‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’

ਚੰਡੀਗੜ੍ਹ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਅੱਜ ਇੱਥੋਂ ਦੇ ਸੈਕਟਰ-17 ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਪ੍ਰੋ. ਸੁਰਜੀਤ ਲੀਅ, ਕਿਰਪਾਲ ਕਜ਼ਾਕ, ਅਤਰਜੀਤ, ਡਾ. ਪਾਲ ਕੌਰ, ਦਰਸ਼ਨ ਸਿੰਘ ਬੁੱਟਰ, ਡਾ. ਅਲੀ ਜਾਵੇਦ ਅਤੇ ਫਰਹਤ ਰਿਜ਼ਵੀ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਪੰਜਾਬ ਰਾਜ ਭਵਨ ਵੱਲ ਮਾਰਚ ਕੀਤਾ ਪਰ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ਵਿੱਚ ਹੀ ਰੋਕ ਲਿਆ। ਪ੍ਰਦਰਸ਼ਨਕਾਰੀਆਂ ਨੇ ਇਸ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਪਰੰਤ ਉਨ੍ਹਾਂ ਮੌਕੇ ’ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ, ਜਿਸ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਰਦੂ ਲੇਖਿਕਾ ਫਰਹਤ ਰਿਜ਼ਵੀ ਨੇ ਕਿਹਾ ਕਿ ਇਹ ਕਿਸਾਨੀ ਅੰਦੋਲਨ ਨਹੀਂ, ਸਗੋਂ ਜਨ ਅੰਦੋਲਨ ਹੈ। ਲੇਖਕ ਸੰਘ ਦੇ ਕਾਰਜਕਾਰੀ ਪ੍ਰਧਾਨ ਡਾ. ਅਲੀ ਜਾਵੇਦ ਨੇ ਕਿਹਾ ਕਿ ਕਿਰਤੀਆਂ ਨੇ ਹਮੇਸ਼ਾ ਇਤਿਹਾਸ ਬਦਲਿਆ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਇਕ ਅਜਿਹੇ ਰਾਸ਼ਟਰ ਦੀ ਸਿਰਜਣਾ ਕਰ ਰਹੇ ਹਨ ਜੋ ਮੁਹੱਬਤ ਅਤੇ ਭਾਈਚਾਰੇ ਦਾ ਹੈ। ਦਰਸ਼ਨ ਬੁੱਟਰ ਨੇ ਕਿਹਾ ਕਿ ਕਿਸਾਨੀ ਦੇਸ਼ ਨੂੰ ਰਾਹ ਦਿਖਾ ਰਹੀ ਹੈ ਅਤੇ ਭਵਿੱਖ ਦੇ ਅੰਦੋਲਨ ਇਸ ਕਿਸਾਨੀ ਸੰਘਰਸ਼ ਤੋਂ ਸਬਕ ਲੈਣਗੇ।

ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਵਿੱਚ ਸੁਚੇਤਕ ਰੰਗ ਮੰਚ, ਸੈਮੁਅਲ ਜੌਹਨ ਅਤੇ ਅਦਾਕਾਰ ਮੰਚ ਮੁਹਾਲੀ ਨੇ ਕੇਂਦਰ ਸਰਕਾਰ ਦੇ ਤਾਨਾਸ਼ਾਹ ਰਵੱਈਏ ਨੂੰ ਦਰਸਾਉਂਦੇ ਤਿੰਨ ਨਾਟਕ ਪੇਸ਼ ਕੀਤੇ ਜਦਕਿ ਪ੍ਰਸਿੱਧ ਗਾਇਕ ਨੀਲੇ ਖਾਂ, ਸੁੱਖੀ ਈਦੂ ਸ਼ਰੀਫ਼ ਅਤੇ ਭੁਪਿੰਦਰ ਬੱਬਲ ਨੇ ਗੀਤ ਪੇਸ਼ ਕੀਤੇ। ਇਸ ਪ੍ਰਦਰਸ਼ਨ ਵਿੱਚ ਸੁਰਜੀਤ ਜੱਜ, ਡਾ. ਜਸਵੀਰ ਕੇਸਰ, ਸੁਰਿੰਦਰ ਗਿੱਲ, ਸਿਰੀ ਰਾਮ ਅਰਸ਼, ਹਰਬੰਸ ਧੀਮਾਨ, ਗੁਰਦੇਵ ਸਿੰਘ ਸਿੱਧੂ, ਸੁਖਮਿੰਦਰ ਗੱਜਣਵਾਲਾ, ਸ਼ਬਦੀਸ਼, ਹਰਮੀਤ, ਰਮੇਸ਼ ਯਾਦਵ, ਭੁਪਿੰਦਰ ਸੰਧੂ, ਸ਼ਮਸ਼ੇਰ ਮੋਹੀ, ਐਡਵੋਕੇਟ ਪਰਮਜੀਤ ਸਿੰਘ ਖੱਟੜਾ, ਸੁਰਜੀਤ ਬਰਾੜ, ਗੁਲਜ਼ਾਰ ਪੰਧੇਰ, ਸੁਰਿੰਦਰ ਕੈਲੇ, ਤਰਲੋਚਨ ਝਾਂਡੇ, ਜਸਵੀਰ ਝੱਜ, ਇੰਦਰਜੀਤ ਬਾਲਾ, ਤੇਜਿੰਦਰ ਬਾਜ, ਯਤਿੰਦਰ ਮਾਹਿਲ, ਪਰਮਜੀਤ ਮਾਨ, ਜਸਪਾਲ ਮਾਨਖੇੜਾ, ਰਣਬੀਰ ਰਾਣਾ, ਰਵਿੰਦਰ ਸੰਧੂ, ਲਕਸ਼ਮੀ ਨਰਾਇਣ ਭੀਖੀ, ਅਰਵਿੰਦਰ ਕੌਰ ਕਾਕੜਾ, ਸੱਤਪਾਲ ਭੀਖੀ, ਬਲਕਾਰ ਸਿੱਧੂ, ਸੰਤੋਖ ਸੁੱਖੀ, ਅਰਵਿੰਦਰ ਅਮਨ, ਪਰਵੀਨ, ਗੁਰਮੇਲ ਸਿੰਘ, ਡਾ. ਰਾਜੇਸ਼, ਅਮੀਰ ਸੁਲਤਾਨਾ, ਪ੍ਰੋ. ਕੁਲਦੀਪ ਸਿੰਘ, ਸ਼ਿੰਦਰਪਾਲ ਸਿੰਘ, ਅਨੀਤਾ ਸ਼ਬਦੀਸ਼, ਮਲਕੀਅਤ ਬਸਰਾ, ਡਾ. ਭੁਪਿੰਦਰ ਕੌਰ, ਚੰਦਰ ਮੋਹਨ, ਗੁਰਦੀਪ ਕੌਰ, ਜਤਿੰਦਰ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ, ਕਰਮ ਸਿੰਘ ਵਕੀਲ ਤੋਂ ਇਲਾਵਾ ਵੱਡੀ ਗਿਣਤੀ ਲੇਖਕ, ਬੁੱਧੀਜੀਵੀ, ਪੱਤਰਕਾਰ ਤੇ ਕਲਾਕਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ, ਕੇਂਦਰੀ ਰੰਗਮੰਚ ਸਭਾ, ਅਦਾਰਾ ਪ੍ਰਸੰਗ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਸਾਹਿਤ ਚਿੰਤਨ ਚੰਡੀਗੜ੍ਹ, ਪੰਜਾਬੀ ਲੇਖਕ ਸਭਾ ਮੁਹਾਲੀ ਅਤੇ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਬਠਿੰਡਾ, ਬਰਨਾਲਾ, ਪਟਿਆਲਾ, ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ, ਮੋਗਾ, ਫਿਰੋਜ਼ਪੁਰ, ਮੁਕਤਸਰ, ਰੋਪੜ ਤੇ ਚੰਡੀਗੜ੍ਹ ਇਕਾਈਆਂ ਦੇ ਮੈਂਬਰ ਵੀ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *