤਾਂ ਚੇਅਰਮੈਨ ਰਣਜੀਤ ਸਿੰਘ ਨੇ ਉਨ੍ਹਾਂ ਦੇ ਥੱਪੜ ਮਾਰਿਆ ਅਤੇ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਸਾਰੇ ਘਟਨਾਕ੍ਰਮ ਮੌਕੇ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ, ਜਿਨ੍ਹਾਂ ਨੇ ਉਸ ਨੂੰ ਚੇਅਰਮੈਨ ਤੋਂ ਛੁਡਵਾਇਆ। ਇਸ ਤੋਂ ਬਾਅਦ ਚੇਅਰਮੈਨ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਚਲਾ ਗਿਆ। ਹਾਕਮ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਆ ਕੇ ਚੇਅਰਮੈਨ ਨੇ ਉਨ੍ਹਾਂ ਨਾਲ ਦੁਰਵਿਹਾਰ ਕਰਦਿਆਂ ਉਨ੍ਹਾਂ ਦੀ ਡਿਊਟੀ ’ਚ ਵਿਘਨ ਪਾਇਆ ਅਤੇ ਸਕੂਲ ਦਾ ਅਨੁਸ਼ਾਸਨ ਭੰਗ ਕੀਤਾ ਹੈ।
ਸਰਪੰਚ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਸਕੂਲ ਅਧਿਆਪਕਾਂ ਨਾਲ ਅਜਿਹਾ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗ। ਇਸ ਦੀ ਲਿਖਤੀ ਸ਼ਿਕਾਇਤ ਥਾਣਾ ਟੱਲੇਵਾਲ ਦੀ ਪੁਲੀਸ ਨੂੰ ਦੇ ਕੇ ਦੋਸ਼ੀ ਚੇਅਰਮੈਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਥਾਣਾ ਟੱਲੇਵਾਲ ਦੀ ਐੱਸਐੱਚਓ ਅਮਨਦੀਪ ਕੌਰ ਨੇ ਕਿਹਾ ਕਿ ਸਕੂਲ ਇੰਚਾਰਜ ਹਾਕਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਮੇਟੀ ਚੇਅਰਮੈਨ ਰਣਜੀਤ ਸਿੰਘ ਪੁੱਤਰ ਉਜਾਗਰ ਸਿੰਘ ਵਿਰੁੱਧ ਧਾਰਾ 353, 186, 323, 506 ਆਈਪੀਸੀ ਐਕਟ ਅਧੀਨ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

Leave a Reply

Your email address will not be published. Required fields are marked *