ਤਾਲਿਬਾਨ ਕੈਦੀਆਂ ਦੀ ਰਿਹਾਈ ਅਣਮਿਥੇ ਸਮੇਂ ਲਈ ਟਲ਼ੀ
ਕਾਬੁਲ : ਅਫ਼ਗਾਨਿਸਤਾਨ ਦੀ ਸਰਕਾਰ ਨੇ ਪੰਜ ਹਜ਼ਾਰ ਤਾਲਿਬਾਨ ਕੈਦੀਆਂ ਦੀ ਰਿਹਾਈ ਅਣਮਿੱਥੇ ਸਮੇਂ ਲਈ ਟਾਲ਼ ਦਿੱਤੀ ਹੈ। ਸਰਕਾਰ ਨੇ ਇਹ ਫ਼ੈਸਲਾ ਅੱਤਵਾਦੀ ਜਮਾਤ ਦੇ ਇਹ ਗਾਰੰਟੀ ਦੇਣ ਵਿਚ ਨਾਕਾਮ ਰਹਿਣ ਪਿੱਛੋਂ ਲਿਆ ਕਿ ਉਨ੍ਹਾਂ ਦੇ ਲੜਾਕੇ ਫਿਰ ਹਥਿਆਰ ਨਹੀਂ ਚੁੱਕਣਗੇ। ਅਫ਼ਗਾਨ ਸਰਕਾਰ ਦੇ ਇਸ ਫ਼ੈਸਲੇ ਨਾਲ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਹੋਇਆ ਸ਼ਾਂਤੀ ਸਮਝੌਤਾ ਖਟਾਈ ‘ਚ ਪੈਂਦਾ ਦਿਸ ਰਿਹਾ ਹੈ। ਕੈਦੀਆਂ ਦੀ ਰਿਹਾਈ ਸ਼ਨਿਚਰਵਾਰ ਤੋਂ ਸ਼ੁਰੂ ਹੋਣੀ ਸੀ।
ਦੇਸ਼ ਦੀ ਕੌਮੀ ਸੁਰੱਖਿਆ ਪ੍ਰਰੀਸ਼ਦ ਦੇ ਬੁਲਾਰੇ ਜਾਵੇਦ ਫ਼ੈਜ਼ਲ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਤਿਆਰ ਕਰ ਰਹੇ ਹਾਂ ਪ੍ਰੰਤੂ ਇਸ ਨੂੰ ਪੂਰਾ ਹੋਣ ਵਿਚ ਕਿੰਨਾ ਸਮਾਂ ਲੱਗੇਗਾ ਇਹ ਫਿਲਹਾਲ ਨਹੀਂ ਕਿਹਾ ਜਾ ਸਕਦਾ। ਅਸੀਂ ਸ਼ਾਂਤੀ ਨੂੰ ਬੜ੍ਹਾਵਾ ਦੇਣ ਲਈ ਇਨ੍ਹਾਂ ਕੈਦੀਆਂ ਨੂੰ ਰਿਹਾਅ ਕਰਨਾ ਚਾਹੁੰਦੇ ਹਾਂ ਤਾਂਕਿ ਉਹ ਫਿਰ ਤੋਂ ਜੰਗ ਵਿਚ ਨਾ ਪਰਤਣ ਪ੍ਰੰਤੂ ਤਾਲਿਬਾਨ ਨੇ ਹੁਣ ਤਕ ਨਾ ਤਾਂ ਸ਼ਾਂਤੀ ਪ੍ਰਤੀ ਆਪਣੀ ਕੋਈ ਪ੍ਰਤੀਬੱਧਤਾ ਪ੍ਰਗਟਾਈ ਹੈ ਅਤੇ ਨਾ ਹੀ ਗੱਲਬਾਤ ਵਿਚ ਕੋਈ ਰੁਚੀ ਦਿਖਾਈ ਹੈ।
ਉਧਰ, ਕਤਰ ਵਿਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਕਿ ਕੈਦੀਆਂ ਦੀ ਰਿਹਾਈ ਦੀ ਪ੍ਰਕਿਰਿਆ ਵਿਚ ਦੇਰੀ ਨਾਲ ਪਤਾ ਚੱਲਦਾ ਹੈ ਕਿ ਅਫ਼ਗਾਨ ਸਰਕਾਰ ਜਾਣਬੁੱਝ ਕੇ ਵਾਰਤਾ ਵਿਚ ਦੇਰੀ ਕਰ ਰਹੀ ਹੈ। ਦੱਸਣਯੋਗ ਹੈ ਕਿ 11 ਮਾਰਚ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਸੀ ਕਿ 100-100 ਦੇ ਸਮੂੁਹ ਵਿਚ ਤਾਲਿਬਾਨ ਕੈਦੀਆਂ ਨੂੰ ਰਿਹਾਅ ਕੀਤਾ ਜਾਏਗਾ। ਸ਼ੁਰੂਆਤ ਵਿਚ ਸਦਭਾਵਨਾ ਵਜੋਂ 1,500 ਕੈਦੀ ਰਿਹਾਅ ਕੀਤੇ ਜਾਣਗੇ ਅਤੇ ਬਾਅਦ ਵਿਚ ਦੋ ਹਫ਼ਤੇ ਵਿਚ 3,500 ਹੋਰ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਪ੍ਰੰਤੂ ਅਜਿਹਾ ਹਿੰਸਾ ਵਿਚ ਕਮੀ ਆਉਣ ਪਿੱਛੋਂ ਕੀਤਾ ਜਾਵੇਗਾ। ਇਸ ਪੇਸ਼ਕਸ਼ ਨੂੰ ਉਸੇ ਸਮੇਂ ਤਾਲਿਬਾਨ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।