ਤਿੰਨ ਹੋਰ ਕਿਸਾਨਾਂ ਦੀ ਧਰਨੇ ਦੌਰਾਨ ਮੌਤ

ਮਸਤੂਆਣਾ ਸਾਹਿਬ/ਲਹਿਰਾਗਾਗਾ : ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਦੌਰਾਨ ਤਿੰਨ ਹੋਰ ਕਿਸਾਨਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚੋਂ ਦੋ ਪੰਜਾਬ ਦੇ ਸਨ। ਕੁੰਡਲੀ ਬਾਰਡਰ ’ਤੇ ਲਿੱਦੜਾਂ ਦੇ ਸ਼ਮਸ਼ੇਰ ਸਿੰਘ, ਟਿਕਰੀ ਬਾਰਡਰ ’ਤੇ ਲਦਾਲ ਦੇ ਸੁਰਜੀਤ ਸਿੰਘ ਅਤੇ ਗੁਹਾਣਾ ਦੇ ਕੁਲਬੀਰ ਸਿੰਘ ਨੇ ਦਮ ਤੋੜਿਆ।

ਮਸਤੂਆਣਾ ਸਾਹਿਬ ਨੇੜਲੇ ਪਿੰਡ ਲਿੱਦੜਾਂ ਦੇ ਸ਼ਮਸ਼ੇਰ ਸਿੰਘ ਪੁੱਤਰ ਨਿਰਭੈ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੀ ਲਿੱਦੜਾਂ ਇਕਾਈ ਦੇ ਪ੍ਰਧਾਨ ਸਰਪੰਚ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ 31 ਦਸੰਬਰ ਨੂੰ ਜਥੇ ਦੇ ਹੋਰ ਕਿਸਾਨਾਂ ਨਾਲ ਦਿੱਲੀ ਮੋਰਚੇ ’ਤੇ ਗਿਆ ਸੀ ਜਿਥੇ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਧਰਨੇ ਦੌਰਾਨ ਹੀ ਮੌਤ ਹੋ ਗਈ। ਸਰਪੰਚ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਭਲਕੇ ਪਿੰਡ ਲਿੱਦੜਾਂ ’ਚ ਕੀਤਾ ਜਾਵੇਗਾ। ਸ਼ਮਸ਼ੇਰ ਸਿੰਘ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਸੰਗਰੂਰ ’ਚ ਡੇਅਰੀ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਉਸ ਦੇ ਪਰਿਵਾਰ ’ਚ ਪਤਨੀ, ਦੋ ਲੜਕੇ ਅਤੇ ਇਕ ਲੜਕੀ ਹਨ। ਸਰਪੰਚ ਜਸਪਾਲ ਸਿੰਘ ਸਿੱਧੂ, ਗੁਰਦੀਪ ਸਿੰਘ ਪੰਚ, ਜਸਵੰਤ ਸਿੰਘ ਪੰਚ ਸਮੇਤ ਹੋਰ ਮੋਹਤਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

ਉਧਰ ਲੰਘੀ ਰਾਤ ਲਹਿਰਾਗਾਗਾ ਨੇੜਲੇ ਪਿੰਡ ਲਦਾਲ ਦੇ ਕਿਸਾਨ ਸੁਰਜੀਤ ਸਿੰਘ (62) ਦੀ ਦਿੱਲੀ ਦੇ ਟਿਕਰੀ ਬਾਰਡਰ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਰਜੀਤ ਸਿੰਘ 26 ਨਵੰਬਰ ਤੋਂ ਹੀ ਟਿਕਰੀ ਬਾਰਡਰ ’ਤੇ ਧਰਨੇ ’ਚ ਡਟਿਆ ਹੋਇਆ ਸੀ। ਧਰਨੇ ਦੌਰਾਨ ਕੋਈ ਜ਼ਹਿਰੀਲੀ ਚੀਜ਼ ਲੱਤ ’ਤੇ ਲੜਨ ਕਰਕੇ ਉਸ ਨੂੰ ਟੋਹਾਣਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਅਤੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਸੁਰਜੀਤ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਉਸ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ, ਕਰਜ਼ਾ ਮੁਆਫ਼ ਕਰਨ, ਪਰਿਵਾਰ ਦੇ ਇਕ ਮੈੈਂਬਰ ਨੂੰ ਸਰਕਾਰੀ ਨੌਕਰੀ ਮਿਲਣ ਦਾ ਵਾਅਦਾ ਨਹੀਂ ਮਿਲਦਾ, ਓਨੀ ਦੇਰ ਤੱਕ ਸ਼ਹੀਦ ਦਾ ਪੋਸਟਮਾਟਰਮ ਅਤੇ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਦੱਸਿਆ ਕਿ ਮੋਰਚੇ ਦੌਰਾਨ ਇਕ ਹੋਰ ਕਿਸਾਨ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਦੀ ਪਛਾਣ ਹਰਿਆਣਾ ਦੇ ਗੁਹਾਣਾ ਵਾਸੀ ਕੁਲਬੀਰ ਸਿੰਘ ਵਜੋਂ ਹੋਈ ਹੈ।

Leave a Reply

Your email address will not be published. Required fields are marked *