ਸੌ ਦਿਨ ਪੂਰੇ ਹੋਣ ’ਤੇ ਵੀ ਕਿਸਾਨਾਂ ਦਾ ਜੋਸ਼ ਬਰਕਰਾਰ

ਜੰਡਿਆਲਾ ਗੁਰੂ : ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਅੱਗੇ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 101ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।
ਗੁਰਬਚਨ ਸਿੰਘ ਚੱਬਾ, ਗੁਰਲਾਲ ਸਿੰਘ ਪੰਡੋਰੀ ਅਤੇ ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਸੰਘਰਸ਼ ਕਮੇਟੀ ਵੱਲੋਂ ਦਿੱਲੀ ਦੀ ਕੁੰਡਲੀ ਹੱਦ ’ਤੇ ਚੌਥਾ ਜਥਾ ਭੇਜਣ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ-ਜਲੰਧਰ ਮਾਰਗ ’ਤੇ ਸਥਿਤ ਨਿਜਰਪੁਰਾ ਟੌਲ ਪਲਾਜ਼ੇ ਉੱਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ।
ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਧਰਨੇ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨਾਂ ਲਈ ਹੀ ਨਹੀਂ, ਬਲਕਿ ਆਮ ਲੋਕਾਂ ਦੇ ਵੀ ਵਿਰੁੱਧ ਹਨ। ਇਸ ਨਾਲ ਕਾਲਾਬਾਜ਼ਾਰੀ ਵਧੇਗੀ ਤੇ ਪੂੰਜੀਪਤੀ ਘਰਾਣੇ ਮਾਲਾ-ਮਾਲ ਹੋਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਮਜ਼ਬੂਤੀ ਦੇਣ ਲਈ 12 ਜਨਵਰੀ ਨੂੰ ਜਥੇਬੰਦੀ ਵੱਲੋਂ ਅੰਮ੍ਰਿਤਸਰ ਤੋਂ ਚੌਥਾ ਜਥਾ ਦਿੱਲੀ ਵੱਲ ਰਵਾਨਾ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਇਹ ਅੰਦੋਲਨ ਜਾਰੀ ਰਹੇਗਾ ਅਤੇ ਕਿਸਾਨ ਕਿਸੇ ਵੀ ਸੂਰਤ ਵਿੱਚ ਪਿੱਛੇ ਨਹੀਂ ਹਟਣਗੇ। ਅੱਜ ਜ਼ੋਨ ਪ੍ਰਧਾਨ ਹਰਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਕਾਫ਼ਲਾ ਜੰਡਿਆਲਾ ਗੁਰੂ ਧਰਨੇ ਵਿੱਚ ਸ਼ਾਮਲ ਹੋਇਆ। ਇਸੇ ਤਰ੍ਹਾਂ ਨਿਜਰਪੁਰਾ ਟੌਲ ਪਲਾਜ਼ੇ ’ਤੇ ਛੇਵੇਂ ਦਿਨ ਜਾਰੀ ਭੁੱਖ ਹੜਤਾਲ ਮੌਕੇ ਬੋਲਦਿਆਂ ਅੰਗਰੇਜ਼ ਸਿੰਘ, ਮੰਗਲ ਸਿੰਘ ਰਾਮਪੁਰਾ, ਕਾਰਜ ਸਿੰਘ ਰਾਮਪੁਰਾ ਅਤੇ ਜਥੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਕੜਾਕੇ ਦੀ ਠੰਢ ਦੌਰਾਨ ਵੀ ਮੋਦੀ ਹਕੂਮਤ ਖ਼ਿਲਾਫ਼ ਇਹ ਭੁੱਖ ਹੜਤਾਲ ਕਾਲੇ ਕਾਨੂੰਨ ਰੱਦ ਹੋਣ ਤਕ ਜਾਰੀ ਰਹੇਗੀ। ਇਸੇ ਦੌਰਾਨ ਦਿੱਲੀ ਦੇ ਕੁੰਡਲੀ ਬਾਰਡਰ ’ਤੇ ਸੰਘਰਸ਼ ਕਮੇਟੀ ਵੱਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ ਅਤੇ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਧਰਨਾ ਜਾਰੀ ਹੈ।
ਕਾਉਣੀ ਤੋਂ ਸਾਈਕਲਾਂ ਰਾਹੀਂ ਜਥਾ ਦਿੱਲੀ ਰਵਾਨਾ
ਦੋਦਾ :ਧੁੰਦ ਅਤੇ ਠੰਢ ਦੀ ਪਰਵਾਹ ਨਾ ਕਰਦਿਆਂ ਬਹੁਗਿਣਤੀ ਕਿਸਾਨ ਦਿੱਲੀ ਅੰਦੋਲਨ ਦੀ ਹਮਾਇਤ ’ਚ ਪਿੰਡਾਂ ਤੋਂ ਰਵਾਨਾ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਨੇੜਲੇ ਪਿੰਡ ਦੋਦਾ ਤੋਂ ਮਿਲੀ। ਇੱਥੋਂ ਹੱਡ ਚੀਰਵੀਂ ਠੰਢ ਦੀ ਪਰਵਾਹ ਨਾ ਕਰਦਿਆਂ ਸਾਈਕਲਾਂ ’ਤੇ ਇੱਕ ਜਥਾ ਦਿੱਲੀ ਵੱਲ ਰਵਾਨਾ ਹੋਇਆ। ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਗੁਰਦੁਆਰਾ ਸਾਹਿਬ ਤੋਂ ਸਫ਼ਲਤਾ ਦੀ ਅਰਦਾਸ ਕਰਕੇ ਜਥਾ ਰਵਾਨਾ ਕੀਤਾ ਗਿਆ। ਇਸ ਜਥੇ ਵਿੱਚ ਸੱਠ ਸਾਲਾਂ ਤੋਂ ਵੱਧ ਉਮਰ ਦੇ ਦੋ ਬਜ਼ੁਰਗ ਅਮਰਜੀਤ ਸਿਘ ਅਤੇ ਜਗਤਾਰ ਸਿੰਘ ਅਤੇ ਚਾਰ ਨੌਜਵਾਨਾਂ ਨੇ ਦਿੱਲੀ ਵੱਲ ਕੂਚ ਕੀਤਾ। ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਹੀ ਦਿੱਲੀ ਤੋਂ ਵਾਪਸ ਆਉਣਗੇ।
ਰੱਖੜਾ ਪਰਿਵਾਰ ਵੱਲੋਂ ਸਿੰਘੂ ਹੱਦ ਲਈ ਮੁਫ਼ਤ ਬੱਸ ਸੇਵਾ ਸ਼ੁਰੂ
ਪਟਿਆਲਾ : ਕਿਸਾਨ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਵੱਲੋਂ ਜ਼ਿਲ੍ਹਾ ਪਟਿਆਲਾ ’ਚੋਂ ਮੁਫ਼ਤ ਬੱਸਾਂ ਰਾਹੀਂ ਸੰਗਤ ਨੂੰ ਦਿੱਲੀ ਧਰਨੇ ’ਚ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ। ਸ੍ਰੀ ਰੱਖੜਾ ਨੇ ਅੱਜ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਸਿੰਘ ਸਭਾ ਭਾਦਸੋਂ ਅਤੇ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਅੱਜ ਸੰਗਤ ਨੂੰ ਬੱਸਾਂ ਵਿਚ ਦਿੱਲੀ ਭੇਜਿਆ ਗਿਆ। ਉਨ੍ਹਾਂ ਵਲੋਂ ਮੋਰਚੇ ’ਤੇ ਬੈਠੇ ਕਿਸਾਨਾਂ ਅਤੇ ਸੰਗਤ ਦੇ ਰਿਹਾਇਸ਼ੀ ਪ੍ਰਬੰਧ ਲਈ 2 ਹਜ਼ਾਰ ਵਿਅਕਤੀਆਂ ਲਈ ਵਾਟਰ ਪਰੂਫ ਟੈਂਟ ਸਿਟੀ ਦੀ ਸਹੂਲਤ ਦਿੱਤੀ ਜਾ ਰਹੀ ਹੈ।