ਕਿਸਾਨ ਅੰਦੋਲਨ: ਘੋਲ ਦੇ ਮਦਦਗਾਰਾਂ ਦੀ ਘੇਰਾਬੰਦੀ

ਚੰਡੀਗੜ੍ਹ/ਲੁਧਿਆਣਾ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕਿਸਾਨ ਘੋਲ ਦੇ ਮਦਦਗਾਰਾਂ ਖ਼ਿਲਾਫ਼ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਕਿਸਾਨ ਘੋਲ ਵਿਰੁੱਧ ਕੇਂਦਰ ਸਰਕਾਰ ਦੇ ਨਵੇਂ ਪੈਂਤੜੇ ਵਜੋਂ ਦੇਖਿਆ ਜਾ ਰਿਹਾ ਹੈ। ਕੌਮੀ ਜਾਂਚ ਏਜੰਸੀ ਤਰਫੋਂ ਲੁਧਿਆਣਾ ਅਤੇ ਪਟਿਆਲਾ ਦੇ ਕਿਸਾਨ ਅੰਦੋਲਨ ਦੇ ਚਾਰ ਹਮਾਇਤੀਆਂ ਨੂੰ ਤਲਬ ਕੀਤਾ ਗਿਆ ਹੈ ਜਿਨ੍ਹਾਂ ’ਚ ਤਿੰਨ ਟਰਾਂਸਪੋਰਟਰ ਹਨ ਜਦੋਂ ਕਿ ਇੱਕ ਪੱਤਰਕਾਰ ਹੈ।

ਕੌਮੀ ਜਾਂਚ ਏਜੰਸੀ ਤਰਫੋਂ ਕਿਸਾਨ ਘੋਲ ਦੀ ਕਵਰੇਜ ਕਰਨ ਵਾਲੇ ਪਟਿਆਲਾ ਦੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਨੂੰ ਅੱਜ ਧਾਰਾ 160 ਆਫ ਸੀਆਰਪੀਸੀ ਤਹਿਤ ਨੋਟਿਸ ਜਾਰੀ ਕਰਕੇ 19 ਜਨਵਰੀ ਨੂੰ ਐੱਨਆਈਏ ਦੇ ਦਿੱਲੀ ਮੁੱਖ ਦਫ਼ਤਰ ’ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਕੌਮੀ ਜਾਂਚ ਏਜੰਸੀ ਤਰਫੋਂ ਨੋਟਿਸ ਵਿੱਚ 15 ਦਸੰਬਰ 2020 ਨੂੰ ਧਾਰਾ 120 ਬੀ, 124 ਏ, 153 ਏ, 153ਬੀ ਆਫ ਆਈਪੀਸੀ ਅਤੇ ਧਾਰਾ 13,17,18ਬੀ, 20 ਆਫ ਯੂਏ (ਪੀ) ਐਕਟ 1967 ਤਹਿਤ ਦਰਜ ਕੀਤੇ ਕੇਸ ਦਾ ਹਵਾਲਾ ਦਿੱਤਾ ਗਿਆ ਹੈ। ਬਲਤੇਜ ਪੰਨੂ ਦਾ ਕਹਿਣਾ ਸੀ ਕਿ ਬਤੌਰ ਪੱਤਰਕਾਰ ਉਸ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਘੋਲ ਦੇ ਹਰ ਪੱਖ ਨੂੰ ਕਵਰ ਕੀਤਾ ਹੈ ਅਤੇ ਖਾਸ ਕਰਕੇ ਦੂਸਰੇ ਸੂਬਿਆਂ ਦੇ ਲੋਕਾਂ ਵੱਲੋਂ ਘੋਲ ਵਿੱਚ ਪਾਏ ਯੋਗਦਾਨ ਨੂੰ ਉਭਾਰਿਆ ਗਿਆ। ਉਸ ਦਾ ਕਿਸੇ ਕਿਸਾਨ ਧਿਰ ਨਾਲ ਕੋਈ ਨਿੱਜੀ ਨਾਤਾ ਨਹੀਂ ਹੈ ਪਰ ਪ੍ਰਾਪਤ ਹੋਏ ਨੋਟਿਸ ’ਚ ਦੇਸ਼ ਧਰੋਹ ਦੀਆਂ ਧਾਰਾਵਾਂ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਘੋਲ ਦੀ ਕਵਰੇਜ ਬਦਲੇ ਹੀ ਇਹ ਨੋਟਿਸ ਦਿੱਤਾ ਗਿਆ ਜਾਪਦਾ ਹੈ।

ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਦੇ ਟਰਾਂਸਪੋਰਟਰ ਇੰਦਰਪਾਲ ਸਿੰਘ ਝੱਜ ਅਤੇ ਨਰੇਸ਼ ਕੁਮਾਰ ਤੇ ਜਸਪਾਲ ਸਿੰਘ ਨੂੰ ਵੀ ਐੱਨਆਈਏ ਨੇ ਨੋਟਿਸ ਜਾਰੀ ਕੀਤਾ ਹੈ। ਇੰਦਰਪਾਲ ਸਿੰਘ ਝੱਜ ਦੀ ਕਰੀਬ 30 ਸਾਲ ਪੁਰਾਣੀ ‘ਨਨਕਾਣਾ ਸਾਹਿਬ ਬੱਸ ਸਰਵਿਸ’ ਹੈ। ਟਰਾਂਸਪੋਰਟਰ ਇੰਦਰਪਾਲ ਸਿੰਘ ਨੂੰ ਕੌਮੀ ਜਾਂਚ ਏਜੰਸੀ ਨੇ 15 ਜਨਵਰੀ ਨੂੰ ਤਲਬ ਕੀਤਾ ਹੈ ਜਿਸ ਵਿੱਚ ਉਕਤ ਵਾਲੀਆਂ ਧਾਰਾਵਾਂ ਦਾ ਹੀ ਹਵਾਲਾ ਹੈ। ਬੱਸ ਮਾਲਕ ਇੰਦਰਪਾਲ ਸਿੰਘ ਝੱਜ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕਰੀਬ ਇੱਕ ਮਹੀਨੇ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਘੋਲ ਲਈ ਮੁਫ਼ਤ ਬੱਸ ਸੇਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਰੇਸ਼ ਕੁਮਾਰ ਤੇ ਜਸਪਾਲ ਸਿੰਘ ਵੱਲੋਂ ਡੀਜ਼ਲ ਦਾ ਖਰਚ ਚੁੱਕਿਆ ਜਾਂਦਾ ਸੀ। ਉਨ੍ਹਾਂ ਆਖਿਆ ਕਿ ਨੋਟਿਸਾਂ ਦੀ ਇਹੋ ਵਜ੍ਹਾ ਜਾਪਦੀ ਹੈ।

ਕੌਮੀ ਜਾਂਚ ਏਜੰਸੀ ਵੱਲੋਂ ਸਭ ਤੋਂ ਪਹਿਲਾਂ 8 ਜਨਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੱਖੋਕੇ ਦੇ ਬਲਵਿੰਦਰ ਸਿੰਘ ਨੂੰ ਵੀ ਇਹੋ ਨੋਟਿਸ ਦੇ ਕੇ ਨੂੰ 12 ਜਨਵਰੀ ਨੂੰ ਤਲਬ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਕਈ ਹੋਰ ਲੋਕਾਂ ਨੂੰ ਵੀ ਨੋਟਿਸ ਆਏ ਹਨ, ਜਿਨ੍ਹਾਂ ਨੇ ਕਿਸਾਨ ਘੋਲ ਦੀ ਹਮਾਇਤ ਕੀਤੀ ਹੈ ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

Leave a Reply

Your email address will not be published. Required fields are marked *