ਨਿਰਮਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ

ਅੰਬਾਲਾ : ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਦੌਰਾਨ ਬੀਤੇ ਦਿਨ ਭਾਰਤ ਲਈ ਜਾਨ ਨਿਸ਼ਾਵਰ ਕਰਨ ਵਾਲੇ ਨਿਰਮਲ ਸਿੰਘ ਦੀ ਦੇਹ ਅੱਜ ਉਸ ਦੇ ਪਿੰਡ ਜਨਸੂਈ ਪਹੁੰਚੀ, ਜਿੱਥੇ ਪੂਰੇ ਸਨਮਾਨਾਂ ਨਾਲ ਉਸ ਦਾ ਸਸਕਾਰ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਉਸ ਦੇ ਚਾਰ ਸਾਲ ਦੇ ਪੁੱਤਰ ਅੰਸ਼ਦੀਪ ਨੇ ਦਿਖਾਈ ਤੇ ਫ਼ੌਜ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ, ਵਿਧਾਇਕ ਅਸੀਮ ਗੋਇਲ, ਨਗਰ ਨਿਗਮ ਮੇਅਰ ਸ਼ਕਤੀ ਰਾਣੀ ਸ਼ਰਮਾ, ਐੱਸਪੀ ਹਾਮਿਦ ਅਖ਼ਤਰ, ਸਾਬਕਾ ਵਿਧਾਇਕ ਜਸਬੀਰ ਮਲੌਰ, ਆਰਮੀ ਕੈਪਟਨ ਅਨੁਪਮ ਵਸ਼ਿਸ਼ਠ, ਸਾਬਕਾ ਸੈਨਿਕ ਵੈੱਲਫੇਅਰ ਦੇ ਸੂਬੇਦਾਰ ਅਤਰ ਸਿੰਘ ਮੁਲਤਾਨੀ, ਰਾਸ਼ਟਰੀ ਪੰਜਾਬੀ ਸਭਾ ਦੇ ਸੁਰਿੰਦਰ ਜੁਨੇਜਾ ਆਦਿ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।

ਜਾਣਕਾਰੀ ਅਨੁਸਾਰ ਸ਼ਹੀਦ ਨਿਰਮਲ ਸਿੰਘ ਦੇ ਦਾਦਾ ਵੀ ਫੌਜ ’ਚੋਂ ਸੇਵਾਮੁਕਤ ਸਨ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਉਹ ਸਾਲ 2003 ਵਿੱਚ 10ਵੀਂ ਜੰਮੂ-ਕਸ਼ਮੀਰ ਰਾਈਫਲ ਵਿੱਚ ਭਰਤੀ ਹੋਇਆ ਸੀ। ਅੱਜ-ਕੱਲ੍ਹ ਉਹ ਦੇਸ਼ ਦੀਆਂ ਅਗਲੀਆਂ ਚੌਕੀਆਂ ’ਤੇ ਤਾਇਨਾਤ ਸੀ। ਬੀਤੇ ਦਿਨ ਪੁਣਛ ਖੇਤਰ ਵਿੱਚ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਤੇ ਅੱਜ ਫ਼ੌਜ ਦੀ ਗੱਡੀ ਸ਼ਹੀਦ ਦੀ ਦੇਹ ਲੈ ਕੇ ਪਿੰਡ ਪਹੁੰਚੀ। ਦੇਹ ਪਿੰਡ ਪੁੱਜਣ ’ਤੇ ਸਾਰੇ ਇਲਾਕੇ ਵਿੱਚ ਸੋਗ ਫੈਲ ਗਿਆ।

ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ-ਪਾਕਿ ਸੀਮਾ ’ਤੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਸੈਕਟਰ ਵਿੱਚ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ, ਜਿਸ ਦੇ ਚੱਲਦਿਆਂ ਹਵਲਦਾਰ ਨਿਰਮਲ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਅਤੇ ਮਗਰੋਂ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਦੇਹ ਹਵਾਈ ਰਸਤੇ ਰਾਜੌਰੀ ਤੋਂ ਛਾਉਣੀ ਏਅਰ ਫੋਰਸ ਸਟੇਸ਼ਨ ਲਿਆਂਦੀ ਗਈ, ਜਿੱਥੋਂ ਆਰਮੀ ਦਾ ਵਾਹਨ ਉਸ ਨੂੰ ਉਨ੍ਹਾਂ ਦੇ ਘਰ ਤਕ ਲੈ ਕੇ ਆਇਆ। ਉਹ ਮਾਤਾ ਭਜਨ ਕੌਰ, ਪਤਨੀ ਗੁਰਵਿੰਦਰ ਕੌਰ, 9 ਸਾਲਾ ਬੇਟੀ ਹਰਮਨਦੀਪ ਕੌਰ ਤੇ 4 ਸਾਲ ਦੇ ਬੇਟੇ ਵੰਸ਼ਦੀਪ ਸਿੰਘ ਦਾ ਇਕਲੌਤਾ ਸਹਾਰਾ ਸੀ।

Leave a Reply

Your email address will not be published. Required fields are marked *