ਪੰਜਾਬ: ਪੋਲਟਰੀ ਫਾਰਮਾਂ ਦੀ ਨਿਗਰਾਨੀ ਸਬੰਧੀ ਐਡਵਾਈਜ਼ਰੀ ਜਾਰੀ

ਚੰਡੀਗੜ੍ਹ : ਮੁਲਕ ਦੇ ਕੁਝ ਰਾਜਾਂ ਵਿੱਚ ਬਰਡ ਫਲੂ ਦੀ ਦਸਤਕ ਦੌਰਾਨ ਪੰਜਾਬ ’ਚ ਅਧਿਕਾਰੀਆਂ ਨੇ ਪਰਵਾਸੀ ਤੇ ਪੋਲਟਰੀ ਪੰਛੀਆਂ ਦੀ ਅਸਧਾਰਨ ਮੌਤ ਸਬੰਧੀ ਨਿਗਰਾਨੀ ਰੱਖਣ ਲਈ ਕਿਹਾ ਹੈ। ਅਧਿਕਾਰੀਆਂ ਮੁਤਾਬਕ ਅਜੇ ਤੱਕ ਪੰਜਾਬ ਵਿੱਚ ਬਰਡ ਫਲੂ ਦਾ ਕੋਈ ਕੇਸ ਨਹੀਂ ਆਇਆ ਹੈ। ਪੰਜਾਬ ਦੇ ਪਸ਼ੂ ਪਾਲਣ ਡਾਇਰੈਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਛੀਆਂ ਦੀ ਅਸਧਾਰਨ ਮੌਤ ਸਬੰਧੀ ਪਤਾ ਲਾਉਣ ਲਈ ਵਪਾਰਕ ਤੇ ਸਧਾਰਨ ਪੋਲਟਰੀ ਫਾਰਮਾਂ ਦੀ ਨਿਗਰਾਨੀ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਐਡਵਾਈਜ਼ਰੀ ਸਾਰੇ 22 ਡਿਪਟੀ ਡਾਇਰੈਕਟਰਾਂ ਨੂੰ ਵੀ ਭੇਜ ਦਿੱਤੀ ਗਈ ਹੈ ਤਾਂ ਕਿ ਇਨ੍ਹਾਂ ਪੋਲਟਰੀ ਫਾਰਮਾਂ ’ਚ ਫੀਲਡ ਸਟਾਫ਼ ਵੱਲੋਂ ਦੌਰੇ ਯਕੀਨੀ ਬਣਾਏ ਜਾ ਸਕਣ। ਇਸ ਦੌਰਾਨ ਏਮਜ਼ ਦੇ ਸੈਂਟਰ ਫਾਰ ਕਮਿਊਨਿਟੀ ਮੈਡੀਸਿਨ ਵਿਖੇ ਐਸੋਸੀਏਟ  ਪ੍ਰੋਫੈਸਰ ਡਾ. ਹਰਸ਼ਲ ਆਰ ਸਾਲਵੇ ਨੇ ਕਿਹਾ ਕਿ ਪੋਲਟਰੀ ਨਾਲ ਸਿੱਧਾ ਸੰਪਰਕ ਰੱਖਣ ਵਾਲੇ ਲੋਕਾਂ ’ਚ ਇਸ ਬਿਮਾਰੀ ਦਾ ਖ਼ਤਰਾ ਹੈ ਜਦਕਿ ਬਰਡ ਫਲੂ ਦੇ ਮਨੁੱਖ ਤੋਂ ਦੂਜੇ ਮਨੁੱਖ ’ਚ ਫੈਲਣ ਦੀ ਘੱਟ ਸੰਭਾਵਨਾ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੌਰਾਨ ਬਰਡ ਫਲੂ ਤੋਂ ਬਚਾਅ ਲਈ ਅੱਜ 69,000 ਤੋਂ ਵੱਧ ਪੰਛੀਆਂ ਨੂੰ ਮਾਰ ਦਿੱਤਾ ਗਿਆ, ਜਿਨ੍ਹਾਂ ’ਚ ਬੱਤਖਾਂ ਤੇ ਚੂਜ਼ੇ ਸ਼ਾਮਲ ਸਨ। ਇਸ ਦੌਰਾਨ ਅਹਿਤਆਤ ਵਜੋਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਪੋਂਗ ਵੈੱਟਲੈਂਡ ਦੇ ਆਸ-ਪਾਸ ਦੇ ਇਲਾਕੇ ਤੋਂ ਜੀਵਤ ਮੁਰਗੀਆਂ ਦੇ 100 ਤੋਂ ਵੱਧ ਨਮੂਨੇ ਜਾਂਚ ਲਈ ਭੇਜੇ ਗਏ ਹਨ।

ਕੇਂਦਰ ਨੇ ਕੇਰਲ ਅਤੇ ਪੰਚਕੂਲਾ ਲਈ ਟੀਮਾਂ ਭੇਜੀਆਂ

ਨਵੀਂ ਦਿੱਲੀ: ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਨੇ ਦੱਸਿਆ ਕਿ ਇਸ ਵੱਲੋਂ ਬਰਡ ਫਲੂ ਨਾਲ ਪ੍ਰਭਾਵਿਤ ਕੇਰਲ ਦੇ ਅਲਾਪੁੱਜ਼ਹਾ ਤੇ ਕੋਟਿਯਾਮ ਜ਼ਿਲ੍ਹਿਆਂ ਤੇ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਲਈ ਦੋ ਮਲਟੀ-ਡਿਸਪਲਿਨਰੀ ਟੀਮਾਂ ਭੇਜੀਆਂ ਗਈਆਂ ਹਨ। ਇਨ੍ਹਾਂ ਟੀਮਾਂ ’ਚ ਨੈਸ਼ਨਲ ਸੈਂਟਰ ਫਾਰ  ਡਿਸੀਜ਼ ਕੰਟਰੋਲ, ਨੈਸ਼ਨਲ ਇੰਸਟੀਚਿਊਟ ਆਫ਼ ਵੀਰੋਲੌਜੀ, ਪੀਜੀਆਈ, ਚੰਡੀਗੜ੍ਹ, ਆਰਐੱਮਐੱੱਲ ਹਸਪਤਾਲ ਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ, ਦਿੱਲੀ ਦੇ ਮਾਹਰ ਸ਼ਾਮਲ ਹਨ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਕੇਰਲ ਤੇ ਦੱਖਣੀ ਸੂਬਿਆਂ ਤੋਂ ਚਿਕਨ ਦੀ ਬਰਾਮਦ ’ਤੇ 10 ਦਿਨਾਂ ਲਈ ਰੋਕ ਲਾ ਦਿੱਤੀ ਗਈ ਹੈ। 

Leave a Reply

Your email address will not be published. Required fields are marked *