‘ਕਿਸਾਨਾਂ ਤੋਂ ਡਰਦਾ ਪਿਛਲੇ ਦਰਵਾਜ਼ੇ ਰਾਹੀਂ ਭੱਜਿਆ ਹਰਜੀਤ ਗਰੇਵਾਲ’

ਪਟਿਆਲਾ : ਭਾਜਪਾ ਆਗੂ ਹਰਜੀਤ ਗਰੇਵਾਲ ਵੱਲੋਂ ਖੇਤੀ ਕਾਨੂੰਨਾਂ ਦਾ ਪੱਖ ਪੂਰਨ ਅਤੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਆਗੂਆਂ ਨੂੰ ਮਾਓਵਾਦੀ ਆਖਣ ਤੋਂ ਖ਼ਫ਼ਾ ਇਲਾਕੇ ਦੇ ਕੁਝ ਕਿਸਾਨਾਂ ਨੇ ਅੱਜ ਸ਼ਾਹੀ ਸ਼ਹਿਰ ’ਚ ਪੁੱਜਣ ’ਤੇ ਹਰਜੀਤ ਗਰੇਵਾਲ ਦਾ ਕਥਿਤ ਘਿਰਾਓ ਕਰਨ  ਸਮੇਤ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਅਨੁਸਾਰ ਭਾਜਪਾ ਆਗੂ ਡਰਦਿਆਂ ਪਿਛਲੇ  ਰਸਤਿਓਂ ‘ਭੱਜ’ ਗਿਆ। 

ਵਾਇਰਲ ਹੋਈ ਵੀਡੀਓ ’ਚ ਨਜ਼ਰ ਆ ਰਹੇ ਸੁਰੱਖਿਆ ਅਮਲੇ, ਗੱਡੀ ਅਤੇ ਜਿਪਸੀ ਬਾਰੇ ਗਰੇਵਾਲ ਨੇ ਆਖਿਆ ਕਿ ਇਹ ਤਾਂ ਡਰਾਈਵਰ ਨੇ ਗ਼ਲਤੀ ਜਾਂ ਚਲਾਕੀ ਨਾਲ ਉੱਥੇ ਖੜ੍ਹੀ ਕੀਤੀ ਸੀ, ਜਦਕਿ ਉਹ ਖ਼ੁਦ ਤਾਂ ਆਪਣੇ  ਇੱਕ ਦੋਸਤ ਦੀ ਗੱਡੀ ’ਚ ਸਨ। ਪਹਿਲਾਂ ਤੋਂ ਹੀ ਕੁਝ ਕਿਸਾਨ ਆਗੂਆਂ ਨੂੰ ਨਕਸਲੀ ਗਰਦਾਨਦੇ ਆ ਰਹੇ ਗਰੇਵਾਲ ਨੇ ਅੱਜ ਦੀ ਘਟਨਾ ਨੂੰ ਵੀ ਤਾਲਿਬਾਨੀ ਫਰਮਾਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਨਕਸਲੀ ਅਤੇ ਮਾਓਵਾਦੀ ਦੱਸਦਿਆਂ ਆਖਿਆ ਕਿ ਜਮਹੂਰੀਅਤ ਦਾ ਘਾਣ ਕਰਨ ਵਾਲ਼ੀਆਂ ਇਹ ਮਨਮਾਨੀਆਂ ਬਹੁਤੀ ਦੇਰ ਨਹੀਂ ਚੱਲਣੀਆਂ।

ਜ਼ਿਕਰਯੋਗ ਹੈ ਕਿ ਭਾਜਪਾ ਆਗੂ ਹਰਜੀਤ ਗਰੇਵਾਲ ਅੱਜ ਜਦੋਂ ਆਪਣੇ ਗੰਨਮੈਨਾਂ ਸਮੇਤ ਸਥਾਨਕ ਸ਼ਹਿਰ ਵਿਚਲੀ ਜੱਗੀ ਸਵੀਟਸ ’ਤੇ ਖਾਣਾ ਖਾਣ ਪੁੱਜੇ ਤਾਂ ‘ਕ੍ਰਾਂਤੀਕਾਰੀ ਕਿਸਾਨ ਯੂਨੀਅਨ’ ਦੇ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਕੁਝ ਕਿਸਾਨ ਜੱਗੀ ਸਵੀਟਸ ਦੇ ਬਾਹਰ ਆ ਕੇ ਗਰੇਵਾਲ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਇਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਗਰੇਵਾਲ ਨੂੰ ਮਿਹਣੇ ਦਿੰਦਿਆਂ ਕਿਸਾਨ  ਆਗੂ ਆਖ ਰਹੇ ਸਨ ਕਿ ਖ਼ੁਦ ਕਿਸਾਨ ਹੁੰਦਿਆਂ ਵੀ ਘਟੀਆ ਬਿਆਨਬਾਜ਼ੀ ਕਰਨ ਵਾਲੇ ਗਰੇਵਾਲ ਨੂੰ ਸ਼ਰਮ ਆਉਣੀ ਚਾਹੀਦੀ ਹੈ। ਵੀਡੀਓ ਵਿੱਚ ਪੁਲੀਸ ਦੀ ਜਿਪਸੀ ਵੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਕੁਝ ਗੰੰਨਮੈਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਮਗਰੋਂ ਜਿਪਸੀ ਸਮੇਤ ਉੱਥੋਂ ਚਲੇ ਗਏ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਗਰੇਵਾਲ ਨੂੰ ਪਿਛਲੇ ਰਸਤਿਓਂ ਨਿਕਲ਼ ਕੇ ਜਾਣਾ ਪਿਆ। ਸਬੰਧਤ ਥਾਣਾ ਅਨਾਜ ਮੰੰਡੀ ਦੇ ਐਕਟਿੰਗ ਐੱਸਐੱਚਓ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਫੋਨ ਆਇਆ ਸੀ। ਜਦੋਂ ਤਕ ਪੁਲੀਸ ਪੁੱੱਜੀ, ਸ੍ਰੀ ਗਰੇਵਾਲ ਪਿਛਲੇ ਰਸਤਿਓਂ ਨਿਕਲ ਚੁੱਕੇ ਸਨ ਜਦਕਿ ਕਿਸਾਨ ਅਗਲੇ ਪਾਸੇ ਨਾਅਰੇਬਾਜ਼ੀ ਕਰ ਰਹੇ ਸਨ। 

Leave a Reply

Your email address will not be published. Required fields are marked *