ਕਿਸਾਨਾਂ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਤਿੱਖਾ ਵਿਰੋਧ

ਜਲੰਧਰ :ਪੰਜਾਬ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਨਾਕਾਮੀਆਂ ਅਤੇ ਸੂਬੇ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਵਿਰੁੱਧ ਭਾਜਪਾ ਵੱਲੋਂ ਇੱਥੋਂ ਦੇ ਕੰਪਨੀ ਬਾਗ ਚੌਕ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਆਏ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੁਲੀਸ ਨੇ ਦੋਹਾਂ ਧਿਰਾਂ ਦਰਮਿਆਨ ਟਕਰਾਅ ਰੋਕਣ ਲਈ ਚਾਰ ਸੜਕਾਂ ’ਤੇ ਨਾਕੇਬੰਦੀ ਕੀਤੀ ਹੋਈ ਸੀ ਤੇ ਪੁਲੀਸ ਦੇ 1400 ਤੋਂ ਵੱਧ ਜਵਾਨ ਤਾਇਨਾਤ ਸਨ।

ਪੁਲੀਸ ਨੇ ਕਿਸਾਨਾਂ ਨੂੰ ਮੁੱਖ ਡਾਕਘਰ ਨੇੜੇ ਲੱਗੇ ਨਾਕੇ ’ਤੇ ਬੈਰੀਕੇਡ ਲਾ ਕੇ ਰੋਕ ਲਿਆ। ਇੱਥੇ ਪੁਲੀਸ ਤੇ ਕਿਸਾਨਾਂ ਵਿਚਕਾਰ ਧੱਕਾ-ਮੁੱਕੀ ਹੋਈ ਤੇ ਨੌਜਵਾਨ ਕਿਸਾਨ ਬੈਰੀਕੇਡ ਤੋੜ ਕੇ ਭਾਜਪਾ ਦੇ ਸਮਾਗਮ ਵਾਲੀ ਥਾਂ ਨੇੜੇ ਪੁੱਜ ਗਏ, ਜਿੱਥੇ ਪੁਲੀਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਭਾਜਪਾ ਦਾ ਸਮਾਗਮ ਕਰੀਬ ਢਾਈ ਘੰਟੇ ਚੱਲਿਆ ਤੇ ਕਿਸਾਨ ਵੀ ਉਦੋਂ ਤਕ ਭਾਜਪਾ ਆਗੂਆਂ ਦੇ ਵਿਰੋਧ ਵਿੱਚ ਡਟੇ ਰਹੇ। ਅਸ਼ਵਨੀ ਸ਼ਰਮਾ ਦੇ ਜਾਣ ਮਗਰੋਂ ਵੀ ਪੁਲੀਸ ਨੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕੀ ਰੱਖਿਆ। ਕਮਿਸ਼ਨਰੇਟ ਪੁਲੀਸ ਦੇ ਡੀਸੀਪੀ ਗੁਰਮੀਤ ਸਿੰਘ ਸਾਰੇ ਸੁਰੱਖਿਆ ਪ੍ਰਬੰਧਾਂ ’ਤੇ ਆਪ ਨਜ਼ਰਾਂ ਰੱਖ ਰਹੇ ਸਨ। ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੀ ਗੱਡੀ ਵੀ ਚਾਲੂ ਹਾਲਤ ਵਿੱਚ ਰੱਖੀ ਹੋਈ ਸੀ। ਰੇਤਾ ਬੱਜਰੀ ਦੇ ਭਰੇ ਟਿੱਪਰ ਅਤੇ ਜੇਸੀਬੀ ਮਸ਼ੀਨਾਂ ਖੜ੍ਹੀਆਂ ਕਰ ਕੇ ਸੜਕਾਂ ਦੀ ਨਾਕਾਬੰਦੀ ਕੀਤੀ ਹੋਈ ਸੀ।

ਉਧਰ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਜਿਹੜੇ ਲੋਕ ਭਾਜਪਾ ਦਾ ਵਿਰੋਧ ਕਰ ਰਹੇ ਹਨ, ਉਹ ਅਸਲ ਵਿੱਚ ਕਿਸਾਨਾਂ ਦੀ ਆੜ ਹੇਠ ਕਾਂਗਰਸੀ ਗੁੰਡੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਚਾਰ ਸਾਲਾਂ ਵਿੱਚ ਨਾ ਕਿਸੇ ਨੌਜਵਾਨ ਨੂੰ ਨੌਕਰੀ ਮਿਲੀ ਹੈ ਤੇ ਨਾ ਹੀ ਪੰਜਾਬ ਨਸ਼ਾ ਮੁਕਤ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ 2022 ਦੀਆਂ ਚੋਣਾਂ ਵਿੱਚ ਭਾਜਪਾ ਸਰਕਾਰ ਬਣਾਏਗੀ। ਇਸ ਮੌਕੇ ਭਾਜਪਾ ਦੇ ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ, ਸ਼ਵੇਤ ਮਾਲਿਕ, ਤੀਕਸ਼ਣ ਸੂਦ, ਕੇਡੀ ਭੰਡਾਰੀ ਅਤੇ ਮਹਿੰਦਰ ਭਗਤ ਹਾਜ਼ਰ ਸਨ।

ਪੁਲੀਸ ਉੱਤੇ ਮਾਹੌਲ ਖ਼ਰਾਬ ਕਰਨ ਦੇ ਦੋਸ਼ ਲਾਏ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਸਿੰਘ ਮੱਛਿਆਣਾ, ਮੁੱਖ ਬੁਲਾਰੇ ਕਸ਼ਮੀਰ ਸਿੰਘ ਤੇ ਯੂਥ ਆਗੂ ਅਮਰਜੋਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦਾ ਪ੍ਰਦਰਸ਼ਨ ਬਿਲਕੁਲ ਸ਼ਾਂਤਮਈ ਸੀ ਤੇ ਪੁਲੀਸ ਨੇ ਮਾਹੌਲ ਖ਼ਰਾਬ ਕਰਨ ਲਈ ਭਾਜਪਾ ਆਗੂਆਂ ਦਾ ਸਮਾਗਮ ਹੋਣ ਦਿੱਤਾ। ਆਗੂਆਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਭਾਜਪਾ ਲੀਡਰਸ਼ਿਪ ਦਾ ਵਿਰੋਧ ਜਾਰੀ ਰੱਖਣਗੇ। ਉਧਰ, ਬਹੁਜਨ ਸਮਾਜ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ ਨੇ ਅਸ਼ਵਨੀ ਸ਼ਰਮਾ ਵੱਲੋਂ ਵਿਰੋਧ ਕਰਨ ਵਾਲਿਆਂ ਨੂੰ ਕਾਂਗਰਸ ਦੇ ਗੁੰਡੇ ਕਹਿਣ ’ਤੇ ਇਤਰਾਜ਼ ਪ੍ਰਗਟ ਕੀਤਾ ਤੇ ਕਿਹਾ ਕਿ ਖੇਤ ਮਜ਼ਦੂਰ ਤੇ ਹੋਰ ਕਿਰਤੀ ਵੀ ਇਸ ਵਿਰੋਧ ਵਿੱਚ ਸ਼ਾਮਲ ਸਨ।

Leave a Reply

Your email address will not be published. Required fields are marked *