ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 21 ਲੱਖ ਦਾ ਸੋਨਾ ਬਰਾਮਦ

ਅੰਮਿ੍ਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਾਇਨਾਤ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਟੀਮ ਨੇ ਦੁਬਈ ਤੋਂ ਪੁੱਜੇ ਇਕ ਯਾਤਰੀ ਕੋਲੋਂ 21 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਹੈ। ਪੁੱਛ-ਪੜਤਾਲ ਤੋਂ ਬਾਅਦ ਅਧਿਕਾਰੀਆਂ ਨੇ ਇਸ ਯਾਤਰੀ ਨੂੰ ਹਵਾਈ ਅੱਡੇ ‘ਤੇ ਲੈਣ ਪੁੱਜੇ ਇਕ ਵਿਅਕਤੀ ਨੂੰ ਵੀ ਹਿਰਾਸਤ ‘ਚ ਲਿਆ ਹੈ।

ਬਿਹਾਰ ਦੇ ਜ਼ਿਲ੍ਹਾ ਗੋਪਾਲਗੰਜ ਦੇ ਪਿੰਡ ਮੁਹੰਮਦਪੁਰ ਦਾ ਰਹਿਣ ਵਾਲਾ ਪਵਨ ਕੁਮਾਰ ਦੁਬਈ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਰਾਹੀਂ ਇਥੇ ਪੁੱਜਾ ਸੀ।

ਏਅਰ ਇੰਟੈਲੀਜੈਂਸ ਨੂੰ ਇਸ ਯਾਤਰੀ ਵੱਲੋਂ ਦੁਬਈ ਤੋਂ ਸੋਨਾ ਲਿਆਉਣ ਦੀ ਪਹਿਲਾਂ ਤੋਂ ਹੀ ਸੂਚਨਾ ਸੀ। ਇਮੀਗ੍ਰੇਸ਼ਨ ਚੈਕ ਤੋਂ ਬਾਅਦ ਜਿਵੇਂ ਹੀ ਇਹ ਕਸਟਮ ਚੈਕ ਲਈ ਏਅਰ ਇੰਟੈਲੀਜੈਂਸ ਦੇ ਕਾਊਂਟਰ ‘ਤੇ ਪੁੱਜਾ ਤੇ ਅਧਿਕਾਰੀਆਂ ਨੇ ਜਦੋਂ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਇਸ ਦੌਰਾਨ ਸਾਮਾਨ ਵਿਚਕਾਰ ਰੱਖੀ ਫਾਈਲ ਨੂੰ ਵੇਖਿਆ ਤਾਂ ਪਾਇਆ ਕਿ ਸੋਨੇ ਦੇ ਪੱਤਰ (ਪੇਪਰ) ਦੇ ਰੂਪ ‘ਚ ਲਿਆਇਆ ਸੀ, ਜਿਸ ਨੂੰ ਕਾਰਬਨ ਨਾਲ ਕੋਟੇਡ ਕਰ ਕੇ ਰੱਖਿਆ ਸੀ।

ਫਾਲ ਦੇ ਇਕ-ਇਕ ਪੰਨੇ ਨੂੰ ਖੰਗਾਲਿਆ ਤੇ ਉਸ ਦੇ ਅੰਦਰ ਬਣੇ ਕਾਰਬਨ ਕੋਟੇਡ ਪੱਤਰਾਂ ਦੀ ਜਾਂਚ ਕੀਤੀ ਤਾਂ ਪੇਪਰ ਫਾਰਮ ‘ਚ ਸੋਨਾ ਲੁਕਿਆ ਮਿਲਿਆ, ਜਿਸ ਦਾ ਵਜ਼ਨ ਲਗਪਗ 500 ਗਰਾਮ ਸੀ ਤੇ ਉਸ ਦੀ ਮਾਰਕੀਟ ਕੀਮਤ 21 ਲੱਖ ਰੁਪਏ ਸੀ। ਕਸਟਮ ਕਮਿਸ਼ਨਰੇਟ ਅੰਮਿ੍ਤਸਰ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਉਨ੍ਹਾਂ ਕੋਲ ਅਜਿਹੀ ਸੂਚਨਾ ਸੀ। ਦੁਬਈ ਤੋਂ ਪਰਤੇ ਪਵਨ ਨੂੰ ਲੈਣ ਆਏ ਉਸ ਦੇ ਇਕ ਸਹਿਯੋਗੀ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸ ਦੇ ਲਈ ਕੰਮ ਕਰਦਾ ਹੈ ਤੇ ਇਸ ਦੇ ਲਈ ਪੈਸਾ ਕੌਣ ਲਗਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਉਸ ਦਾ ਅਪਰਾਧ ਜ਼ਮਾਨਤ ਯੋਗ ਸੀ ਇਸ ਲਈ ਉਸ ਕੋਲੋਂ ਪੁੱਛਗਿੱਛ ਕਰ ਕੇ ਉਸ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਜਾਵੇਗਾ।

Leave a Reply

Your email address will not be published. Required fields are marked *