ਦਰਬਾਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ੇ ਦੀਆਂ ਗੈਲਰੀਆਂ ਯਾਤਰੀਆਂ ਵਾਸਤੇ ਬੰਦ

ਅੰਮ੍ਰਿਤਸਰ : ਕੋਰੋਨਾਵਾਇਰਸ ਤੋਂ ਬਚਾਅ ਵਾਸਤੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜਾ ਦੇ ਜ਼ਮੀਨਦੋਜ ਹਿੱਸੇ ਵਿਚ ਬਣਾਈਆਂ ਗੈਲਰੀਆਂ ਨੂੰ ਯਾਤਰੂਆਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਆਪਣੇ ਸਮੂਹ ਵਿਦਿਅਕ ਅਦਾਰੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜ਼ਾ ਦੇ ਜ਼ਮੀਨਦੋਜ਼ ਹਿੱਸੇ ਵਿਚ ਯਾਤਰੂਆਂ ਨੂੰ ਸਿੱਖ ਧਰਮ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਬਣਾਈਆਂ ਗਈਆਂ ਗੈਲਰੀਆਂ ਨੂੰ ਅਗਲੇ ਹੁਕਮਾਂ ਤਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੁਨੀਆ ਭਰ ਵਿਚ ਕਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦਿਆਂ ਸਾਵਧਾਨੀ ਵਜੋਂ ਇਹ ਫੈਸਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਨੇ ਵੀ ਸਾਵਧਾਨੀ ਵਜੋਂ ਆਪਣੇ ਸਮੂਹ ਵਿਦਿਅਕ ਅਦਾਰੇ 31 ਮਾਰਚ ਤਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਕਰੋਨਾਵਾਇਰਸ ਕਾਰਨ ਬਣੇ ਚਿੰਤਾਜਨਕ ਹਾਲਾਤ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ 31 ਮਾਰਚ ਤਕ ਬੰਦ ਕਰ ਦਿੱਤਾ ਹੈ। ਚਲ ਰਹੀਆਂ ਪ੍ਰੀਖਿਆਵਾਂ ਬਾਰੇ ਸਬੰਧਤ ਬੋਰਡਾਂ ਦੀਆਂ ਹਦਾਇਤਾਂ ਨੂੰ ਲਾਗੂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਵੀ ਸਾਰੇ ਵਿਦਿਅਕ ਅਦਾਰੇ 31 ਮਾਰਚ ਤਕ ਬੰਦ ਰੱਖਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਤੇ ਸਮਾਜਿਕ ਇਕੱਠ ਵੀ ਅੱਗੇ ਪਾਏ ਜਾਣ ਅਤੇ ਮੌਜੂਦਾ ਸਮੇਂ ਸਥਿਤੀ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਕੱਠ ਨਾ ਕੀਤੇ ਜਾਣ।