ਤਿੰਨ ਦਰਜਨ ਭਾਜਪਾ ਅਹੁਦੇਦਾਰਾਂ ਨੇ ਪਾਰਟੀ ਛੱਡੀ

ਫ਼ਿਰੋਜ਼ਪੁਰ : ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਅੱਜ ਇੱਥੇ ਤਿੰਨ ਦਰਜਨ ਭਾਜਪਾ ਅਹੁਦੇਦਾਰਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਫ਼ਿਰੋਜ਼ਪੁਰ ਪ੍ਰੈੱਸ ਕਲੱਬ ਵਿੱਚ ਹਾਜ਼ਰ ਹੋਏ ਇਨ੍ਹਾਂ ਭਾਜਪਾ ਆਗੂਆਂ ਨੇ ਨਵੇਂ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ ਤੇ ਆਖਿਆ ਕਿ ਉਹ ਹਰ ਪੱਖੋਂ ਕਿਸਾਨਾਂ ਦੇ ਨਾਲ ਹਨ।

ਪਾਰਟੀ ਛੱਡਣ ਵਾਲੇ ਅਹੁਦੇਦਾਰਾਂ ਵਿੱਚ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਬਲਵੰਤ ਸਿੰਘ ਰੱਖੜੀ, ਭਾਜਪਾ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਪੱਪੂ, ਜਸਪਾਲ ਸਿੰਘ ਜਿੰਮੀ ਸੰਧੂ, ਕੌਂਸਲਰ ਸੁਖਵਿੰਦਰ ਸਿੰਘ ਸੁੱਖਾ, ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਗੁਰਭੇਜ ਸਿੰਘ ਬਹਾਦਰਵਾਲਾ, ਕਿਸਾਨ ਮੋਰਚਾ ਦੇ ਸਾਬਕਾ ਸਕੱਤਰ ਸਰਪੰਚ ਹਰਜਿੰਦਰ ਸਿੰਘ ਅਤੇ ਯੁਵਾ ਮੋਰਚਾ ਦੇ ਸਾਬਕਾ ਵਾਈਸ ਪ੍ਰਧਾਨ ਤੇ ਪਿੰਡ ਟੱਲੀ ਦੇ ਸਾਬਕਾ ਸਰਪੰਚ ਬਖ਼ਸ਼ੀਸ਼ ਸਿੰਘ ਆਦਿ ਸ਼ਾਮਲ ਹਨ। ਭਾਜਪਾ ਆਗੂ ਬਲਵਿੰਦਰ ਸਿੰਘ ਨੇ ਆਖਿਆ ਕਿ ਉਹ 1997 ਤੋਂ ਇਸ ਪਾਰਟੀ ਨਾਲ ਜੁੜੇ ਹੋਏ ਹਨ ਤੇ ਹੁਣ ਤਕ ਹੋਈਆਂ ਸਾਰੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਦਿਲੋਂ ਮਦਦ ਕੀਤੀ ਹੈ ਪਰ ਹੁਣ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪਾਰਟੀ ਛੱਡ ਰਹੇ ਹਨ। ਜਿੰਮੀ ਸੰਧੂ ਨੇ ਕਿਹਾ, ‘ਮੈਂ ਪਾਰਟੀ ਵਰਕਰ ਹੋਣ ਤੋਂ ਪਹਿਲਾਂ ਕਿਸਾਨ ਦਾ ਪੁੱਤ ਹਾਂ। ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’ ਉਨ੍ਹਾਂ ਕਿਹਾ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ ਤੇ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਈ ਹੈ।

ਅੱਜ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਰਕੇ ਭਰੇ ਮਨ ਨਾਲ ਪਾਰਟੀ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਿਸਾਨ ਅੰਦੋਲਨ ਵਿੱਚ ਹੁਣ ਤਕ ਕਈ ਕਿਸਾਨ ਸ਼ਹਾਦਤ ਦੇ ਚੁੱਕੇ ਹਨ ਪਰ ਕੇਂਦਰ ਸਰਕਾਰ ਦੇ ਕੰਨ ’ਤੇ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ।

ਇਸੇ ਤਰ੍ਹਾਂ ਆਗੂ ਬਲਵੰਤ ਸਿੰਘ ਨੇ ਵੀ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਚੀਜ਼ ਦੀ ਕਿਸਾਨ ਮੰਗ ਹੀ ਨਹੀਂ ਕਰ ਰਹੇ, ਕੇਂਦਰ ਸਰਕਾਰ ਵੱਲੋਂ ਉਹ ਧੱਕੇ ਨਾਲ ਕਿਸਾਨਾਂ ’ਤੇ ਥੋਪੀ ਜਾ ਰਹੀ ਹੈ। ਇਸੇ ਤਰ੍ਹਾਂ ਬਾਕੀ ਆਗੂਆਂ ਨੇ ਵੀ ਕਿਸਾਨਾਂ ਦਾ ਸਮਰਥਨ ਕਰਦਿਆਂ ਭਾਜਪਾ ਨੂੰ ਅਲਵਿਦਾ ਆਖੀ ਤੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਛੇਤੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰੇ।

Leave a Reply

Your email address will not be published. Required fields are marked *