ਚੱਲ ਵੇ ਪੁੱਤਾ! ਦਿੱਲੀ ਚੱਲੀਏ…

ਚੰਡੀਗੜ੍ਹ : ਵਿਧਵਾ ਬਲਦੇਵ ਕੌਰ ਨਾ ਪੁੱਤ ਬਚਾ ਸਕੀ ਅਤੇ ਨਾ ਹੀ ਪਤੀ। ਉਸ ਕੋਲ ਸਿਰਫ਼ ਦੋ ਤਸਵੀਰਾਂ ਬਚੀਆਂ ਹਨ, ਜਿਨ੍ਹਾਂ ਨੂੰ ਚੁੱਕ ਅੱਜ ਉਹ ਦਿੱਲੀ ਮੋਰਚੇ ’ਚ ਬੈਠੀ ਹੈ। ਇੱਕ ਹੱਥ ਵਿੱਚ ਪਤੀ ਤੇ ਦੂਜੇ ਵਿੱਚ ਪੁੱਤ ਦੀ ਤਸਵੀਰ ਹੈ। ਪੰਡਾਲ ’ਚ ਬੈਠੀ ਉੱਚੀ ਚੁੱਕ ਚੁੱਕ ਤਸਵੀਰਾਂ ਦਿਖਾ ਰਹੀ ਸੀ। ਭੰਮੇ ਕਲਾਂ ਦੀ ਇਸ ਮਹਿਲਾ ਕੋਲ ਸਿਰਫ਼ ਹੰਝੂ ਬਚੇ ਹਨ। ਦਿੱਲੀ ਮੋਰਚੇ ਦੀ ਸਟੇਜ ’ਤੇ ਇਸ ਦੁਖਿਆਰੀ ਨੇ ਇੰਝ ਆਪਣੇ ਦਰਦ ਬਿਆਨ ਕੀਤੇ, ‘ਖ਼ੁਦਕੁਸ਼ੀਆਂ ਦੇ ਰਾਹੇ ਤੁਰ ਗਏ, ਪਿਉ ਤੇ ਪੁੱਤ ਕੁੜੇ।’

ਪੰਜਾਬ ਦੀ ਕਪਾਹ ਪੱਟੀ ’ਚ ਤਿੰਨ ਦਹਾਕੇ ਤੋਂ ਵਿਰਲਾਪ ਹੋ ਰਿਹਾ ਹੈ। ਵਿਧਵਾਂ ਔਰਤਾਂ ਤਸਵੀਰਾਂ ਨੂੰ ਚੁੱਕ ਕੇ ਕਦੇ ਸਰਕਾਰੀ ਦਫ਼ਤਰਾਂ ’ਚ ਗਈਆਂ ਅਤੇ ਕਦੇ ਧਰਨਿਆਂ ਵਿੱਚ ਬੈਠੀਆਂ। ਪਹਿਲੀ ਦਫ਼ਾ ਹੈ ਕਿ ਉਨ੍ਹਾਂ ਨੂੰ ਤਸਵੀਰਾਂ ਚੁੱਕ ਕੇ ਦਿੱਲੀ ਦੀਆਂ ਬਰੂਹਾਂ ’ਤੇ ਆਉਣਾ ਪਿਆ। ਪਹਿਲਾਂ ਬਲਦੇਵ ਕੌਰ ਦਾ ਪਤੀ ਮਿੱਠੂ ਸਿੰਘ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਅਤੇ ਮਗਰੋਂ ਪੁੱਤ ਕੁਲਵਿੰਦਰ ਸਿੰਘ ਵੀ ਉਸੇ ਰਾਹੇ ਚਲਾ ਗਿਆ। ਨਰਮਾ ਪੱਟੀ ਦੇ ਬਹੁਤੇ ਘਰਾਂ ਦੀ ਇਹੋ ਕਹਾਣੀ ਹੈ। ਕਾਸ਼, ਇਹ ਤਸਵੀਰਾਂ ਬੋਲਦੀਆਂ ਹੁੰਦੀਆਂ ਤਾਂ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੀਆਂ। ਪਿੰਡ ਝੇਰਿਆਂ ਵਾਲੀ ਦੀ ਦਲੀਪ ਕੌਰ ਕੋਲ ਦੋ ਤਸਵੀਰਾਂ ਸਨ। ਇੱਕ ਪੁੱਤ ਜੱਗਾ ਸਿੰਘ ਦੀ ਤੇ ਦੂਜੀ ਨੂੰਹ ਕਰਮਜੀਤ ਕੌਰ ਦੀ। ਅੱਗੇ ਪਿੱਛੇ ਦੋਵੇਂ ਜੀਅ ਖ਼ੁਦਕੁਸ਼ੀ ਦੇ ਰਾਹ ਪੈ ਗਏ। ਦਲੀਪ ਕੌਰ ਆਖਦੀ ਹੈ ਕਿ ਉਹ ਨਾ ਪੁੱਤ ਬਚਾ ਸਕੀ ਅਤੇ ਨਾ ਹੀ ਜ਼ਮੀਨ। ਪੋਤੇ ਹੀ ਉਸ ਦੀ ਆਖ਼ਰੀ ਢਾਰਸ ਹਨ ਅਤੇ ਬਿਰਧ ਪਤੀ ਮੰਜੇ ਜੋਗਾ ਰਹਿ ਗਿਆ ਹੈ। ਨਰਮਾ ਪੱਟੀ ਦੇ ਅੱਧੀ ਦਰਜਨ ਜ਼ਿਲ੍ਹਿਆਂ ਵਿੱਚੋਂ ਇਹ ਔਰਤਾਂ ਦਿੱਲੀ ਪੁੱਜੀਆਂ ਸਨ ਤਾਂ ਜੋ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਅੰਦੋਲਨ ’ਚ ਆਪਣੀ ਆਵਾਜ਼ ਚੁੱਕ ਸਕਣ।

ਕਿਸਾਨ ਆਗੂ ਮਲਕੀਤ ਸਿੰਘ ਆਖਦਾ ਹੈ ਕਿ ਜਦੋਂ ਕਮਾਊ ਜੀਅ ਚਲੇ ਗਏ ਤਾਂ ਇਨ੍ਹਾਂ ਵਿਧਵਾ ਔਰਤਾਂ ਦੀ ਜ਼ਿੰਦਗੀ ਵੀ ਸ਼ਮਸ਼ਾਨ ਬਣ ਗਈ। ਪੰਜਾਬ ਸਰਕਾਰ ਤੋਂ ਕਈ ਔਰਤਾਂ ਨੂੰ ਹਾਲੇ ਕੋਈ ਵਿੱਤੀ ਮਦਦ ਨਹੀਂ ਮਿਲੀ। ਪਿੰਡ ਕੋਟਧਰਮੂ ਦਾ ਨਾਜ਼ਰ ਸਿੰਘ ਜਦੋਂ ਕਰਜ਼ ਨਾ ਉਤਾਰ ਸਕਿਆ, ਫਾਹਾ ਲੈ ਕੇ ਖ਼ੁਦਕੁਸ਼ੀ ਕਰ ਗਿਆ। ਉਹੀ ਕਰਜ਼ਾ ਪੁੱਤ ਸਿਰ ਹੋ ਗਿਆ। ਪੁੱਤਰ ਰਾਮ ਸਿੰਘ ਵੀ ਸਲਫਾਸ ਖਾ ਗਿਆ। ਮਾਂ ਲੀਲੋ ਕੌਰ ਹੁਣ ਕਿੱਧਰ ਜਾਏ।

