ਆੜ੍ਹਤੀਆਂ ਦੀ ਹੜਤਾਲ ਕਾਰਨ ਅਨਾਜ ਮੰਡੀਆਂ ਬੰਦ ਰਹੀਆਂ

ਚੰਡੀਗੜ੍ਹ : ਕਿਸਾਨ ਅੰਦੋਲਨ ਦੀ ਹਮਾਇਤ ਅਤੇ ਆਮਦਨ ਕਰ ਵਿਭਾਗ ਵੱਲੋਂ  ਛਾਪੇ ਮਾਰਨ ਖ਼ਿਲਾਫ਼ ਅੱਜ ਪੰਜਾਬ ਦੇ ਆੜ੍ਹਤੀਆਂ ਨੇ ਸਮੁੱਚਾ ਫਸਲੀ ਕਾਰੋਬਾਰ ਬੰਦ ਰੱਖਿਆ। ਪੰਜਾਬ ਦੀਆਂ 153 ਮੰਡੀਆਂ ਵਿਚ ਕੋਈ ਲੈਣ-ਦੇਣ ਨਹੀਂ ਹੋਇਆ ਅਤੇ ਫਸਲਾਂ ਦੀ ਵੇਚ-ਵੱਟਤ ਵੀ ਬੰਦ ਰਹੀ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਅਤੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਨੇ ਛਾਪਿਆਂ ਦੇ ਵਿਰੋਧ ’ਚ 25 ਦਸੰਬਰ ਤੱਕ ਅਨਾਜ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ। 

ਵੇਰਵਿਆਂ ਅਨੁਸਾਰ ਨਰਮਾ ਪੱਟੀ ਵਿਚ ਰੋਜ਼ਾਨਾ ਜੋ ਚਾਰ ਹਜ਼ਾਰ ਗੱਠਾਂ ਦੀ ਆਮਦ ਹੋ ਰਹੀ ਸੀ, ਉਹ ਪ੍ਰਭਾਵਿਤ ਹੋਈ ਹੈ। ਕਈ ਕਪਾਹ ਮੰਡੀਆਂ ਵਿਚ ਵਿਕਰੀ ਲਈ ਫਸਲ ਆਈ ਪ੍ਰੰਤੂ ਹੜਤਾਲ ਕਰਕੇ ਬੋਲੀ ਵਗੈਰਾ ਨਹੀਂ ਲੱਗੀ। ਮੁਕਤਸਰ, ਬਠਿੰਡਾ, ਫਾਜ਼ਿਲਕਾ ਅਤੇ ਮਾਨਸਾ ਵਿਚ ਨਰਮੇ ਦੀ ਖ਼ਰੀਦ ਪ੍ਰਭਾਵਿਤ ਹੋਈ ਹੈ ਜਦੋਂ ਕਿ ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਆਦਿ ਵਿਚ ਬਾਸਮਤੀ ਦੀ ਖ਼ਰੀਦ ਬੰਦ ਰਹੀ ਹੈ। ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕਰਕੇ ਵਾਪਸ ਮੋੜ ਦਿੱਤਾ ਗਿਆ। ਅੰਮ੍ਰਿਤਸਰ, ਮਾਨਸਾ, ਬਠਿੰਡਾ, ਰੋਪੜ, ਖੰਨਾ, ਧੂਰੀ, ਬਰੇਟਾ ਆਦਿ ਵਿਚ ਆੜ੍ਹਤੀਆਂ ਦੇ ਵੱਡੇ ਰੋਸ ਮੁਜ਼ਾਹਰੇ ਹੋਏ ਹਨ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਚੀਮਾ ਨੇ ਹੜਤਾਲ ਨੂੰ ਸਫ਼ਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਜ਼ਦੂਰਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ, ਉਨ੍ਹਾਂ ਨੂੰ ਆੜ੍ਹਤੀਆਂ ਵੱਲੋਂ ਰਾਸ਼ਨ ਵਗੈਰਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਅੱਜ ਉਨ੍ਹਾਂ ਆੜ੍ਹਤੀਆਂ ਦੇ ਘਰ ਗੇੜਾ ਮਾਰਿਆ ਜਿਨ੍ਹਾਂ ਦੇ ਕਾਰੋਬਾਰਾਂ ’ਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ ਸਨ। ਉਨ੍ਹਾਂ ਆੜ੍ਹਤੀਆਂ ਨਾਲ ਮੀਟਿੰਗਾਂ ਕਰਕੇ ਹੱਲਾਸ਼ੇਰੀ ਵੀ ਦਿੱਤੀ। ਆੜ੍ਹਤੀਆਂ ਦੇ ਆਗੂ ਆਖਦੇ ਹਨ ਕਿ ਕਿਸਾਨਾਂ ਨਾਲ ਉਨ੍ਹਾਂ ਦੀ ਰੋਟੀ-ਰੋਜ਼ੀ ਦਾ ਰਿਸ਼ਤਾ ਹੈ। ਇਸ ਦੌਰਾਨ ਆੜ੍ਹਤੀਆਂ ਦੀ ਪੰਜ ਮੈਂਬਰੀ ਟੀਮ ਕਿਸਾਨ ਧਿਰਾਂ ਨਾਲ ਗੱਲਬਾਤ ਕਰਨ ਵਾਸਤੇ ਦਿੱਲੀ ਚਲੀ ਗਈ ਹੈ।  

ਰਾਜਪੁਰਾ ਦੇ ਆੜ੍ਹਤੀਏ ਮੁੜ ਤਲਬ ਕੀਤੇ

ਆਮਦਨ ਕਰ ਵਿਭਾਗ ਨੇ ਕਈ ਆੜ੍ਹਤੀਆਂ ਨੂੰ ਮੁੜ ਤਲਬ ਕਰ ਲਿਆ ਹੈ। ਰਾਜਪੁਰਾ ਦੀ ਫਰਮ ਹਰਦੀਪ ਐਂਡ ਸੰਨਜ਼ ਅਤੇ ਕਰਤਾਰ ਐਂਡ ਸੰਨਜ਼ ਦੇ ਮਾਲਕਾਂ ਨੂੰ ਆਮਦਨ ਕਰ ਵਿਭਾਗ ਦੇ ਸੰਮਨ ਮਿਲੇ ਹਨ। ਆੜ੍ਹਤੀਏ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਮਦਨ ਕਰ ਵਿਭਾਗ ਪਟਿਆਲਾ ਨੇ 24 ਦਸੰਬਰ ਨੂੰ ਪੇਸ਼ ਹੋਣ ਲਈ ਆਖਿਆ ਹੈ। ਉਸ ਦਾ ਕਾਰੋਬਾਰ ਰਾਜਪੁਰਾ ਵਿਚ ਹੈ ਪ੍ਰੰਤੂ ਆਮਦਨ ਕਰ ਅਫ਼ਸਰਾਂ ਨੇ ਛਾਪੇਮਾਰੀ ਉਸ ਦੇ ਘਰ ਅੰਬਾਲਾ ਵਿਖੇ ਕੀਤੀ ਸੀ। ਆਗੂ ਆਖਦੇ ਹਨ ਕਿ ਉਨ੍ਹਾਂ ਦੇ ਰਾਹ ਰੋਕਣ ਲਈ ਕੇਂਦਰ ਪ੍ਰੇਸ਼ਾਨ ਕਰ ਰਿਹਾ ਹੈ। 

Leave a Reply

Your email address will not be published. Required fields are marked *