ਸੜਕ ਹਾਦਸਿਆਂ ਵਿੱਚ ਪਿਓ-ਪੁੱਤਰ ਸਣੇ ਚਾਰ ਹਲਾਕ; ਇੱਕ ਜ਼ਖ਼ਮੀ

ਮੁਕੇਰੀਆਂ/ਗੁਰਦਾਸਪੁਰ : ਮੁਕੇਰੀਆਂ ਤੇ ਗੁਰਦਾਸਪੁਰ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਪਿਓ-ਪੁੱਤਰ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਮੁਕੇਰੀਆਂ ਕੌਮੀ ਮਾਰਗ ’ਤੇ ਬੱਸ ਅੱਡੇ ਸਾਹਮਣੇ ਰੇਤ ਦੇ ਭਰੇ ਟਿੱਪਰ ਦੀ ਲਪੇਟ ’ਚ ਆਉਣ ਕਾਰਨ ਪਿਓ-ਪੁੱਤਰ ਦੀ ਮੌਤ ਹੋ ਗਈ। ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ (28) ਆਪਣੇ ਪਿਤਾ ਇੰਦਰਜੀਤ ਸਿੰਘ ਵਾਸੀ ਪਿੰਡ ਹਲੇੜ ਜਨਾਰਧਨ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੁਕੇਰੀਆਂ ਦਵਾਈ ਲੈਣ ਆ ਰਿਹਾ ਸੀ ਕਿ ਜਦੋਂ ਉਹ ਮੁਕੇਰੀਆਂ ਬੱਸ ਅੱਡੇ ਸਾਹਮਣੇ ਪੁੱਜੇ ਤਾਂ ਪਠਾਨਕੋਟ ਵੱਲੋਂ ਆ ਰਹੇ ਤੇਜ਼ ਰਫ਼ਤਾਰ ਰੇਤ ਦੇ ਭਰੇ ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਉਹ ਸੜਕ ’ਤੇ ਡਿੱਗ ਗਏ। ਇਸ ਮਗਰੋਂ ਟਿੱਪਰ ਹੇਠਾਂ ਆਉਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਲਦੀਪ ਸਿੰਘ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ। ਇਸੇ ਤਰ੍ਹਾਂ ਬੀਤੀ ਰਾਤ ਗੁਰਦਾਸਪੁਰ ਦੇ ਨਬੀਪੁਰ ਬਾਈਪਾਸ ’ਤੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਮੋਟਰਸਾਈਕਲ ਸਵਾਰ ਤਿੰਨ ਦੋਸਤਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤੀਜੇ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਪਛਾਣ ਵਿਕਟਰ ਮਸੀਹ (20) ਪੁੱਤਰ ਸੁਰਿੰਦਰ ਮਸੀਹ ਵਾਸੀ ਬਥਵਾਲਾ ਅਤੇ ਅਭੀ (17) ਪੁੱਤਰ ਰੋਜ਼ੀ ਮਸੀਹ ਵਾਸੀ ਔਜਲਾ ਕਲੋਨੀ ਵਜੋਂ ਹੋਈ ਹੈ। ਜ਼ਖ਼ਮੀ ਕਾਲਾ ਸੁਚੇਤਗੜ੍ਹ ਦਾ ਵਸਨੀਕ ਹੈ।

ਦੱਸਣਯੋਗ ਹੈ ਕਿ ਵਿਕਟਰ ਮਸੀਹ ਦੇ ਭਰਾ ਦਾ ਅੱਜ ਵਿਆਹ ਸੀ ਤੇ ਖ਼ੁਦ ਵਿਕਟਰ ਦਾ ਵਿਆਹ 17 ਜਨਵਰੀ ਦਾ ਤੈਅ ਸੀ। ਬੀਤੇ ਦਿਨ ਵਿਕਟਰ ਆਪਣੇ ਭਰਾ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਅਭੀ ਨਾਲ ਆਪਣੇ ਦੋਸਤ ਕਾਲਾ ਨੂੰ ਲੈਣ ਪਿੰਡ ਬਥਵਾਲਾ ਤੋਂ ਸੁਚੇਤਗੜ੍ਹ ਲਈ ਨਿਕਲੇ ਸਨ। ਜਦੋਂ ਉਹ ਰਾਤ ਕਰੀਬ ਸਾਢੇ ਅੱਠ ਵਜੇ ਵਾਪਸ ਆ ਰਹੇ ਸਨ ਤਾਂ ਨਬੀਪੁਰ ਬਾਈਪਾਸ ਨੇੜੇ ਇੱਕ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਚਾਰ ਪਹੀਆ ਵਾਹਨ ਉਨ੍ਹਾਂ ਦੇ ਉੱਪਰੋਂ ਲੰਘ ਗਿਆ। ਵਿਕਟਰ ਅਤੇ ਅਭੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਾਲਾ ਜ਼ਖ਼ਮੀ ਹੋ ਗਿਆ। ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਸਦਰ ਦੇ ਇੰਚਾਰਜ ਜਤਿੰਦਰ ਪਾਲ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਹਾਦਸੇ ਵਿੱਚ ਤਿੰਨ ਹਲਾਕ, ਦੋ ਜ਼ਖ਼ਮੀ

ਅਜੀਤਵਾਲ (ਗੁਰਪ੍ਰੀਤ ਦੌਧਰ):ਦੋ ਮੋਟਸਾਈਕਲਾਂ ਦੀ ਬੀਤੀ ਰਾਤ ਹੋਈ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਰਾਉਕੇ ਕਲਾਂ ਆਪਣੇ ਬੇਟੇ ਅਰਪਣ ਸਿੰਘ ਅਤੇ ਉਸ ਦੇ ਦੋਸਤ ਉਂਕਾਰ ਸਿੰਘ ਨਾਲ ਮੋਗਾ ਦੇ ਪਿੰਡ ਮੱਦੋਕੇ ਵੱਲ ਜਾ ਰਿਹਾ ਸੀ ਕਿ ਮੱਦੋਕੇ ਵੱਲੋਂ ਆ ਰਹੇ ਜਗਜੀਤ ਸਿੰਘ ਅਤੇ ਚਰਨਜੀਤ ਸਿੰਘ ਵਾਸੀ ਬੁੱਟਰ ਕਲਾਂ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਗੁਰਮੀਤ ਸਿੰਘ, ਚਰਨਜੀਤ ਸਿੰਘ ਅਤੇ ਜਗਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਂਕਾਰ ਸਿੰਘ ਤੇ ਅਰਪਣ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ।

Leave a Reply

Your email address will not be published. Required fields are marked *