ਪ੍ਰਭਾਵਿਤ ਦੇਸ਼ਾਂ ਤੋਂ ਪਰਤੇ 335 ਜਣੇ ਰੂਪੋਸ਼

ਜਲੰਧਰ : ਕਰੋਨਾਵਾਇਰਸ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 13 ਮਾਰਚ ਤੱਕ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਕਰੋਨਾਵਾਇਰਸ ਪ੍ਰਭਾਵਿਤ ਦੇਸ਼ਾਂ ਵਿਚੋਂ ਆਏ 335 ਜਣਿਆਂ ਦਾ ਥਹੁ-ਪਤਾ ਨਹੀਂ ਲੱਗ ਰਿਹਾ ਜਿਨ੍ਹਾਂ ਨੂੰ ਲੱਭਣ ਲਈ ਪੁਲੀਸ ਵਲੋਂ ਯਤਨ ਕੀਤੇ ਜਾ ਰਹੇ ਹਨ। ਪੰਜਾਬ ਵਿਚ 6692 ਪੰਜਾਬੀ ਕਰੋਨਾਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ ਵਿਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿਚੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ’ਤੇ ਬਕਾਇਦਾ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਦੱਸਿਆ ਗਿਆ ਹੈ ਕਿ 3711 ਸ਼ੱਕੀ ਮਰੀਜ਼ਾਂ ਨੂੰ 28 ਦਿਨਾਂ ਲਈ ਆਈਸੋਲੇਸ਼ਨ ਵਾਰਡ ਵਿਚ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਕਰੋਨਾਵਾਇਰਸ ਨਾਲ ਸੂਬੇ ਵਿਚ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪੰਜ ਤਾਰਾ ਹੋਟਲ ਰੈਡੀਸਨ ਦੇ ਮਾਲਕ ਗੌਤਮ ਕਪੂਰ ਨੇ ਦੱਸਿਆ ਕਿ ਬਹੁਤ ਸਾਰੇ ਦੇਸ਼ਾਂ ਤੋਂ ਹਵਾਈ ਉਡਾਣਾਂ ਬੰਦ ਹੋਣ ਨਾਲ ਹੋਟਲ ਸਨਅਤ ਨੂੰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦਾ ਕਾਰੋਬਾਰ ਕਰੋਨਾਵਾਇਰਸ ਕਾਰਨ ਪ੍ਰਭਾਵਿਤ ਹੋਇਆ ਹੈ। ਰਮਾਡਾ ਹੋਟਲ ਦੇ ਮਾਲਕ ਅਨਿਲ ਚੋਪੜਾ ਅਤੇ ਕੰਟਰੀ-ਇਨ ਦੇ ਮਾਲਕ ਕਮਲਜੀਤ ਹੇਅਰ ਨੇ ਦੱਸਿਆ ਕਿ ਲਗਪਗ 30 ਫੀਸਦੀ ਕਾਰੋਬਾਰ ਕਰੋਨਾਵਾਇਰਸ ਦੀ ਭੇਟ ਚੜ੍ਹ ਗਿਆ ਹੈ। ਲੋਕ ਨਾ ਹੀ ਹੋਟਲਾਂ ਵਿਚ ਰੁਕ ਰਹੇ ਹਨ ਤੇ ਨਾ ਹੀ ਰੈਸਟੋਰੈਂਟਾਂ ਵਿਚ ਆ ਰਹੇ ਹਨ।

ਸਰਕਾਰ ਦੀ ਦੇਖ-ਰੇਖ ਹੇਠ ਚੱਲਣ ਵਾਲੇ ਜਿੰਮਖਾਨਾ ਕਲੱਬ ਵਿਚ ਵੀ ਹੁਣ ਰੌਣਕ ਨਹੀਂ ਰਹੀ। ਇਸ ਦਾ ਕਾਰਨ ਕਰੋਨਾਵਾਇਰਸ ਦੱਸਿਆ ਜਾ ਰਿਹਾ ਹੈ। ਜਿੰਮਖਾਨਾ ਕਲੱਬ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਕਰੋਨਾਵਾਇਰਸ ਕਰ ਕੇ ਮੈਂਬਰਾਂ ਦੀ ਆਮਦ ਘੱਟ ਗਈ ਹੈ ਤੇ ਇਥੇ ਹੋਣ ਵਾਲੀ ਸਾਲਾਨਾ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।

ਉਧਰ ਸ਼ਹਿਰ ਦੇ ਵੱਡੇ-ਵੱਡੇ ਸ਼ਾਪਿੰਗ ਮਾਲਾਂ ਵਿਚ ਵੀ ਲੋਕ ਧੜਾਧੜ ਸਮਾਨ ਖਰੀਦ ਕੇ ਜਮ੍ਹਾਂ ਕਰ ਰਹੇ ਹਨ। ਲੋਕਾਂ ਨੂੰ ਡਰ ਹੈ ਕਿ ਜੇ ਇਨ੍ਹਾਂ ਸ਼ਾਪਿੰਗ ਮਾਲਜ਼ ਨੂੰ ਵੀ ਸਰਕਾਰ ਬੰਦ ਕਰਨ ਦਾ ਹੁਕਮ ਦਿੰਦੀ ਹੈ ਤਾਂ ਫਿਰ ਘਰ ਵਿਚ ਨਿੱਤ ਵਰਤੋਂ ਦਾ ਸਮਾਨ ਤਾਂ ਹੋਣਾ ਹੀ ਚਾਹੀਦਾ ਹੈ। ਸ਼ਾਪਿੰਗ ਮਾਲ ਵਿਚ ਆਉਣ ਵਾਲੇ ਲੋਕ ਮੂੰਹ ’ਤੇ ਮਾਸਕ ਪਾ ਕੇ ਆ ਰਹੇ ਹਨ।

ਉਧਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਿਸਾਨਾਂ ਨੂੰ ਕਰੋਨਾਵਾਇਰਸ ਸਬੰਧੀ ਜਾਗਰੂਕਤਾ ਕੈਂਪ ਲਾਇਆ। ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਭੀੜ ਵਾਲੀ ਜਗ੍ਹਾ ’ਤੇ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਕਰੋਨਾਵਾਇਰਸ ਸਬੰਧੀ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ। ਖੇਤੀਬਾੜੀ ਵਿਭਾਗ ਕਰੋਨਾਵਾਇਰਸ ਸਬੰਧੀ ਜਾਗਰੂਕਤਾ ਕੈਂਪ ਲਗਾਉਂਦਾ ਰਹੇਗਾ।

Leave a Reply

Your email address will not be published. Required fields are marked *