ਬੇਅੰਤ ਦੇ ਪੋਤੇ ਦੇ ‘ਲਾਸ਼ਾਂ ਵਿਛਾ ਦੇਣ’ ਵਾਲੇ ਬਿਆਨ ਦਾ ਮੁੱਦਾ ਗਰਮਾਇਆ

ਸਿੱਖ ਆਗੂਆਂ ਨੂੰ ਭਾਜਪਾ ਦੀ ਰੈਲੀ ’ਚ ਜਾਣ ਤੋਂ ਰੋਕਦੀ ਹੋਈ ਪੁਲੀਸ

ਲੁਧਿਆਣਾ : ਦੇਸ਼ ਵਿੱਚ ਭਾਵੇਂ ਠੰਢ ਵਧਦੀ ਜਾ ਰਹੀ ਹੈ ਪਰ ਸਿਆਸਤ ਦਿਨੋਂ ਦਿਨ ਗਰਮਾ ਰਹੀ ਹੈ। ਅੱਜ ਭਾਜਪਾ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਇਥੋਂ ਦੇ ਸ਼ਿੰਗਾਰ ਸਿਨੇਮਾ ਰੋਡ ਕੋਲ ਧਰਨਾ ਲਾਇਆ ਗਿਆ। ਇਸ ਦੌਰਾਨ ਜਦੋਂ ਸਿੱਖ ਜਥੇਬੰਦੀ ਅਤੇ ਯੂਥ ਕਾਂਗਰਸੀ ਆਗੂ ਰੈਲੀ ਵਾਲੇ ਸਥਾਨ ਵੱਲ ਕਾਲੇ ਝੰਡੇ ਲੈ ਕੇ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰਸਤੇ ’ਚ ਹੀ ਰੋਕ ਕੇ ਹਿਰਾਸਤ ’ਚ ਲੈ ਲਿਆ। ਧਰਨੇ ਦੀ ਅਗਵਾਈ ਕਰ ਰਹੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਫ਼ ਕਿਹਾ ਕਿ ਜਦੋਂ ਤਕ ਲੋਕ ਸਭਾ ਮੈਂਬਰ ਬਿੱਟੂ ਖ਼ਿਲਾਫ਼ ਕੇਸ ਦਰਜ ਨਹੀਂ ਹੁੰਦਾ, ਉਦੋਂ ਤਕ ਉਹ ਸਿਲਸਿਲੇਵਾਰ ਆਪਣੇ ਧਰਨੇ ਜਾਰੀ ਰੱਖਣਗੇ। 

ਭਾਜਪਾ ਪ੍ਰਧਾਨ ਨੇ ਕਿਹਾ ਕਿ ਕਿਸਾਨ ਕਿਸੇ ਦੇ ਖ਼ਿਲਾਫ਼ ਕੁਝ ਨਹੀਂ ਕਰਦੇ ਪਰ ਕੁਝ ਸ਼ਰਾਰਤੀ ਲੋਕ ਉਨ੍ਹਾਂ ਦਾ ਫਾਇਦਾ ਚੁੱਕ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੇ ਨਤੀਜੇ ਵਜੋਂ ਬੀਤੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ’ਚ ਰੱਖੇ ਗਏ ਸਮਾਗਮ ’ਤੇ ਹਮਲਾ ਹੋਇਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੁੱਲ 31 ਥਾਵਾਂ ’ਤੇ ਹਮਲੇ ਹੋਏ ਹਨ। ਇਸ ਤੋਂ ਸਾਫ਼ ਹੈ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ’ਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਭੜਕਾਊ ਬਿਆਨ ਦੇ ਕੇ ਮਾਹੌਲ ਖ਼ਰਾਬ ਕਰ ਰਹੇ ਹਨ। ਬੀਤੇ ਦਿਨੀਂ ਭਾਜਪਾ ਆਗੂ ਤੀਕਸ਼ਨ ਸੂਦ ਦੇ ਘਰ ’ਤੇ ਹੋਏ ਹਮਲੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਹਮਲਾ ਕਿਸਾਨਾਂ ਨੇ ਨਹੀਂ, ਕੁਝ ਸ਼ਰਾਰਤੀ ਅਨਸਰਾਂ ਨੇ ਕੀਤਾ ਹੈ। ਇਸ ਹਮਲੇ ’ਚ ਇੱਕ ਡੀਐੱਸਪੀ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ, ਜਿਸ ਨੂੰ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਪ੍ਰੋ. ਰਾਜਿੰਦਰ ਭੰਡਾਰੀ ਅਤੇ ਅਨਿਲ ਸਰੀਨ ਨੇ ਵੀ ਸੰਬੋਧਨ ਕੀਤਾ।

