ਤਿੱਬਤ ਬਾਰੇ ਅਮਰੀਕੀ ਨੀਤੀ ਨੂੰ ਟਰੰਪ ਵੱਲੋਂ ਮਨਜ਼ੂਰੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਿੱਬਤ ਬਾਰੇ ਅਮਰੀਕੀ ਨੀਤੀ ਉਤੇ ਹਸਤਾਖ਼ਰ ਕਰ ਦਿੱਤੇ ਹਨ। ਜਿਸ ਬਿੱਲ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ ਉਸ ਤਹਿਤ ਤਿੱਬਤ ਵਿਚ ਅਮਰੀਕੀ ਦੂਤਾਵਾਸ ਬਣੇਗਾ। ਇਸ ਤੋਂ ਇਲਾਵਾ ਇਕ ਕੌਮਾਂਤਰੀ ਗੱਠਜੋੜ ਬਣਾਇਆ ਜਾਵੇਗਾ ਜੋ ਯਕੀਨੀ ਬਣਾਏਗਾ ਕਿ ਅਗਲਾ ਦਲਾਈ ਲਾਮਾ ਨਿਰੋਲ ਤੌਰ ’ਤੇ ਤਿੱਬਤੀ ਬੋਧੀ ਭਾਈਚਾਰੇ ਵੱਲੋਂ ਹੀ ਥਾਪਿਆ ਜਾਵੇਗਾ, ਚੀਨ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਅਮਰੀਕੀ ਸੰਸਦ ਨੇ ਪਿਛਲੇ ਹਫ਼ਤੇ ਸਰਬਸੰਮਤੀ ਨਾਲ ਤਿੱਬਤ ਬਾਰੇ ਬਿੱਲ ਨੂੰ ਪਾਸ ਕੀਤਾ ਸੀ। ਹਾਲਾਂਕਿ ਚੀਨ ਵੱਲੋਂ ਵਿਰੋਧ ਜਤਾਇਆ ਗਿਆ ਸੀ। ਨਵੀਂ ਨੀਤੀ ਤਹਿਤ ਤਿੱਬਤ ਵਿਚ ਤਿੱਬਤੀ ਭਾਈਚਾਰੇ ਦੀ ਮਦਦ ਕਰ ਰਹੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਵੀ ਮਦਦ ਦਿੱਤੀ ਜਾਵੇਗੀ। ਅਮਰੀਕਾ ਸਥਿਤ ਚੀਨੀ ਦੂਤਾਵਾਸ ਉਤੇ ਉਦੋਂ ਤੱਕ ਪਾਬੰਦੀਆਂ ਰਹਿਣਗੀਆਂ ਜਦ ਤੱਕ ਲਹਾਸਾ (ਤਿੱਬਤ) ਵਿਚ ਅਮਰੀਕੀ ਸਫ਼ਾਰਤਖਾਨਾ ਨਹੀਂ ਬਣ ਜਾਂਦਾ। ਨਵੀਂ ਨੀਤੀ ਤਹਿਤ ਅਮਰੀਕੀ ਵਿਦੇਸ਼ ਮੰਤਰੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਜਦ ਤੱਕ ਲਹਾਸਾ ਵਿਚ ਅਮਰੀਕੀ ਦੂਤਾਵਾਸ ਨਹੀਂ ਖੁੱਲ੍ਹਦਾ ਉਦੋਂ ਤੱਕ ਅਮਰੀਕਾ ਵਿਚ ਨਵਾਂ ਚੀਨੀ ਦੂਤਾਵਾਸ ਨਾ ਖੁੱਲ੍ਹਣ ਦਿੱਤਾ ਜਾਵੇ। ਟਰੰਪ ਨੇ ਕਰੋਨਾਵਾਇਰਸ ਰਾਹਤ ਪੈਕੇਜ ਉਤੇ ਵੀ ਸਹੀ ਪਾ ਦਿੱਤੀ ਹੈ। ਖ਼ਰਬਾਂ ਡਾਲਰ ਦੀ ਮਦਦ ਹੁਣ ਲੋਕਾਂ ਤੇ ਕਾਰੋਬਾਰਾਂ ਨੂੰ ਮਿਲ ਸਕੇਗੀ। ਟਰੰਪ ਵੱਲੋਂ ਪੈਕੇਜ ਮਨਜ਼ੂਰ ਕਰਨ ਨਾਲ ਸਰਕਾਰੀ ਸ਼ੱਟਡਾਊਨ ਤੋਂ ਬਚਾਅ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਡੈਮੋਕਰੈਟ ਪਾਰਟੀ ਵੱਲੋਂ ਜੋਅ ਬਾਇਡਨ ਦੇ ਸਹੁੰ ਚੁੱਕਣ ਮਗਰੋਂ ਹੋਰ ਮਦਦ ਦੇਣ ਦਾ ਦਾਅਵਾ ਕੀਤਾ ਗਿਆ ਹੈ। -ਪੀਟੀਆਈ

ਟਰੰਪ ਨੇ ਗਾਂਧੀ-ਕਿੰਗ ਸਕਾਲਰ ਤਬਾਦਲਾ ਪ੍ਰੋਗਰਾਮ ’ਤੇ ਵੀ ਸਹੀ ਪਾਈ

ਡੋਨਲਡ ਟਰੰਪ ਨੇ ਗਾਂਧੀ-ਕਿੰਗ ਸਕਾਲਰ ਤਬਾਦਲਾ ਪ੍ਰੋਗਰਾਮ ਉਤੇ ਵੀ ਸਹੀ ਪਾ ਦਿੱਤੀ ਹੈ। ਨਵੇਂ ਐਕਟ ਤਹਿਤ ਭਾਰਤ ਤੇ ਅਮਰੀਕਾ ਵਿਚਾਲੇ ਇਕ ਵਿਦਿਅਕ ਫੋਰਮ ਬਣੇਗੀ। ਭਾਰਤ ਤੇ ਅਮਰੀਕਾ ਦੇ ਵਿਦਵਾਨ ਸਾਂਝੇ ਮੰਚ ’ਤੇ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਵਿਰਾਸਤ ਤੇ ਕੰਮ ਦਾ ਅਧਿਐਨ ਕਰਨਗੇ। ਇਸ ਪ੍ਰੋਗਰਾਮ ਲਈ ਸਾਲਾਨਾ ਦਸ ਲੱਖ ਡਾਲਰ ਦਾ ਬਜਟ ਰੱਖਿਆ ਗਿਆ ਹੈ।

Leave a Reply

Your email address will not be published. Required fields are marked *