ਦੁਬਈ ’ਚ ਫਸੀਆਂ ਅੱਠ ਕੁੜੀਆਂ ਅੰਮ੍ਰਿਤਸਰ ਪਹੁੰਚੀਆਂ

ਅੰਮ੍ਰਿਤਸਰ : ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ ਔਰਤਾਂ ਜੋ ਦੁਬਈ ਵਿੱਚ ਵਧੀਆ ਭਵਿੱਖ ਲਈ ਗਈਆਂ ਸਨ ਪਰ ਉਥੇ ਫਸ ਗਈਆਂ, ਵਿਚੋਂ 11 ਔਰਤਾਂ ਨੂੰ ਅੱਜ ਸਰਬੱਤ ਦਾ ਭਲਾ ਟਰਸੱਟ ਨੇ ਦੁਬਈ ਤੋਂ ਵਾਪਸ ਅੰਮ੍ਰਿਤਸਰ ਲਿਆਂਦਾ, ਜਿੱਥੋਂ ਇਹ ਔਰਤਾਂ ਆਪਣੇ ਘਰਾਂ ਨੂੰ ਪਰਤ ਗਈਆਂ। ਇਨ੍ਹਾਂ 11 ਔਰਤਾਂ ਵਿਚੋਂ 3 ਔਰਤਾਂ ਬੀਤੇ ਕੱਲ੍ਹ ਜਹਾਜ਼ ਰਾਹੀਂ ਕੋਲਕਾਤਾ ਅਤੇ ਪਟਨਾ ਪੁੱਜੀਆਂ ਸਨ ਅਤੇ ਪੰਜਾਬ ਨਾਲ ਸਬੰਧਤ 9 ਵਿੱਚੋਂ 8 ਔਰਤਾਂ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀਆਂ। ਇੱਥੇ ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੇ ਮਾਪੇ ਤੇ ਹੋਰ ਰਿਸ਼ਤੇਦਾਰ ਹਾਜ਼ਰ ਸਨ। ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਖੁਦ ਇਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਹਵਾਈ ਅੱਡੇ ’ਤੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਕੁੜੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ, ਜੋ ਹੁਣ ਕੁਝ ਦਿਨ ਬਾਅਦ ਵਾਪਸ ਪਰਤੇਗੀ। ਉਨ੍ਹਾਂ ਦੱਸਿਆ ਕਿ ਹਰ ਔਰਤ ਦੀ ਵਾਪਸੀ ਲਈ ਡੇਢ ਤੋਂ ਤਿੰਨ ਲੱਖ ਰੁਪਏ ਤੱਕ ਦਾ ਖਰਚ ਆਇਆ ਹੈ। ਉਨ੍ਹਾਂ ਮੁਤਾਬਕ ਇਸ ਵੇਲੇ ਲਗਪਗ ਦੋ ਸੌ ਕੁੜੀਆਂ ਹੋਰ ਉਥੇ ਫਸੀਆਂ ਹੋਈਆਂ ਹਨ। ਉਹ ਇਨ੍ਹਾਂ ਤੋਂ ਪਹਿਲਾਂ ਵੀ ਸੱਤ ਕੁੜੀਆਂ ਨੂੰ ਵਾਪਸ ਲਿਆ ਚੁੱਕੇ ਹਨ।

ਇਨ੍ਹਾਂ ਵਿੱਚ ਦਲਜੀਤ ਕੌਰ ਪਿੰਡ ਜਲਾਲਪੁਰਾ, ਐੱਸਬੀਐੱਸ ਨਗਰ, ਸਰਬਜੀਤ ਕੌਰ ਪਿੰਡ ਚੱਕਾ ਸਿੰਘ ਗੜ੍ਹਸ਼ੰਕਰ, ਰਵੀਨਾ ਰਾਣੀ ਪਿੰਡ ਰਾਏਪੁਰ ਰਸੂਲਪੁਰ, ਬਬਲੀ ਕੁਮਾਰੀ ਅੰਮ੍ਰਿਤਸਰ, ਸੁਰਜੀਤ ਕੌਰ ਮੁਕੇਰੀਆਂ, ਅੰਮ੍ਰਿਤਪਾਲ ਕੌਰ ਪਿੰਡ ਸ਼ੇਖੂਪੁਰਾ, ਰਣਜੀਤ ਕੌਰ ਕਪੂਰਥਲਾ, ਮਨਦੀਪ ਕੌਰ ਮੁਕਤਸਰ ਸਾਹਿਬ ਸ਼ਾਮਲ ਹਨ। ਬਾਕੀ ਤਿੰਨ ਕੁੜੀਆਂ ਜਾਬਿਰਾ ਖਤੂਨ ਬਿਹਾਰ, ਰੁਕਮਨੀ ਖਾਇਰਾ ਪੱਛਮੀ ਬੰਗਾਲ ਅਤੇ ਬੇਗਮ ਸੰਜੂ ਕੋਲਕਾਤਾ ਨਾਲ ਸਬੰਧਤ ਹਨ।

‘ਨਰਕ ’ਚੋਂ ਹੋਈ ਵਾਪਸੀ’

ਦੁਬਈ ਤੋਂ ਪਰਤੀਆਂ ਕੁੜੀਆਂ ਨੇ ਦੱਸਿਆ ਕਿ ਉਥੇ ਉਨ੍ਹਾਂ ਨੇ ਬਦਤਰ ਹਾਲਾਤ ਵਿਚ ਦਿਨ ਬਤੀਤ ਕੀਤੇ ਹਨ। ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੀ ਨਰਕ ਤੋਂ ਵਾਪਸੀ ਹੋਈ ਹੈ। ਇਸ ਲਈ ਉਨ੍ਹਾਂ ਟਰਸੱਟ ਅਤੇ ਉਸ ਦੇ ਮੁਖੀ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *