ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਘਰਸ਼ ਦੀਆਂ ਪੁਸਤਕਾਂ ਮੁੜ ਛਾਪਣ ਦੀ ਯੋਜਨਾ

ਅੰਮ੍ਰਿਤਸਰ : ਪਿਛਲੀ ਸਦੀ ਦੌਰਾਨ ਵਾਪਰੀਆਂ ਸਿੱਖ ਸੰਘਰਸ਼ ਦੀਆਂ ਘਟਨਾਵਾਂ ਨਾਲ ਸਬੰਧਤ ਪੁਸਤਕਾਂ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਪ੍ਰਕਾਸ਼ਿਤ ਕਰਨ ਦੀ ਯੋਜਨਾ ਹੈ। ਇਹ ਯੋਜਨਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅਤੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗੀ।

ਇਸ ਯੋਜਨਾ ਤਹਿਤ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਿੱਖ ਵਿਦਵਾਨਾਂ ਨਾਲ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀ ਆਪਣੀ ਵੱਡੀ ਪ੍ਰਕਾਸ਼ਨਾ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਹਜ਼ਾਰਾਂ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕੀ ਹੈ। ਇਸ ਵਿੱਚ ਕਈ ਪੁਸਤਕਾਂ ਸਿੱਖ ਸੰਘਰਸ਼ ਨਾਲ ਵੀ ਜੁੜੀਆਂ ਹਨ। ਇਨ੍ਹਾਂ ’ਚੋਂ ਕਈਆਂ ਦੀ ਪ੍ਰਕਾਸ਼ਨਾ ਪਹਿਲੀ ਵਾਰ ਤਾਂ ਹੋਈ ਪਰ ਬਾਅਦ ਵਿੱਚ ਲਗਾਤਾਰ ਪ੍ਰਕਾਸ਼ਿਤ ਨਾ ਹੋ ਸਕੀਆਂ। ਇਸ ਲਈ ਕਮੇਟੀ ਵੱਲੋਂ ਅਜਿਹੀਆਂ ਪੁਸਤਕਾਂ ਮੁੜ ਪ੍ਰਕਾਸ਼ਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਵਿੱਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਹੋਏ ਸੰਘਰਸ਼, ਗੁਰਦੁਆਰਾ ਸੁਧਾਰ ਲਹਿਰ, ਆਜ਼ਾਦੀ ਸੰਘਰਸ਼, ਜੈਤੋ ਦਾ ਮੋਰਚਾ, ਜੂਨ 1984, ਨਵੰਬਰ 1984 ਸਿੱਖ ਕਤਲੇਆਮ ਤੇ ਹੋਰ ਸੰਘਰਸ਼ਾਂ ਦੇ ਇਤਿਹਾਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਰ੍ਹੇ ਸ਼੍ਰੋਮਣੀ ਕਮੇਟੀ ਅਤੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ।

ਕਰੋਨਾ ਕਾਰਨ ਸੰਸਥਾ ਦਾ ਸਥਾਪਨਾ ਦਿਵਸ ਸਮਾਗਮ ਵੱਡੇ ਪੱਧਰ ’ਤੇ ਨਹੀਂ ਸਕਿਆ। ਸਾਕਾ ਨਨਕਾਣਾ ਸਾਹਿਬ ਦਾ ਸ਼ਤਾਬਦੀ ਦਿਵਸ ਸਮਾਗਮ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਤੋਂ ਸ਼ੁਰੂ ਹੋਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਇਸ ਵਰ੍ਹੇ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ।

ਸਿੱਖ ਵਿਦਵਾਨਾਂ ਦੀ ਕਮੇਟੀ ਕਰੇਗੀ ਪੁਸਤਕਾਂ ਦੀ ਚੋਣ

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਹ ਇਸ ਯੋਜਨਾ ’ਤੇ ਵਿਚਾਰ ਕਰ ਰਹੇ ਹਨ। ਇਸ ਤਹਿਤ ਪਿਛਲੀ ਇਕ ਸਦੀ ਦੇ ਸਿੱਖ ਇਤਿਹਾਸ, ਜਿਸ ਵਿੱਚ ਵਧੇਰੇ ਸਿੱਖ ਸੰਘਰਸ਼ ਦਾ ਜ਼ਿਕਰ ਸ਼ਾਮਲ ਹੋਵੇ, ਨਾਲ ਸਬੰਧਤ ਪੁਸਤਕਾਂ ਦੀ ਘੋਖ ਕੀਤੀ ਜਾਵੇਗੀ ਅਤੇ ਇਸ ਅਹਿਮ ਇਤਿਹਾਸ ਨੂੰ ਮੁੜ ਲੋਕਾਂ ਦੇ ਰੂਬਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿੱਖ ਵਿਦਵਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਜਲਦੀ ਹੀ ਸਿੱਖ ਵਿਦਵਾਨਾਂ ਦੀ ਕਮੇਟੀ ਬਣਾਉਣ ਦੀ ਯੋਜਨਾ ਹੈ, ਜਿਸ ਦੀ ਅਗਵਾਈ ਹੇਠ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਕੰਮ ਸ਼ੁਰੂ ਹੋਵੇਗਾ। ਇਸ ਕਮੇਟੀ ਦੀ ਅਗਵਾਈ ਹੇਠ ਹੀ ਅਜਿਹੀਆਂ ਪੁਸਤਕਾਂ ਦੀ ਭਾਲ ਕੀਤੀ ਜਾਵੇਗੀ ਅਤੇ ਘੋਖ ਮਗਰੋਂ ਉਨ੍ਹਾਂ ਦੀ ਮੁੜ ਪ੍ਰਕਾਸ਼ਨਾ ਹੋਵੇਗੀ। ਅਜਿਹੀਆਂ ਕਈ ਪੁਸਤਕਾਂ ਹਨ, ਜਿਨ੍ਹਾਂ ਦੀ ਮੁੜ ਪ੍ਰਕਾਸ਼ਨਾ ਦੀ ਲੋੜ ਹੈ। ਇਸ ਨਾਲ ਨਵੀਂ ਪੀੜ੍ਹੀ ਨੂੰ ਸਿੱਖ ਸੰਘਰਸ਼ ਬਾਰੇ ਜਾਣਕਾਰੀ ਮਿਲੇਗੀ।

Leave a Reply

Your email address will not be published. Required fields are marked *