ਇਸ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਦਿੱਲੀ ਵਿੱਚ ਧਰਨਾ ਦੇ ਰਹੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਲੱਗਿਆ ਕਿ ਭਾਜਪਾਈ ਉਨ੍ਹਾਂ ਦੇ ਘਰ ਅੱਗੇ ਵੀ ਧਰਨਾ ਦੇਣ ਆਉਣਗੇ ਪਰ ਉਥੇ ਕੋਈ ਧਰਨਾ ਦੇਣ ਨਹੀਂ ਪਹੁੰਚਿਆ। ਇਸ ਸਬੰਧੀ ਉਨ੍ਹਾਂ ਦੇ ਸਹਿਯੋਗੀਆਂ ਨੇ ਲੁਧਿਆਣਾ ’ਚ ਬਿੱਟੂ ਦੀ ਕੋਠੀ ਅੱਗੇ ਗੱਦੇ ਅਤੇ ਹੀਟਰ ਵੀ ਲਾ ਦਿੱਤੇ ਸਨ ਤਾਂ ਕਿ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਆਰਾਮ ਨਾਲ ਉੱਥੇ ਧਰਨਾ ਦੇ ਸਕਣ। ਬਿੱਟੂ ਨੇ ਇਨ੍ਹਾਂ ਤਿਆਰੀਆਂ ਦੀ ਫੋਟੋ ਫੇਸਬੁੱਕ ’ਤੇ ਸਾਂਝੀ ਕੀਤੀ। 

ਰੈਲੀ ਦਾ ਵਿਰੋਧ ਕਰਨ ਪੁੱਜੇ ਸਿੱਖ ਆਗੂ ਪੁਲੀਸ ਨੇ ਹਿਰਾਸਤ ’ਚ ਲਏ

ਭਾਜਪਾ ਦੀ ਰੈਲੀ ਦੀ ਸੂਚਨਾ ਮਿਲਦੇ ਹੀ ਕੁੱਝ ਸਿੱਖ ਆਗੂ ਸਾਥੀਆਂ ਦੇ ਨਾਲ ਸਮਰਾਲਾ ਚੌਕ ਪੁੱਜ ਗਏ। ਇੱਥੇ ਪੁਲੀਸ ਵੱਲੋਂ ਪਹਿਲਾਂ ਹੀ ਬੈਰੀਕੇਡਿੰਗ ਕੀਤੀ ਹੋਈ ਸੀ। ਉਹ ਕਾਫ਼ੀ ਸਮੇਂ ਤਕ ਉਥੇ ਖੜ੍ਹੇ ਰਹੇ ਤੇ ਕਿਸਾਨਾਂ ਦੇ ਹੱਕ ਅਤੇ ਕੇਂਦਰ ਸਰਕਾਰ ਦੇ ਵਿਰੋਧ ’ਚ ਪ੍ਰਦਰਸ਼ਨ ਕਰਦੇ ਰਹੇ। ਮਾਮਲਾ ਜ਼ਿਆਦਾ ਵਧਦਾ ਦੇਖ ਪੁਲੀਸ ਨੇ ਕੁਝ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮਾਹੌਲ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਦਰਸ਼ਨ ਦੌਰਾਨ ਹਰਪ੍ਰੀਤ ਸਿੰਘ ਮਖੂ, ਹਰਜੀਤ ਸਿੰਘ ਕਿੰਗ ਤੇ ਪ੍ਰਦੀਪ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਕਿਸਾਨ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦਾ ਪੂਰੇ ਪੰਜਾਬ ’ਚ ਵਿਰੋਧ ਹੋ ਰਿਹਾ ਹੈ, ਇਸ ਲਈ ਪੁਲੀਸ ਦੀ ਸੁਰੱਖਿਆ ਹੇਠ ਉਨ੍ਹਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। 

