ਪਾਕਿ ਫੌਜ ਦੇ ਹੈਲੀਕਾਪਟਰ ਨੂੰ ਹਾਦਸਾ; ਚਾਰ ਜਵਾਨ ਹਲਾਕ

ਇਸਲਾਮਾਬਾਦ/ਕਰਾਚੀ : ਪਾਕਿਸਤਾਨੀ ਫੌਜ ਦਾ ਇੱਕ ਹੈਲੀਕਾਪਟਰ ਗਿਲਗਿਤ ਬਾਲਟਿਸਤਾਨ ’ਚ ਤਕਨੀਕੀ ਖਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ’ਚ ਚਾਰ ਫੌਜੀਆਂ ਦੀ ਮੌਤ ਹੋ ਗਈ। ਇਸ ਹੈਲੀਕਾਪਟਰ ਰਾਹੀਂ ਫੌਜ ਦੇ ਇੱਕ ਜਵਾਨ ਦੀ ਲਾਸ਼ ਸਕਰਦੂ ਦੇ ਹਸਪਤਾਲ ਲਿਜਾਈ ਜਾ ਰਹੀ ਸੀ।   ਫੌਜ ਦੇ ਬੁਲਾਰੇ ਨੇ ਦੱਸਿਆ ਕਿ ਇਹ ਹੈਲੀਕਾਪਟਰ ਲੰਘੀ ਸ਼ਾਮਲ ਐਸਤੋਰ ਜ਼ਿਲ੍ਹੇ ਦੇ ਮਿਨੀਮਾਰਗ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਵਾਪਰੇ ਇਸ ਹਾਦਸੇ ’ਚ ਹੈਲੀਕਾਪਟਰ ਦੇ ਪਾਇਲਟ, ਸਹਾਇਕ ਪਾਇਲਟ ਤੇ ਦੋ ਫੌਜੀਆਂ ਦੀ ਮੌਤ ਹੋ ਗਈ। ਗਿਲਗਿਟ ਬਾਲਟਿਸਤਾਨ ਦੇ ਸੂਚਨਾ ਮੰਤਰੀ ਫਾਤੂੱਲ੍ਹਾ ਖਾਨ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਗੜਬੜੀ ਵਾਲੇ ਬਲੋਚਿਸਤਾਨ ਸੂਬੇ ’ਚ ਇੱਕ ਫੁੱਟਬਾਲ ਕਲੱਬ ਨੇੜੇ ਹੋਏ ਬੰਬ ਧਮਾਕੇ ’ਚ ਘੱਟ ਤੋਂ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੈ। ਪੁਲੀਸ ਨੇ ਦੱਸਿਆ ਕਿ ਇਹ ਧਮਾਕਾ ਲੰਘੀ ਸ਼ਾਮ ਪੰਜਗੁਰ ਇਲਾਕੇ ’ਚ ਹੋਇਆ। ਮੀਡੀਆ ਰਿਪੋਰਟਾਂ ਅਨੁਸਾਰ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ’ਚ ਕੁਝ ਸਕੂਲੀ ਵਿਦਿਆਰਥੀ ਵੀ ਸ਼ਾਮਲ ਹਨ ਜੋ ਇੱਥੇ ਫੁਟਬਾਲ ਮੈਚ ਖੇਡ ਰਹੇ ਸੀ ਤੇ ਦੇਖ ਰਹੇ ਸੀ। -ਪੀਟੀਆਈ

ਅਤਿਵਾਦੀ ਹਮਲੇ ’ਚ ਸੱਤ ਪਾਕਿਸਤਾਨੀ ਜਵਾਨਾਂ ਦੀ ਮੌਤ

ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ ਸੱਤ ਪਾਕਿਸਤਾਨੀ ਜਵਾਨ ਮਾਰੇ ਗਏ।  ਪਾਕਿਸਤਾਨੀ ਫ਼ੌਜ ਅਨੁਸਾਰ ਅਤਿਵਾਦੀਆਂ ਨੇ ਬੀਤੀ ਦੇਰ ਰਾਤ ਇੱਥੋਂ ਦੇ ਹਰਨਈ ਖੇਤਰ ਵਿੱਚ ਫਰੰਟੀਅਰ ਕੋਰ (ਐੱਫਸੀ) ਦੀ ਇੱਕ ਚੌਕੀ ’ਤੇ ਗੋਲੀਬਾਰੀ ਕੀਤੀ। ਇਸ ਮਗਰੋਂ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਸੱਤ ਜਵਾਨ ਮਾਰੇ ਗਏ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਹਮਲਾਵਰਾਂ ਨੂੰ ਫੜਨ ਲਈ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਵਾਨਾਂ ਦੀ ਸ਼ਹਾਦਤ ’ਤੇ ਦੁਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਦੱਸਣਯੋਗ ਹੈ ਕਿ ਪੰਜ ਦਿਨ ਪਹਿਲਾਂ ਸੂਬੇ ਵਿੱਚ ਸੁਰੱਖਿਆ ਬਲਾਂ ਨੇ ਦਸ ਅਤਿਵਾਦੀਆਂ ਨੂੰ ਮਾਰ ਮੁਕਾਇਆ ਸੀ, ਜਿਸ ਮਗਰੋਂ ਇਹ ਹਮਲਾ ਹੋਇਆ। 

Leave a Reply

Your email address will not be published. Required fields are marked *