ਲੋਕਾਂ ਦੇ ਡਰ ਕਾਰਨ ਭਾਜਪਾ ਆਗੂ ਪਿਛਲੇ ਦਰਵਾਜ਼ੇ ਰਾਹੀਂ ਚੋਰਾਂ ਵਾਂਗ ਨਿਕਲੇ

ਜਲੰਧਰ : ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਇੱਥੇ ਇੱਕ ਮੈਰਿਜ ਪੈਲੇਸ ਵਿੱਚ ਰੱਖੇ ‘ਮੰਡਲ ਅਭਿਆਸ ਵਰਗ’ ਸਮਾਗਮ ਦਾ ਕਿਸਾਨਾਂ ਤੇ ਮਜ਼ਦੂਰਾਂ ਨੇ ਡਟ ਕੇ ਵਿਰੋਧ ਕੀਤਾ। ਖੇਤੀ ਕਾਨੂੰਨਾਂ ਖ਼ਿਲਾਫ਼ ਲੋਕਾਂ ਵੱਲੋਂ ਕੀਤੇ ਵਿਰੋਧ ਕਾਰਨ ਭਾਜਪਾ ਆਗੂਆਂ ਨੂੰ ਪੈਲੇਸ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢਣਾ ਪਿਆ। ਭਾਜਪਾ ਦੇ ਇਸ ਸਮਾਗਮ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਯੱਗਦੱਤ ਐਰੀ, ਜ਼ਿਲ੍ਹਾ ਦਿਹਾਤੀ ਦੇ ਸਾਬਕਾ ਪ੍ਰਧਾਨ ਦੀਪਕ ਸ਼ਰਮਾ ਅਤੇ ਐੱਸਸੀ ਮੋਰਚੇ ਦੇ ਉਪ ਪ੍ਰਧਾਨ ਨਿਰਮਲ ਸਿੰਘ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ’ਚ ਆਪਣੇ ਬਲਬੂਤੇ ਸਰਕਾਰ ਬਣਾਏਗੀ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਢਿੱਲਵਾਂ ਰੋਡ ’ਤੇ ਪੈਂਦੇ ਇੱਕ ਪੈਲੇਸ ਵਿੱਚ ਭਾਜਪਾ ਵੱਲੋਂ ਸਮਾਗਮ ਕੀਤਾ ਜਾ ਰਿਹਾ ਸੀ। ਇਸ ਦੀ ਭਿਣਕ ਜਿਉਂ ਹੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਈ ਤਾਂ ਉਹ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ’ਚ ਇਕੱਠੇ ਹੋ ਗਏ। ਪੈਲੇਸ ਦੁਆਲੇ ਕਮਿਸ਼ਨਰੇਟ ਪੁਲੀਸ ਨੇ ਪਹਿਲਾਂ ਹੀ ਵੱਡੀ ਗਿਣਤੀ ’ਚ ਪੁਲੀਸ ਜਵਾਨ ਤਾਇਨਾਤ ਕੀਤੇ ਹੋਏ ਸਨ। ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਬਣਾ ਕੇ ਪੰਜਾਬ ਦੀ ਹੋਂਦ ਲਈ ਖ਼ਤਰਾ ਖੜ੍ਹਾ ਕਰਨ ਤੇ ਭਾਜਪਾ ਲੀਡਰਸ਼ਿਪ ਵੱਲੋਂ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਫ਼ਾਇਦੇ ਸਮਝਾਉਣ ਤੋਂ ਖ਼ਫ਼ਾ ਕਿਸਾਨਾਂ ਤੇ ਮਜ਼ਦੂਰਾਂ ਨੇ ਪੈਲੇਸ ਦੇ ਬਾਹਰ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਹੋਣ ’ਤੇ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹਾਲਾਤ ਵਿਗੜਦੇ ਦੇਖ ਪੁਲੀਸ ਨੇ ਭਾਜਪਾ ਆਗੂਆਂ ਨੂੰ ਪੈਲੇਸ ਦੇ ਪਿਛਲੇ ਦਰਵਾਜ਼ੇ ਬਾਹਰ ਕੱਢਣਾ ਹੀ ਮੁਨਾਸਿਬ ਸਮਝਿਆ।

ਭਾਜਪਾ ਦਾ ਵਿਰੋਧ ਕਰਨ ਵਾਲਿਆਂ ਵਿੱਚ ਸ਼ਾਮਲ ਬਹੁਜਨ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਭਾਜਪਾ ਦੇ ਸਮਾਗਮ ਬਾਰੇ ਜਿਉਂ ਹੀ ਲੋਕਾਂ ਨੂੰ ਪਤਾ ਲੱਗਾ ਤਾਂ ਨੰਗਲ ਸ਼ਾਮਾ, ਢਿੱਲਵਾਂ, ਪੂਰਨਪੁਰ, ਤੱਲ੍ਹਣ, ਕੋਟਲੀ ਥਾਨ ਸਿੰਘ, ਪਰਸਰਾਮਪੁਰ ਆਦਿ ਪਿੰਡਾਂ ਵਿੱਚ ਚਾਰ-ਪੰਜ ਸੌ ਦੇ ਕਰੀਬ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਗਏ। ਵਿਰੋਧ ਕਾਰਨ ਭਾਜਪਾ ਆਗੂਆਂ ਨੂੰ ਸਮਾਗਮ ਵਿਚਾਲੇ ਛੱਡ ਕੇ ਪਿਛਲੇ ਦਰਵਾਜ਼ੇ ਤੋਂ ਭੱਜਣਾ ਪਿਆ। ਸੁਖਵਿੰਦਰ ਸਿੰਘ ਕੋਟਲੀ ਨੇ ਆਖਿਆ ਕਿ ਭਾਜਪਾ ਨੂੰ ਅਜਿਹੇ ਪ੍ਰੋਗਰਾਮ ਕਰਨ ਦੀ ਆਗਿਆ ਦੇ ਕੇ ਪੁਲੀਸ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ।

ਭਾਜਪਾ ਦਾ ਸਮਾਗਮ ਮੁਕੰਮਲ ਹੋ ਗਿਆ ਸੀ: ਡੀਸੀਪੀ

ਡੀਸੀਪੀ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰਨਾ ਸਭ ਦਾ ਹੱਕ ਹੈ ਬਸ਼ਰਤੇ ਵਿਰੋਧ ਕਰਨ ਵਾਲੇ ਕਿਸੇ ਤਰ੍ਹਾਂ ਦੀ ਹਿੰਸਾ ਨਾ ਕਰਨ ਜਾਂ ਰਸਤਾ ਆਦਿ ਨਾ ਰੋਕਣ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂਆਂ ਦਾ ਸਮਾਗਮ ਮੁੰਕਮਲ ਹੋ ਗਿਆ ਸੀ।

Leave a Reply

Your email address will not be published. Required fields are marked *