ਸੈਂਕੜੇ ਪਰਿਵਾਰ ਹਨ, ਜਿਨ੍ਹਾਂ ’ਚ ਦੋ ਦੋ ਕਮਾਊ ਜੀਅ ਖੇਤੀ ਸੰਕਟ ਦੀ ਭੇਟ ਚੜ੍ਹ ਗਏ ਹਨ। ਇੱਕ ਬਿਰਧ ਔਰਤ ਨੇ ਦੱਸਿਆ ਕਿ ਜਦੋਂ ਉਹ ਦਿੱਲੀ ਲਈ ਤੁਰੀ ਤਾਂ ਉਸ ਨੇ ਪਹਿਲਾਂ ਪੁੱਤ ਦੀ ਫੋਟੋ ਨੂੰ ਆਵਾਜ਼ ਦਿੱਤੀ, ‘ਆ ਵੇ ਪੁੱਤਾ, ਦਿੱਲੀ ਚੱਲੀਏ।’ ਫਿਰ ਫੋਟੋ ਚੁੱਕ ਕੇ ਬੱਸ ਵਿੱਚ ਬੈਠ ਗਈ। ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਆਖਦੀ ਹੈ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਇਨ੍ਹਾਂ ਤਸਵੀਰਾਂ ਦਾ ਹੜ੍ਹ ਆ ਜਾਣਾ ਹੈ। ਉਸ ਦਾ ਕਹਿਣਾ ਸੀ ਕਿ ਇਹ ਤਸਵੀਰਾਂ ਨਹੀਂ, ਮੋਢਿਆਂ ’ਤੇ ਲਾਸ਼ਾਂ ਚੁੱਕੀ ਫਿਰਦੀਆਂ ਹਨ।

ਹਰ ਤਸਵੀਰ ਦੀ ਆਪਣੀ ਕਹਾਣੀ ਸੀ। ਦਿੱਲੀ ਮੋਰਚੇ ਦੇ ਪੰਡਾਲ ’ਚ ਜਿਨ੍ਹਾਂ ਔਰਤਾਂ ਦੇ ਹੱਥਾਂ ਵਿੱਚ ਦੋ ਦੋ ਤਸਵੀਰਾਂ ਸਨ, ਉਨ੍ਹਾਂ ਦੇ ਚਿਹਰੇ ਦੱਸਦੇ ਸਨ ਕਿ ਹਾਕਮਾਂ ਨੇ ਖ਼ੈਰ ਨਹੀਂ ਗੁਜ਼ਾਰੀ। ਇੱਕ ਬਿਰਧ ਔਰਤ ਨੇ ਪੁੱਤ ਦੀ ਤਸਵੀਰ ਚੁੱਕੀ ਹੋਈ ਸੀ। ਉਹ ਆਖਦੀ ਹੈ, ‘ਜਦੋਂ ਤਸਵੀਰ ਚੁੱਕਦੀ ਹਾਂ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਂਦੀ।’

ਲੰਮੇ ਪੈਂਡੇ, ਨੰਨ੍ਹੇ ਰਾਹੀ

ਦਿੱਲੀ ਮੋਰਚੇ ’ਚ ਉਹ ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਦੇ ਬਾਪ ਖ਼ੁਦਕੁਸ਼ੀ ਦੇ ਰਾਹ ਚਲੇ ਗਏ ਹਨ। ਕਈ ਬੱਚੇ ਛੋਟੇ ਸਨ, ਜੋ ਸੁਰਤ ਸੰਭਲਣ ਤੋਂ ਪਹਿਲਾਂ ਬਾਪ ਦਾ ਚਿਹਰਾ ਨਹੀਂ ਵੇਖ ਸਕੇ ਸਨ। ਇਨ੍ਹਾਂ ਬੱਚਿਆਂ ਦੇ ਹਿੱਸੇ ਸਿਰਫ਼ ਤਸਵੀਰ ਹੀ ਆਈ ਹੈ। ਅਣਭੋਲ ਬੱਚੇ ਅੱਜ ਤਸਵੀਰਾਂ ਹੱਥ ’ਚ ਚੁੱਕ ਕੇ ਪੰਡਾਲ ’ਚੋਂ ਦਿਖਾ ਰਹੇ ਸਨ। ਕਈ ਬੱਚੇ ਆਪਣੀਆਂ ਦਾਦੀਆਂ ਨਾਲ ਆਏ ਹੋਏ ਸਨ।

Leave a Reply

Your email address will not be published. Required fields are marked *