‘ਰਿਲਾਇੰਸ’ ਦੇ ਟਾਵਰਾਂ ਤੋਂ ਹੱਥ ਰੰਗ ਰਹੇ ਨੇ ਸਿਆਸੀ ਨੇਤਾ

ਚੰਡੀਗੜ੍ਹ : ਮੋਬਾਈਲ ਟਾਵਰਾਂ ਲਈ ‘ਰਿਲਾਇੰਸ’ ਨੂੰ ਕਿਰਾਏ ’ਤੇ ਜ਼ਮੀਨਾਂ ਦੇਣ ਵਾਲੇ ਸਿਆਸੀ ਨੇਤਾਵਾਂ ’ਤੇ ਹੁਣ ‘ਕਿਸਾਨ ਘੋਲ’ ਦੇ ਮੱਦੇਨਜ਼ਰ ਉਂਗਲ ਉੱਠ ਰਹੀ ਹੈ। ਕਈ ਆਗੂ ਕੰਪਨੀ ਤੋਂ ਇਨ੍ਹਾਂ ਟਾਵਰਾਂ ਬਦਲੇ ਹਰ ਮਹੀਨੇ ਚੰਗਾ ਕਿਰਾਇਆ ਵਸੂਲ ਰਹੇ ਹਨ। ‘ਰਿਲਾਇੰਸ’ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਨੂੰ 10 ਮੋਬਾਈਲ ਟਾਵਰਾਂ ਲਈ ਦਿੱਤੀ ਜ਼ਮੀਨ ਬਦਲੇ ਕਿਰਾਇਆ ਦਿੱਤਾ ਜਾ ਰਿਹਾ। ਵਿਜੀਲੈਂਸ ਵੱਲੋਂ ਜਦ ਕੋਲਿਆਂ ਵਾਲੀ ’ਤੇ ਪਰਚਾ ਦਰਜ ਕੀਤਾ ਗਿਆ ਸੀ, ਉਦੋਂ ਸਾਬਕਾ ਚੇਅਰਮੈਨ ਨੇ ਖ਼ੁਦ ਕਬੂਲ ਕੀਤਾ ਸੀ ਕਿ ਉਸ ਨੂੰ 11 ਮੋਬਾਈਲ ਟਾਵਰਾਂ ਵਾਲੀ ਜ਼ਮੀਨ ਤੋਂ ਮਹੀਨਾਵਾਰ ਕਿਰਾਇਆ ਆ ਰਿਹਾ। ਵਿਜੀਲੈਂਸ ਰਿਪੋਰਟ ਅਨੁਸਾਰ ਸਾਬਕਾ ਚੇਅਰਮੈਨ ਦੀ ਪਤਨੀ ਦੇ ਨਾਂ ਵਾਲੀ ਜ਼ਮੀਨ ’ਤੇ ਪਿੰਡ ਬੋਦੀਵਾਲਾ, ਕਿਲਿਆਂਵਾਲੀ, ਭਲਾਈਆਣਾ, ਭੈਣੀ ਚੂਹੜ ’ਚ ਰਿਲਾਇੰਸ ਦੇ ਟਾਵਰ ਹਨ। ਇਸੇ ਤਰ੍ਹਾਂ ਹੀ ਕੋਲਿਆਂ ਵਾਲੀ ਦੇ ਪੁੱਤਰ ਦੇ ਨਾਂ ਵਾਲੀ ਜ਼ਮੀਨ ’ਤੇ ਪਿੰਡ ਕਬਰਵਾਲਾ, ਅਰਨੀਵਾਲਾ ਮੰਡੀ, ਸ਼ਾਮ ਖੇੜਾ, ਜੱਸੀ ਬਾਗਵਾਲੀ ਅਤੇ ਕੋਲਿਆਂਵਾਲੀ ਦੀ ਧੀ ਦੇ ਨਾਂ ਵਾਲੀ ਜ਼ਮੀਨ ’ਤੇ ਪਿੰਡ ਦਾਨੇਵਾਲਾ, ਗੁਰੂਸਰ ਵਿਚ ਰਿਲਾਇੰਸ ਦੇ ਟਾਵਰ ਹਨ। ਇਨ੍ਹਾਂ ਲਈ ਕਿਰਾਏ ’ਤੇ ਜ਼ਮੀਨ ਦਿੱਤੀ ਗਈ। ਕੋਲਿਆਂਵਾਲੀ ਦੇ ਖ਼ੁਦ ਦੇ ਨਾਂ ’ਤੇ ਇੱਕ ਟਾਵਰ ਏਅਰਟੈੱਲ ਕੰਪਨੀ ਦਾ ਹੈ। ਭਾਵੇਂ ਕਾਨੂੰਨੀ ਤੌਰ ’ਤੇ ਇਸ ਵਿਚ ਕੁਝ ਗਲਤ ਨਹੀਂ ਹੈ ਪਰ ਰਿਲਾਇੰਸ ਵੱਲੋਂ ਸਿਰਫ਼ ਨੇਤਾਵਾਂ ਦੀ ਜ਼ਮੀਨ ਦੀ ਹੀ ਚੋਣ ਕਰਨਾ ਸ਼ੰਕੇ ਖੜ੍ਹੇ ਕਰਦਾ ਹੈ। ਪੰਜਾਬ ’ਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਰਿਲਾਇੰਸ ਨੂੰ ਅਕਾਲੀ ਆਗੂਆਂ ਨੇ ਮੋਬਾਈਲ ਟਾਵਰਾਂ ਲਈ ਜ਼ਮੀਨ ਦਿੱਤੀ ਸੀ। ਸੂਤਰਾਂ ਅਨੁਸਾਰ ਨੇਤਾਵਾਂ ਨੇ ਪਹਿਲਾਂ ਰਿਲਾਇੰਸ ਤੋਂ ਟਾਵਰ ਲਾਏ ਜਾਣ ਵਾਲੀ ਥਾਂ ਦੀ ਸੂਚੀ ਹਾਸਲ ਕਰ ਲਈ ਅਤੇ ਮਗਰੋਂ ਸ਼ਨਾਖਤ ਕੀਤੇ ਪਿੰਡਾਂ ਵਿਚ ਥੋੜ੍ਹੀ-ਥੋੜ੍ਹੀ ਜ਼ਮੀਨ ਖਰੀਦ ਲਈ। ਇਸ ਖ਼ਰੀਦ ਕੀਤੀ ਜ਼ਮੀਨ ’ਤੇ ਰਿਲਾਇੰਸ ਨੇ ਮੋਬਾਈਲ ਟਾਵਰ ਖੜ੍ਹੇ ਕਰ ਦਿੱਤੇ ਅਤੇ ਆਗੂਆਂ ਨੂੰ ਹਰ ਮਹੀਨੇ ਕਿਰਾਇਆ ਦੇਣਾ ਸ਼ੁਰੂ ਕਰ ਦਿੱਤਾ। ਪੇਂਡੂ ਖੇਤਰ ਵਿਚ ਪ੍ਰਤੀ ਟਾਵਰ 20 ਹਜ਼ਾਰ ਰੁਪਏ ਤੱਕ ਪ੍ਰਤੀ ਮਹੀਨਾ ਕਿਰਾਇਆ ਮਿਲ ਰਿਹਾ ਹੈ। ਜ਼ਿਲ੍ਹਾ ਮਾਨਸਾ ਦੇ ਇੱਕ ਵਿਧਾਇਕ ਤੇ ਉਸ ਦੇ ਪਰਿਵਾਰ ਵੱਲੋਂ ਕਰੀਬ 11 ਪਿੰਡਾਂ ਵਿਚ ਪਹਿਲਾਂ ਥੋੜ੍ਹੀ-ਥੋੜ੍ਹੀ ਜਗ੍ਹਾ ਖਰੀਦੀ ਗਈ ਜਿਨ੍ਹਾਂ ’ਤੇ ਮਗਰੋਂ ਰਿਲਾਇੰਸ ਕੰਪਨੀ ਨੇ ਟਾਵਰ ਖੜ੍ਹੇ ਕਰ ਦਿੱਤੇ। ਇਹ ਥਾਂ ਮਾਨਸਾ ਦੇ ਖੈਰਾ ਖੁਰਦ, ਸਰਦੂਲਗੜ੍ਹ, ਕਾਹਨ ਸਿੰਘ ਵਾਲਾ, ਕਾਹਨੇਵਾਲਾ, ਮੁਕਤਸਰ ’ਚ ਲੱਖੇਵਾਲੀ ਤੇ ਥਾਂਦੇਵਾਲਾ, ਸੰਗਰੂਰ ’ਚ ਪਿੰਡ ਬੰਗਾ, ਲੁਧਿਆਣਾ ’ਚ ਪਿੰਡ ਹਠੂਰ ਅਤੇ ਫਾਜ਼ਿਲਕਾ ਦੇ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਆਦਿ ਵਿਚ ਖ਼ਰੀਦੀ ਗਈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਨਿੱਤਰੇ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। 

ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਬਾਦਲ ਪਰਿਵਾਰ ਦੇ ਅਤਿ ਨੇੜਲੇ ਅਤੇ ਯੂਥ ਅਕਾਲੀ ਆਗੂ ਦੀ ਜ਼ਮੀਨ ’ਤੇ ਦਰਜਨਾਂ ਮੋਬਾਈਲ ਟਾਵਰ ਲੱਗੇ ਹੋਏ ਹਨ ਜਿਨ੍ਹਾਂ ਤੋਂ ਚੰਗਾ ਕਿਰਾਇਆ ਹਾਸਲ ਕੀਤਾ ਜਾ ਰਿਹਾ। ਇੱਕ ਵੱਡੇ ਘਰਾਣੇ ਦੀ ਇੱਕ ਕੰਪਨੀ ਵਿਚ ਹਿੱਸੇਦਾਰ ਦੇ ਨਾਂ ਵਾਲੀ ਸ਼ਹਿਰੀ ਜਗ੍ਹਾ ਵਿਚ ਰਿਲਾਇੰਸ ਦੇ ਟਾਵਰ ਹਨ। ਇਸੇ ਘਰਾਣੇ ਦੇ ਇੱਕ ਹੋਰ ਨੇੜਲੇ ਦੇ ਨਾਮ ਵਾਲੀ ਜਗ੍ਹਾ ’ਤੇ ਹੀ ਟਾਵਰ ਹਨ। ਜ਼ਿਲ੍ਹਾ ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਨੇਤਾਵਾਂ ਦੇ ਖਾਸ ਵਿਅਕਤੀਆਂ ਦੀ ਜ਼ਮੀਨ ’ਤੇ ਰਿਲਾਇੰਸ ਦੇ ਟਾਵਰ ਹਨ। ਸੂਤਰਾਂ ਅਨੁਸਾਰ ਰਾਮਪੁਰਾ ਦੇ ਵੀ ਇੱਕ ਸ਼ਹਿਰੀ ਆਗੂ ਦੇ ਨਾਮ ਵਾਲੀ ਜ਼ਮੀਨ ’ਤੇ ਟਾਵਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ’ਤੇ ਤਾਂ ਰਿਲਾਇੰਸ ਦੇ ਦੋ ਤੇਲ ਪੰਪ- ਪਿੰਡ ਰੁਪਾਣਾ ਅਤੇ ਡੂਮਵਾਲੀ ਵਿਚ ਹਨ।

ਨਾਤਾ ਤੋੜਨ ਸਿਆਸੀ ਆਗੂ: ਕਿਸਾਨ ਧਿਰਾਂ

ਬੀਕੇਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਅਪੀਲ ਕੀਤੀ ਕਿ ਜੇਕਰ ਸਿਆਸੀ ਆਗੂ ਕਿਸਾਨੀ ਪ੍ਰਤੀ ਸੁਹਿਰਦ ਹਨ ਤਾਂ ਉਹ ਫੌਰੀ ਅੰਬਾਨੀ-ਅਡਾਨੀ ਦੇ ਕਾਰੋਬਾਰਾਂ ਨਾਲੋਂ ਨਾਤਾ ਤੋੜਨ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਦਾ ਵੀ ਹੁਣ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਹੈ। ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਦ ਆਮ ਲੋਕ ਕਿਸਾਨੀ ਦੀ ਹਮਾਇਤ ’ਚ ਕਾਰਪੋਰੇਟਾਂ ਨਾਲੋਂ ਨਾਤਾ ਤੋੜ ਰਹੇ ਹਨ ਤਾਂ ਸਿਆਸੀ ਆਗੂਆਂ ਨੂੰ ਵੀ ਕਾਰਪੋਰੇਟਾਂ ਦੇ ਕਾਰੋਬਾਰ ਛੱਡ ਦੇਣੇ ਚਾਹੀਦੇ ਹਨ ਤਾਂ ਹੀ ਉਨ੍ਹਾਂ ਦੀ ਸੰਜੀਦਗੀ ਦਾ ਪਤਾ ਲੱਗ ਸਕੇਗਾ ਤੇ ਹਕੀਕਤ ਸਾਹਮਣੇ ਆ ਸਕੇਗੀ।  

Leave a Reply

Your email address will not be published. Required fields are marked *