ਰਿਲਾਇੰਸ ਜੀਓ ਦੇ ਦੋ ਦਰਜਨ ਸਟੋਰ ਤੇ ਸੈਂਟਰ ਮੁਕੰਮਲ ਬੰਦ

ਚੰਡੀਗੜ੍ਹ : ਕਿਸਾਨ ਧਿਰਾਂ ਵੱਲੋਂ ਐਲਾਨੇ ਗਏ ਬਾਈਕਾਟ ਨੇ ਰਿਲਾਇੰਸ ਜੀਓ ਦਾ ਅੱਧੇ ਪੰਜਾਬ ’ਚ ਮੁਕੰਮਲ ਦਮ ਘੁੱਟ ਦਿੱਤਾ ਹੈ। ਕਿਸਾਨ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ‘ਦਿੱਲੀ ਮੋਰਚੇ’ ’ਚ ਅੰਬਾਨੀ-ਅਡਾਨੀ ਦੇ ਬਾਈਕਾਟ ਦਾ ਸੱਦਾ ਗਿਆ ਸੀ। ਦੇਸ਼ ਭਰ ’ਚੋਂ ਸਭ ਤੋਂ ਵੱਧ ਬਾਈਕਾਟ ਦੀ ਅਪੀਲ ਨੂੰ ਬੂਰ ਪੰਜਾਬ ’ਚ ਪਿਆ ਹੈ। ਲੋਕਾਂ ਨੇ ਰਾਤੋ-ਰਾਤ ਜੀਓ ਦੇ ਕੁਨੈਕਸ਼ਨ ਪੋਰਟ ਕਰਾਉਣੇ ਸ਼ੁਰੂ ਕਰ ਦਿੱਤੇ। ਪੰਜਾਬ ਵਿੱਚ ਜੀਓ ਦੇ ਕਰੀਬ 1.40 ਕਰੋੜ ਕੁਨੈਕਸ਼ਨ ਹਨ, ਜੋ ਸੂਬੇ ਵਿਚਲੇ ਕੁੱਲ ਕੁਨੈਕਸ਼ਨਾਂ ਦਾ 36 ਫ਼ੀਸਦੀ ਬਣਦੇ ਹਨ।

ਵੇਰਵਿਆਂ ਅਨੁਸਾਰ ਰਿਲਾਇੰਸ ਜੀਓ ਦੇ ਪੰਜਾਬ ਵਿਚ ਮੌਜੂਦਾ ਸਮੇਂ ’ਚ 8936 ਮੋਬਾਈਲ ਟਾਵਰ ਹਨ, ਜਿਨ੍ਹਾਂ ’ਚੋਂ 2197 ਟਾਵਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸਿੱਧਾ ਮਤਲਬ ਇਹੋ ਹੈ ਕਿ ਕਿਸਾਨੀ ਰੋਹ ਵਜੋਂ ਕਿਸੇ ਨਾ ਕਿਸੇ ਰੂਪ ਵਿਚ 25 ਫ਼ੀਸਦੀ ਟਾਵਰਾਂ ’ਤੇ ਅਸਰ ਪਿਆ ਹੈ, ਜਿਸ ਨਾਲ ਲੱਖਾਂ ਜੀਓ ਗ੍ਰਾਹਕ ਪ੍ਰਭਾਵਿਤ ਹੋਏ ਹਨ। ਰਿਲਾਇੰਸ ਦੀ ਦਲੀਲ ਹੈ ਕਿ ਇਹ ਟਾਵਰ ਨੁਕਸਾਨੇ ਗਏ ਹਨ ਜਾਂ ਫਿਰ ਉਨ੍ਹਾਂ ਦੀ ਗ੍ਰਾਹਕ ਸੇਵਾ ਪ੍ਰਭਾਵਿਤ ਹੋਈ ਹੈ।

ਤੱਥਾਂ ਅਨੁਸਾਰ ਪੰਜਾਬ ਵਿੱਚ ਪੰਜ ‘ਰਿਲਾਇੰਸ ਡਿਜੀਟਲ ਸਟੋਰ’ ਬੰਦ ਹੋ ਗਏ ਹਨ। ਬਠਿੰਡਾ ਦਾ ਰਿਲਾਇੰਸ ਮਾਰਟ ਸਭ ਤੋਂ ਪਹਿਲਾਂ 2 ਅਕਤੂਬਰ ਨੂੰ ਬੰਦ ਕਰਵਾ ਦਿੱਤਾ ਗਿਆ ਸੀ। ਉਸ ਮਗਰੋਂ 13 ਅਕਤੂਬਰ ਨੂੰ ਜਲੰਧਰ ਦੇ ਆਰਆਰਐੱਲ ਪੂਡਾ ਮਾਲ ਵਿਚਲਾ ਰਿਲਾਇੰਸ ਡਿਜੀਟਲ ਸਟੋਰ ਬੰਦ ਹੋ ਗਿਆ ਸੀ। ਕਿਸਾਨੀ ਰੋਹ ਵਧਣ ਮਗਰੋਂ 18 ਅਕਤੂਬਰ ਨੂੰ ਕਿਸਾਨਾਂ ਨੇ ਜ਼ੀਰਕਪੁਰ ’ਚ ‘ਡਿਜੀਟਲ ਜ਼ੀਰਕਪੁਰ’, ਅੰਮ੍ਰਿਤਸਰ ਦੇ ਅਲਫਾ ਮਾਲ ’ਚ ਅਤੇ ਮੁਹਾਲੀ ’ਚ ‘ਰਿਲਾਇੰਸ ਡਿਜੀਟਲ ਸਟੋਰ’ ਬੰਦ ਕਰਵਾ ਦਿੱਤਾ ਸੀ। ਇਸੇ ਤਰ੍ਹਾਂ ਪੰਜਾਬ ਵਿੱਚ ਅੱਠ ਜੀਓ ਸੈਂਟਰ ਵੀ ਕਿਸਾਨਾਂ ਵੱਲੋਂ ਬੰਦ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਅਤੇ ਬਠਿੰਡਾ ਵਿਚਲਾ ਜੀਓ ਸੈਂਟਰ ਸ਼ੁਰੂ ਤੋਂ ਬੰਦ ਕਰਵਾ ਦਿੱਤਾ ਗਿਆ ਸੀ। ਮਾਨਸਾ, ਜਲੰਧਰ ਦੇ ਦੋ ਸੈਂਟਰ ਅਤੇ ਸੰਗਰੂਰ ਦਾ ਜੀਓ ਸੈਂਟਰ ਬਾਅਦ ਵਿੱਚ ਬੰਦ ਕਰਵਾਏ ਗਏ ਸਨ। ਉਸ ਪਿੱਛੋਂ ਜਗਰਾਓਂ ਦਾ ਜੀਓ ਸੈਂਟਰ ਬੰਦ ਕਰਵਾਇਆ ਗਿਆ। ਰਾਮਪੁਰਾ ਫੂਲ ਵਿਚਲਾ ਜੀਓ ਸੈਂਟਰ ਬੰਦ ਕਰਾਇਆ ਗਿਆ ਹੈ ਪਰ ਮੁਲਾਜ਼ਮਾਂ ਨੂੰ ਹਾਜ਼ਰੀ ਲਾਉਣ ਦੀ ਆਗਿਆ ਹੈ।

ਪੰਜਾਬ ਵਿੱਚ 11 ‘ਜੀਓ ਪੁਆਇੰਟ’ ਬੰਦ ਕਰਾਏ ਗਏ ਹਨ, ਜਿਨ੍ਹਾਂ ਵਿੱਚ ਖੇਮਕਰਨ, ਕੋਟਸ਼ਮੀਰ, ਆਲਮਵਾਲਾ, ਸਾਦਿਕ, ਕਰਤਾਰਪੁਰ, ਗੜ੍ਹਸ਼ੰਕਰ, ਮਾਹਿਲਪੁਰ, ਕਾਂਜਲਾ, ਅਜੀਤਵਾਲ ਤੇ ਭਦੌੜ ਸ਼ਾਮਲ ਹਨ। ਇਨ੍ਹਾਂ ’ਚੋਂ 10 ਸੈਂਟਰ ਤਾਂ ਸ਼ੁਰੂ ਵਿੱਚ ਹੀ ਬੰਦ ਕਰਵਾ ਦਿੱਤੇ ਗਏ ਸਨ ਅਤੇ 24 ਅਕਤੂਬਰ ਨੂੰ ਭਦੌੜ ਦਾ ‘ਜੀਓ ਪੁਆਇੰਟ’ ਬੰਦ ਕਰਾਇਆ ਗਿਆ। ਸੂਤਰਾਂ ਮੁਤਾਬਕ ਕਿਸਾਨ ਧਿਰਾਂ ਦੇ ਬਾਈਕਾਟ ਦੇ ਸੱਦੇ ਕਰਕੇ ਰਿਲਾਇੰਸ ਨੂੰ ਵੱਡੀ ਮਾਲੀ ਸੱਟ ਵੱਜੀ ਹੈ ਤੇ ਕੰਪਨੀ ਆਪਣੇ ਕਾਰੋਬਾਰ ਬਹਾਲੀ ਲਈ ਹੱਥ-ਪੈਰ ਵੀ ਮਾਰਨ ਲੱਗੀ ਹੈ।

