ਇਟਲੀ ਤੋਂ ਪਰਤੇ ਵਿਅਕਤੀ ਦੀ ਬੰਗਾ ਹਸਪਤਾਲ ‘ਚ ਮੌਤ, ਸਿਹਤ ਵਿਭਾਗ ਦੇ ਅਧਿਕਾਰੀ ਚੁੱਪ

ਚੰਡੀਗੜ੍ਹ/ਜਲੰਧਰ : ਪੰਜਾਬ ‘ਚ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ 10 ਹੋਰ ਸ਼ੱਕੀ ਕੇਸ ਸਾਹਮਣੇ ਆਏ। ਅੰਮ੍ਰਿਤਸਰ ‘ਚ ਸਪੇਨ, ਇਟਲੀ ਤੇ ਜਰਮਨੀ ਤੋਂ ਆਏ ਨੌਂ ਸੈਲਾਨੀਆਂ ਨੂੰ ਆਇਸੋਲੇਸ਼ਨ ਵਾਰਡ ‘ਚ ਭਰਤੀ ਕੀਤਾ ਗਿਆ ਜਦਕਿ ਲੁਧਿਆਣਾ ‘ਚ ਤਿੰਨ ਤੇ ਜਲੰਧਰ ‘ਚ ਵੀ ਇਕ ਕੇਸ ਰਿਪੋਰਟ ਹੋਇਆ। ਇਸ ਦੌਰਾਨ, ਨਵਾਂਸ਼ਹਿਰ ਦੇ ਬੰਗਾ ਸਥਿਤ ਸਿਵਲ ਹਸਪਤਾਲ ‘ਚ ਇਟਲੀ ਤੋਂ ਪਰਤੇ ਇਕ 70 ਸਾਲਾ ਬਜ਼ੁਰਗ ਦੀ ਮੰਗਲਵਾਰ ਰਾਤ ਮੌਤ ਹੋ ਗਈ। ਇਟਲੀ ਤੋਂ ਪਰਤੇ ਹੋਣ ਕਾਰਨ ਵਿਅਕਤੀ ਦੀ ਮੌਤ ‘ਤੇ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗੀ ਹੈ। ਕੀ ਬਜ਼ੁਰਗ ਦੇ ਸੈਂਪ ਜਾਂਚ ਲਈ ਭੇਜੇ ਸਨ, ਇਸ ਬਾਰੇ ਸਿਹਤ ਵਿਭਾਗ ਦੇ ਅਧਿਕਾਰੀ ਕੁਝ ਵੀ ਦੱਸਣ ਤੋਂ ਬਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਪਣੇ ਦੋ ਹੋਰਨਾਂ ਸਾਥੀਆਂ ਨਾਲ ਕੁਝ ਦਿਨ ਪਹਿਲਾਂ ਇਟਲੀ ਗਿਆ ਸੀ। ਇਹ ਲੋਕ ਵਿਦੇਸ਼ ‘ਚ ਵੀ ਪਾਠ ਕਰਨ ਜਾਂਦੇ ਸਨ। ਇਟਲੀ ਤੋਂ ਵਾਪਸੀ ਮਗਰੋਂ ਉਹ ਬਿਮਾਰ ਹੋਇਆ ਸੀ ਜਿਸ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਲਾਸ਼ ਸਿਵਲ ਹਸਪਤਾਲ ਬੰਗਾ ‘ਚ ਰੱਖੀ ਗਈ ਹੈ। ਹਾਲਾਂਕਿ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮੌਤ ਦਿਲ ਦੀ ਬਿਮਾਰੀ ਕਾਰਨ ਹੋਈ ਹੈ, ਪਰ ਵਿਭਾਗ ਇਹ ਨਹੀਂ ਦੱਸ ਰਿਹਾ ਕਿ ਮਰੀਜ਼ ਦਾ ਕੋਰੋਨਾ ਵਾਇਰਸ ਟੈਸਟ ਕੀਤਾ ਗਿਆ ਸੀ। ਲਿਹਾਜ਼ਾ ਲੋਕਾਂ ‘ਚ ਮੌਤ ਨਾਲ ਦਹਿਸ਼ਤ ਹੈ। ਓਧਰ, ਸਰਕਾਰ ਨੇ ਸਾਰੇ ਸ਼ੌਪਿੰਗ ਮਾਲ, ਕਿਸਾਨ ਮੰਡੀਆਂ ਤੇ ਮਿਊਜ਼ਿਮ 31 ਮਾਰਚ ਤਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮਾਲ ‘ਚ ਕੈਮਿਸਟ ਤੇ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਰੇਹੜੀ ਵਾਲੇ ਗਲ਼ੀਆਂ ‘ਚ ਸਬਜ਼ੀਆਂ ਵੇਚ ਸਕਣਗੇ। ਸਾਰੇ ਧਾਰਮਿਕ ਸਥਾਨਾਂ, ਡੇਰਿਆਂ ਨੂੰ ਧਾਰਮਿਕ ਪ੍ਰੋਗਰਾਮ ਮੁਲਤਵੀ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਮੈਰਿਜ ਪੈਲੇਸਾਂ ‘ਚ 50 ਤੋਂ ਜ਼ਿਆਦਾ ਲੋਕਾਂ ਨੂੰ ਇਕੱਠੇ ਨਾ ਹੋਣ ਦਿਉ। ਸੂਬਾ ਪੁਲਿਸ ਹੈੱਡਕੁਆਰਟਰ ‘ਚ ਮੰਗਵਲਾਰ ਤੋਂ ਥਰਮਲ ਸਕੈਨਰ ਰਾਹੀਂ ਜਾਂਚ ਸ਼ੁਰੂ ਹੋ ਗਈ। ਸੂਬੇ ‘ਚ ਸਾਰੇ ਸਿਨੇਮਾ ਘਰ, ਸਵਿਮਿੰਗ ਪੂਲ ਤੇ ਜਿਮ ਪਹਿਲਾਂ ਹੀ ਬੰਦ ਹਨ। ਜਲੰਧਰ ਦੇ ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਸਮਾਰਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਆਨਲਾਈਨ ਪੜ੍ਹਾਈ ‘ਤੇ ਜ਼ੋਰ

ਰੂਪਨਗਰ ਆਈਆਈਟੀ ‘ਚ ਵਿਦਿਆਰਥੀਆਂ ਨੂੰ ਆਨਲਾਈਨ ਲੈਕਚਰ ਦਿੱਤਾ ਜਾਵੇਗਾ। ਪਟਿਆਲਾ ‘ਚ ਲਾਅ ਯੂਨੀਵਰਸਿਟੀ ਨੇ ਵੀ ਨੋਟਸ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਹਨ। ਪੰਜਾਬੀ ਯੂਨੀਵਰਸਿਟੀ ਨੇ ਸੋਮਵਾਰ ਨੂੰ ਆਨਲਾਈਨ ਕਲਾਸਾਂ ਦੀ ਸ਼ੁਰੂਆਤ ਕੀਤੀ ਸੀ।

Leave a Reply

Your email address will not be published. Required fields are marked *