ਦਲ ਖਾਲਸਾ ਦਾ ਨਾਨਕਸ਼ਾਹੀ ਕੈਲੰਡਰ ਪਾਕਿਸਤਾਨ ’ਚ ਰਿਲੀਜ਼

ਅੰਮ੍ਰਿਤਸਰ : ਮੂਲ ਨਾਨਕਸ਼ਾਹੀ ਕੈਲੰਡਰ ’ਤੇ ਆਧਾਰਿਤ ਨਾਨਕਸ਼ਾਹੀ ਸੰਮਤ 552 ਦਾ ਨਵੇਂ ਵਰ੍ਹੇ (2020-21) ਦਾ ਕੈਲੰਡਰ ਅੱਜ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਜਾਰੀ ਕੀਤਾ ਗਿਆ। ਕੈਲੰਡਰ ਜਾਰੀ ਕਰਨ ਸਮੇਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਛਾਪੇ ਗਏ ਕੈਲੰਡਰ ਨੂੰ ਅੱਜ ਪੀਜੀਪੀਸੀ ਮੈਂਬਰਾਂ, ਪੰਜਾਬੀ ਸਿੱਖ ਸੰਗਤ, ਸਿੱਖ ਮੁਸਲਿਮ ਫਰੈਂਡਸ਼ਿਪ ਐਸੋਸੀਏਸ਼ਨ ਵੱਲੋਂ ਸਾਂਝੇ ਰੂਪ ਵਿਚ ਜਾਰੀ ਕੀਤਾ ਗਿਆ। ਕੈਲੰਡਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਮਰਪਿਤ ਕੀਤਾ ਗਿਆ, ਜਿਸ ਦੇ ਪਿਛੋਕੜ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤਸਵੀਰ, ਲਾਂਘੇ ਦੀ ਸ਼ੁਰੂਆਤ ਵੇਲੇ ਗੁਰਦੁਆਰੇ ਵਿਚ ਸਥਾਪਤ ਕੀਤੀ ਸ੍ਰੀ ਸਾਹਿਬ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੰਬੋਧਨ ਕਰਦਿਆਂ ਦੀ ਤਸਵੀਰ ਸ਼ਾਮਲ ਹੈ। ਦਲ ਖਾਲਸਾ ਵੱਲੋਂ ਇਹੀ ਕੈਲੰਡਰ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਤੋਂ ਜਾਰੀ ਕੀਤਾ ਗਿਆ ਸੀ। ਇਸ ਦਾ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਵਿਰੋਧ ਕੀਤਾ ਸੀ। ਦਲ ਖਾਲਸਾ ਨੇ ਮਗਰੋਂ ਇਹ ਕੈਲੰਡਰ ਸ੍ਰੀ ਅਕਾਲ ਤਖਤ ਦੇ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਹੋਰਨਾਂ ਨੂੰ ਵੀ ਭੇਟ ਕੀਤਾ ਸੀ।
ਇਸ ਮੌਕੇ ਪੀਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬੀ ਸਿੱਖ ਸੰਗਤ ਦੇ ਮੁਖੀ ਗੋਪਾਲ ਸਿੰਘ ਚਾਵਲਾ, ਸਿੱਖ ਮੁਸਲਿਮ ਫਰੈਂਡਸ਼ਿਪ ਐਸੋਸੀਏਸ਼ਨ ਦੇ ਹੰਸ ਰਾਜ ਸਿੰਘ, ਸਤਵਿੰਦਰ ਸਿੰਘ ਤੇ ਹੋਰ ਸ਼ਾਮਲ ਸਨ। ਪਹਿਲਾਂ ਮੁੱਖ ਗ੍ਰੰਥੀ ਭਾਈ ਦਯਾ ਸਿੰਘ ਵੱਲੋਂ ਨਵੇਂ ਵਰ੍ਹੇ ਦੀ ਆਮਦ ’ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਪਾਕਿਸਤਾਨੀ ਸਿੱਖ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦੇਣਗੇ ਅਤੇ ਇਸ ਮੁਤਾਬਕ ਹੀ ਦਿਨ ਤਿਉਹਾਰ ਮਨਾਉਣਗੇ। ਇਸ ਮੌਕੇ ਕਸ਼ਮੀਰ ਵਿਚ ਲੋਕਾਂ ਨਾਲ ਹੋ ਰਹੀ ਵਧੀਕੀ ਅਤੇ ਦਿੱਲੀ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿੰਦਾ ਕੀਤੀ ਗਈ। ਜਾਣਕਾਰੀ ਅਨੁਸਾਰ ਦਲ ਖਾਲਸਾ ਵੱਲੋਂ ਉਕਤ ਕੈਲੰਡਰ ਬੀਤੇ ਦਿਨੀਂ ਅੰਮ੍ਰਿਤਸਰ ਵਿਚ ਵੀ ਰਿਲੀਜ਼ ਕੀਤਾ ਗਿਆ ਸੀ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰਮਤਿ ਸਮਾਗਮ ਕਰਾਇਆ। ਬੀਤੀ ਰਾਤ ਹੋਏ ਸਮਾਗਮ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਮੁੱਚੀ ਸਿੱਖ ਸੰਗਤ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੱਤੀ। ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਮੋਹਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਹਾਜ਼ਰ ਸਨ।

ਪੀਜੀਪੀਸੀ ਦਾ ਕੈਲੰਡਰ ਵੀ ਰਿਲੀਜ਼
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਨਵੇਂ ਵਰ੍ਹੇ ਦਾ ਕੈਲੰਡਰ ਰਿਲੀਜ਼ ਕੀਤਾ ਗਿਆ ਹੈ। ਇਹ ਕੈਲੰਡਰ ਪੀਜੀਪੀਸੀ ਵੱਲੋਂ ਪ੍ਰਕਾਸ਼ਿਤ ਕੀਤਾ ਹੋਇਆ ਹੈ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਅਤੇ ਇਸ ਦੇ ਮੁੱਖ ਪੰਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਤਸਵੀਰ ਹੈ। ਬਾਕੀ ਪੰਨਿਆਂ ’ਤੇ ਹੋਰ ਗੁਰਦੁਆਰਿਆਂ ਦੀਆਂ ਤਸਵੀਰਾਂ ਸ਼ਾਮਲ ਹਨ। ਇਹ ਕੈਲੰਡਰ ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਹੋਰ ਅਹੁਦੇਦਾਰਾਂ ਵੱਲੋਂ ਜਾਰੀ ਕੀਤਾ ਗਿਆ ਹੈ। ਅੱਜ ਹੋਏ ਇਸ ਸਮਾਗਮ ਵਿਚ ਦੋ ਕੈਲੰਡਰ ਰਿਲੀਜ਼ ਕੀਤੇ ਗਏ ਹਨ।

Leave a Reply

Your email address will not be published. Required fields are marked *