ਅਮਰੀਕਾ: ਕੈਪੀਟਲ ਭਵਨਾਂ ਬਾਹਰ ਮੁੜ ਜੁੜੇ ਪ੍ਰਦਰਸ਼ਨਕਾਰੀ

ਵਾਸ਼ਿੰਗਟਨ : ਅਮਰੀਕੀ ਸੂਬਾਈ ਕੈਪੀਟਲ ਭਵਨਾਂ (ਵਿਧਾਨ ਸਭਾਵਾਂ) ਦੇ ਬਾਹਰ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਦੇ ਕੁਝ ਛੋਟੇ ਗੁੱਟ ਇਕੱਠੇ ਹੋਏ ਜਿਨ੍ਹਾਂ ’ਤੇ ਉਥੇ ਤਾਇਨਾਤ ਨੈਸ਼ਨਲ ਗਾਰਡ ਅਤੇ ਪੁਲੀਸ ਦੇ ਜਵਾਨ ਭਾਰੀ ਪਏ। ਕੁਝ ਪ੍ਰਦਰਸ਼ਨਕਾਰੀਆਂ ਕੋਲ ਹਥਿਆਰ ਵੀ ਸਨ। ਭੀੜ ਦੇ ਖਿੰਡਣ ਮਗਰੋਂ ਉਥੇ ਸੁੰਨ ਪਸਰ ਗਈ ਅਤੇ ਸੁਰੱਖਿਆ ਏਜੰਸੀ ਨੇ ਸੁੱਖ ਦਾ ਸਾਹ ਲਿਆ। ਜ਼ਿਕਰਯੋਗ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਬੁੱਧਵਾਰ ਨੂੰ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਹਥਿਆਰਬੰਦ ਵਿਅਕਤੀਆਂ ਵੱਲੋਂ ਹਿੰਸਾ ਦੇ ਖ਼ਦਸ਼ੇ ਅਤੇ ਹੋਰ ਖ਼ਤਰਿਆਂ ਦੇ ਸਬੰਧ ’ਚ ਐੱਫਬੀਆਈ ਦੀਆਂ ਰਿਪੋਰਟਾਂ ਮਗਰੋਂ ਰਾਜਧਾਨੀ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਉਧਰ ਸੂਬਿਆਂ ਦੇ ਕੈਪੀਟਲ ਭਵਨਾਂ ਨੂੰ ਵੀ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਵਾਸ਼ਿੰਗਟਨ ਵਿਚ ਨੈਸ਼ਨਲ ਮਾਲ ਨੂੰ ਬੰਦ ਕੀਤਾ ਗਿਆ ਹੈ ਤੇ ਆਉਂਦੇ ਦਿਨਾਂ ਵਿਚ 25 ਹਜ਼ਾਰ ਨੈਸ਼ਨਲ ਗਾਰਡ ਸ਼ਹਿਰ ਪੁੱਜ ਰਹੇ ਹਨ। ਪ੍ਰਦਰਸ਼ਨਕਾਰੀਆਂ ’ਚੋਂ ਕੁਝ ਨੇ ਕਿਹਾ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਕਰਨ ਲਈ ਇਥੇ ਆਏ ਹਨ। ਮਿਸ਼ੀਗਨ ਦੇ ਇਕ ਪ੍ਰਦਰਸ਼ਨਕਾਰੀ ਮਾਰਟਿਨ ਸਜ਼ੇਲੈਗ ਨੇ ਕਿਹਾ ਕਿ ਉਹ ਚੋਣ ਨਤੀਜਿਆਂ ’ਤੇ ਭਰੋਸਾ ਨਹੀਂ ਕਰਦਾ ਹੈ। ਉਸ ਨੇ ਗਲੇ ’ਚ ਤਖ਼ਤੀ ਲਟਕਾ ਰੱਖੀ ਸੀ ਜਿਸ ’ਤੇ ਲਿਖਿਆ ਸੀ ‘ਅਸੀਂ ਰਾਸ਼ਟਰਪਤੀ ਵਜੋਂ ਜੋਅ ਬਾਇਡਨ ਨੂੰ ਸਵੀਕਾਰ ਕਰ ਲਵਾਂਗੇ ਜੇਕਰ ਤੁਸੀਂ ਇਹ ਸਾਬਿਤ ਕਰ ਦਿਉ ਕਿ ਉਨ੍ਹਾਂ ਕਾਨੂੰਨੀ ਢੰਗ ਨਾਲ ਜਿੱਤ ਹਾਸਲ ਕੀਤੀ ਹੈ। ਸਾਨੂੰ ਸਬੂਤ ਦਿਖਾਓ।’ ਓਹਾਈਓ ਦੇ ਸੂਬਾਈ ਕੈਪੀਟਲ ਭਵਨ ਨੇੜੇ ਕਰੀਬ 20 ਵਿਅਕਤੀ ਪਹੁੰਚੇ ਜਿਨ੍ਹਾਂ ਦੇ ਹੱਥਾਂ ’ਚ ਬੰਦੂਕਾਂ ਸਨ। ਓਰੇਗਨ ਅਤੇ ਟੈਕਸਸ ’ਚ ਵੀ ਕੁਝ ਲੋਕਾਂ ਨੇ ਪ੍ਰਦਰਸ਼ਨ ਕੀਤਾ।

Leave a Reply

Your email address will not be published. Required fields are marked *