ਬਰਤਾਨੀਆ ’ਚ ਮੁੜ ਲੌਕਡਾਊਨ, ਜਰਮਨੀ ’ਚ ਸਖ਼ਤ ਲੌਕਡਾਊਨ ਜਾਰੀ ਰੱਖਣ ਦੀ ਤਿਆਰੀ

ਲੰਡਨ ਕਰੋਨਾਵਾਇਰਸ ਦੇ ਨਵੇਂ ਸਟ੍ਰੇਨ ਦੇ ਤੇਜ਼ੀ ਨਾਲ ਫੈਲਣ ਦੇ ਖ਼ਤਰੇ ਦਰਮਿਆਨ ਬਰਤਾਨੀਆ ਨੇ ਸਖ਼ਤ ਲੌਕਡਾਊਨ ਲਾਗੂ ਕਰ ਦਿੱਤਾ ਹੈ। ਅੱਜ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ,‘ਇਹ ਲਾਗ ਜਿੰਨੀ ਤੇਜ਼ੀ ਨਾਲ ਫੈਲ ਰਹੀ ਹੈ, ਉਹ ਬਹੁਤ ਦੁਖੀ ਕਰਨ ਵਾਲੀ ਤੇ ਚਿੰਤਾਜਨਕ ਹੈ। ਮੁਲਕ ਦੇ ਹਸਪਤਾਲਾਂ ’ਤੇ ਮਹਾਮਾਰੀ ਦਾ ਸਭ ਤੋਂ ਵੱਧ ਦਬਾਅ ਹੈ। ਮਹਾਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਸਾਰੇ ਸਕੂਲਾਂ ਤੇ ਕਾਰੋਬਾਰਾਂ ਨੂੰ ਬੰਦ ਕਰਨ ਸਬੰਧੀ ਸਕਾਟਲੈਂਡ ਦਾ ਨਵਾਂ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਜਦਕਿ ਬਰਤਾਨੀਆ ਦਾ ਕਾਨੂੰਨ ਭਲਕੇ ਬੁੱਧਵਾਰ ਸਵੇਰ ਤੋਂ ਲਾਗੂ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਜੌਹਨਸਨ ਨੇ ਅੱਜ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਘਰ ਤੋਂ ਕੰਮ ਕਰਨ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਨਵੇਂ ਕਾਨੂੰਨ ਦੇ ਅੱਧੀ ਫਰਵਰੀ ਤੱਕ ਲਾਗੂ ਰਹਿਣ ਦੀ ਸੰਭਾਵਨਾ ਹੈ। ਟੀਕਾਕਰਨ ਅਤੇ ਲਾਗ ਫੈਲਣ ਦੀ ਦਰ ਦੇ ਆਧਾਰ ’ਤੇ ਇਸ ਦਾ ਮੁਲਾਂਕਣ ਕੀਤਾ ਜਾਵੇਗਾ।

ਜਰਮਨੀ ’ਚ ਸਖ਼ਤ ਲੌਕਡਾਊਨ ਜਾਰੀ ਰੱਖਣ ਦੀ ਤਿਆਰੀ

ਬਰਲਿਨ:ਜਰਮਨੀ ਦੇ ਬਿਮਾਰੀਆਂ ’ਤੇ ਕੰਟਰੋਲ ਕਰਨ ਵਾਲੇ ਸੈਂਟਰ ਮੁਤਾਬਕ ਅੱਜ ਇੱਥੇ ਕੋਵਿਡ- 19 ਕਾਰਨ 944 ਮਰੀਜ਼ਾਂ ਦੀ ਮੌਤ ਹੋ ਗਈ ਜਿਸ ਕਾਰਨ ਚਾਂਸਲਰ ਐਂਜਲਾ ਮਰਕਲ ਤੇ ਮੁਲਕ ਦੇ 16 ਸੂਬਾ ਗਵਰਨਰਾਂ ਵੱਲੋਂ ਮੁਲਕ ’ਚ ਲੱਗਿਆ ਲੌਕਡਾਊਨ ਇਸ ਮਹੀਨੇ ਦੇ ਅਖੀਰ ਤੱਕ ਲਾਉਣ ਦੀ ਸੰਭਾਵਨਾਵਾਂ ਵਧ ਗਈਆਂ ਹਨ। ਜਰਮਨੀ ਵਿੱਚ 16 ਦਸੰਬਰ ਤੋਂ ਲੌਕਡਾਊਨ ਲਾਗੂ ਕੀਤਾ ਗਿਆ ਸੀ, ਜਿਸਨੇ 10 ਜਨਵਰੀ ਨੂੰ ਖਤਮ ਹੋਣਾ ਸੀ। ਰਾਬਰਟ ਕੋਚ ਇੰਸਟੀਚਿਊਟ ਨੇ ਦੱਸਿਆ ਕਿ ਜਰਮਨੀ ਤੇ ਬਾਕੀ 27 ਮੁਲਕਾਂ ਵਾਲੇ ਯੂਰਪੀ ਯੂਨੀਅਨ ’ਚ ਇੱਕ ਹਫ਼ਤਾ ਪਹਿਲਾਂ ਕਰੋਨਾਵਾਇਰਸ ਨਾਲ ਨਜਿੱਠਣ ਲਈ ਟੀਕਾਕਰਨ ਸ਼ੁਰੂ ਹੋਇਆ ਸੀ ਤੇ ਸੋਮਵਾਰ ਤੱਕ 265,000 ਟੀਕੇ ਲਾਏ ਜਾ ਚੁੱਕੇ ਹਨ।

Leave a Reply

Your email address will not be published. Required fields are marked *