ਆਗੂਆਂ ਨੂੰ ਹਿਰਾਸਤ ’ਚ ਲੈਣ ’ਤੇ ਥਾਣੇ ਦਾ ਘਿਰਾਓ 

ਮਾਛੀਵਾੜਾ : ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰ ਰਹੇ ਕਥਾਵਾਚਕ ਹਰਪ੍ਰੀਤ ਸਿੰਘ ਮਖੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੱਜ ਪੁਲੀਸ ਵੱਲੋਂ ਹਿਰਾਸਤ ’ਚ ਲੈ ਕੇ ਜਦੋਂ ਥਾਣਾ ਕੂੰਮਕਲਾਂ ਲਿਆਂਦਾ ਗਿਆ ਤਾਂ ਕਿਸਾਨ ਹਮਾਇਤੀ ਵੱਖ-ਵੱਖ ਜਥੇਬੰਦੀਆਂ ਨੇ ਥਾਣੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਟਰੇਡ ਯੂਨੀਅਨ ਆਗੂ ਅਮਰਨਾਥ ਕੂੰਮਕਲਾਂ, ਲਾਭ ਸਿੰਘ ਭਾਮੀਆ, ਮਾਘੀ ਰਾਮ ਕੂੰਮਕਲਾਂ ਨੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮਗਰੋਂ ਐੱਸਐੱਚਓ ਪਵਨ ਕੁਮਾਰ ਨੇ ਬਾਹਰ ਧਰਨਾ ਦੇ ਰਹੇ ਕੁਝ ਆਗੂਆਂ ਨੂੰ ਗੱਲਬਾਤ ਲਈ ਅੰਦਰ ਬੁਲਾਇਆ ਤੇ ਹਰਪ੍ਰੀਤ ਸਿੰਘ ਮਖੂ ਨੂੰ ਸਾਥੀਆਂ ਸਣੇ ਰਿਹਾਅ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅੱਜ ਸਮਰਾਲਾ ਚੌਕ ਵਿੱਚ ਭਾਜਪਾ ਆਗੂਆਂ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਦੌਰਾਨ ਹਰਪ੍ਰੀਤ ਸਿੰਘ ਮਖੂ ਸਮੇਤ 10 ਜਣਿਆਂ ਨੂੰ ਕੂੰਮਕਲਾਂ ਥਾਣੇ ਲਿਆਂਦਾ ਗਿਆ ਸੀ।  

ਅਸ਼ਵਨੀ ਸ਼ਰਮਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ

ਮਾਨਸਰ: ਮਾਨਸਰ ਟੌਲ ਪਲਾਜ਼ਾ ’ਤੇ ਅੱਜ ਸਵੇਰੇ 10 ਵਜੇ ਦੇ ਕਰੀਬ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਜਾ ਰਹੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫਲੇ ਨੂੰ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਰਹੇਗਾ। ਟਾਂਡਾ (ਪੱਤਰ ਪ੍ਰੇਰਕ): ਇਸੇ ਤਰ੍ਹਾਂ ਚੌਲਾਂਗ ਟੌਲ ਪਲਾਜ਼ਾ ’ਤੇ ਵੀ ਕਿਸਾਨਾਂ ਵੱਲੋਂ ਅਸ਼ਵਨੀ ਸ਼ਰਮਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਅੱਜ ਸਵੇਰੇ 11 ਵਜੇ ਦੇ ਕਰੀਬ ਜਦੋਂ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੂੰ ਅਸ਼ਵਨੀ ਸ਼ਰਮਾ ਦੇ ਇਥੋਂ ਲੰਘਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਸੜਕ ਕਿਨਾਰੇ ਇਕੱਠੇ ਹੋ ਕੇ ਕਾਫਲੇ ਨੂੰ ਕਿਸਾਨੀ ਅੰਦੋਲਨ ਦੀਆਂ ਝੰਡੀਆਂ ਦਿਖਾਈਆਂ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।  

Leave a Reply

Your email address will not be published. Required fields are marked *