ਰਿਲਾਇੰਸ ਜੀਓ ਦੇ ਰਾਜ ਭਰ ਵਿੱਚ ਕਰੀਬ 250 ਦਫ਼ਤਰ ਹਨ। ਇਸ ਤੋਂ ਬਿਨਾਂ 300 ਪ੍ਰਮੁੱਖ ਥਾਵਾਂ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੀ ਤਾਜ਼ਾ ਰਿਪੋਰਟ ਅਨੁਸਾਰ ਰਿਲਾਇੰਸ ਜੀਓ ਦੇ ਸੂਬੇ ਦੇ ਐਕਟਿਵ ਕੁਨੈਕਸ਼ਨਾਂ ਦੀ ਗਿਣਤੀ ਵਿੱਚ ਅਕਤੂਬਰ ਮਹੀਨੇ ’ਚ ਕਮੀ ਆਈ ਹੈ। ਜੀਓ ਦੇ ਸਤੰਬਰ ’ਚ 66.56 ਫ਼ੀਸਦੀ ਕੁਨੈਕਸ਼ਨ ਐਕਟਿਵ ਸੀ ਜੋ ਅਕਤੂਬਰ ’ਚ 65.93 ਫ਼ੀਸਦੀ ਰਹਿ ਗਏ।

ਰਿਲਾਇੰਸ ਜੀਓ ਨੇ ਪਿਛਲੇ ਸਾਲ 28 ਅਕਤੂਬਰ ਨੂੰ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਪੱਤਰ ਲਿਖ ਕੇ ਮਦਦ ਮੰਗੀ ਸੀ। ਉਨ੍ਹਾਂ ਪੁਲੀਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ। ਹਫ਼ਤਾ ਕੁ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਰਿਲਾਇੰਸ ਦੇ ਟਾਵਰ ਬਹਾਲ ਕਰਨ ਲਈ ਹਦਾਇਤਾਂ ਦਿੱਤੀਆਂ ਸਨ। ਇਸ ਮਗਰੋਂ ਪੁਲੀਸ ਨੇ ਸਾਰੇ ਥਾਣਿਆਂ ਨੂੰ ਹੁਕਮ ਜਾਰੀ ਕਰਕੇ ਟਾਵਰਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਸੀ। ਲੁਧਿਆਣਾ ਜ਼ਿਲ੍ਹੇ ਦੇ ਥਾਣਾ ਟਿੱਬਾ ਵਿੱਚ ਇੱਕ ਪੁਲੀਸ ਕੇਸ ਵੀ ਅਣਪਛਾਤੇ ਅਨਸਰਾਂ ਖ਼ਿਲਾਫ਼ ਦਰਜ ਕਰ ਲਿਆ ਸੀ। ਰਿਲਾਇੰਸ ਕੰਪਨੀ ਨੇ ਹੁਣ ਪੰਜਾਬ ਤੇ ਹਰਿਆਣਾ ਸਰਕਾਰਾਂ ਦਾ ਇਸ ਮਦਦ ਬਦਲੇ ਧੰਨਵਾਦ ਵੀ ਕੀਤਾ ਹੈ।

ਆਪ ਮੁਹਾਰੇ ਮਿਲਿਆ ਹੁੰਗਾਰਾ: ਸਾਹਨੀ

ਦੋਆਬਾ ਕਿਸਾਨ ਯੂਨੀਅਨ ਦੇ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਕਿਸਾਨ ਧਿਰਾਂ ਵੱਲੋਂ ਕਾਰਪੋਰਟਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ ਅਤੇ ਲੋਕਾਂ ਨੇ ਆਪ ਮੁਹਾਰੇ ਵੱਡਾ ਹੁੰਗਾਰਾ ਭਰਿਆ ਹੈ। ਉਨ੍ਹਾਂ ਕਿਹਾ ਕਿ ਕਿਧਰੇ ਵੀ ਕਿਸਾਨਾਂ ਵੱਲੋਂ ਕੋਈ ਭੰਨ-ਤੋੜ ਨਹੀਂ ਕੀਤੀ ਗਈ ਹੈ। ਬੀਕੇਯੂ (ਸਿੱਧੂਪੁਰ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੰਜਾਬ ’ਚ ਕਾਰਪੋਰੇਟਾਂ ਦੇ ਬਾਈਕਾਟ ਦਾ ਸੱਦਾ ਕਾਮਯਾਬ ਰਿਹਾ ਹੈ।

Leave a Reply

Your email address will not be published. Required fields are marked *