ਦਹਿਸ਼ਤ ਤੋਂ ਬਚਣਾ ਜ਼ਰੂਰੀ

ਕਰੋਨਾਵਾਇਰਸ ਨੇ ਸਾਰੀ ਦੁਨੀਆਂ ’ਚ ਦਹਿਸ਼ਤ ਫੈਲਾਉਣ ਤੋਂ ਬਾਅਦ ਭਾਰਤ ਨੂੰ ਵੀ ਲਪੇਟ ਵਿਚ ਲੈ ਲਿਆ ਹੈ। ਦੁਨੀਆਂ ਸਦੀਆਂ ਤੋਂ ਵਾਇਰਸ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਦਾ ਸਾਹਮਣਾ ਕਰਦੀ ਆਈ ਹੈ। ਪਿਛਲੇ 20 ਸਾਲਾਂ ਦੌਰਾਨ ਸਵਾਈਨ ਫਲੂ-ਸਾਰਸ ਨੇ ਵੀ ਦੁਨੀਆਂ ਵਿਚ ਵੱਡੇ ਪੱਧਰ ਦਾ ਕਹਿਰ ਢਾਹਿਆ। ਇਸ ਬਿਮਾਰੀ ਵਿਚ ਮੌਤ ਦਰ ਕਾਫ਼ੀ ਜ਼ਿਆਦਾ ਸੀ। ਕਰੋਨਾਵਾਇਰਸ ਸਾਰਸ-ਮਰਸ ਪਰਿਵਾਰ ਦੇ ਵਾਇਰਸ ਦਾ ਨਵਾਂ ਰੂਪ ਹੈ। ਇਹ ਵਾਇਰਸ ਆਪਣੀ ਬਣਤਰ ਵਿਚ ਬਦਲਾਓ ਲਿਆਉਣ ਕਰਕੇ ਜ਼ਿਆਦਾ ਘਾਤਕ ਹੈ। ਜਿੱਥੇ ਸਾਰਸ ਦੇ ਫੈਲਣ ਦੀ ਰਫ਼ਤਾਰ ਕਾਫ਼ੀ ਘੱਟ ਸੀ, ਉੱਥੇ ਕਰੋਨਾਵਾਇਰਸ ਦੇ ਫੈਲਣ ਦੀ ਰਫ਼ਤਾਰ ਕਾਫ਼ੀ ਤੇਜ਼ ਹੈ। ਸਭ ਤੋਂ ਜ਼ਿਆਦਾ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਵਾਇਰਸ ਹਵਾ ਰਾਹੀਂ ਨਹੀਂ ਫੈਲਦਾ। ਕੋਈ ਵੀ ਇਸ ਵਾਇਰਸ ਤੋਂ ਤਦ ਬਿਮਾਰ ਹੁੰਦਾ ਹੈ ਜਦ ਉਹ ਪਹਿਲਾਂ ਤੋਂ ਹੀ ਇਸ ਵਾਇਰਸ ਨਾਲ ਬਿਮਾਰ ਹੋਏ ਬੰਦੇ ਦੇ ਨਜ਼ਦੀਕ ਜਾਂਦਾ ਹੈ ਅਤੇ ਬਿਮਾਰ ਬੰਦੇ ਦੀ ਖੰਘ ਜਾਂ ਛਿੱਕਾਂ ਨਾਲ ਕਰੋਨਾ ਦੇ ਜਰਮ ਬਾਹਰ ਆਉਣ ’ਤੇ ਉਸ ਸਿਹਤਮੰਦ ਬੰਦੇ ਦੇ ਹੱਥਾਂ, ਮੂੰਹ ਜਾਂ ਹੋਰ ਅੰਗਾਂ ਉੱਤੇ ਡਿੱਗਦੇ ਹਨ। ਇਸ ਤਰ੍ਹਾਂ ਮਾਸਕ ਲਾਉਣ ਦੀ ਜ਼ਰੂਰਤ ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਹੈ, ਨਾ ਕਿ ਸਿਹਤਮੰਦ ਲੋਕਾਂ ਨੂੰ। ਇਸ ਵਾਇਰਸ ਦੀ ਲੰਬਾਈ ਦੂਸਰੇ ਵਾਇਰਸ ਨਾਲੋਂ ਜ਼ਿਆਦਾ ਹੈ, ਇਸ ਲਈ ਕਿਸੇ ਖ਼ਾਸ ਤਰ੍ਹਾਂ ਦੇ ਮਾਸਕ ਦੀ ਜ਼ਰੂਰਤ ਨਹੀਂ। ਆਮ ਮਾਸਕ ਜਾਂ ਰੁਮਾਲ ਇਸ ਵਾਇਰਸ ਦਾ ਫੈਲਾਓ ਰੋਕਣ ਲਈ ਕਾਰਗਰ ਹਨ।

ਇਸ ਵਾਇਰਸ ਦੇ ਫੈਲਣ ਦਾ ਖ਼ਤਰਾ ਉਦੋਂ ਜ਼ਿਆਦਾ ਹੁੰਦਾ ਹੈ ਜਦ ਪੀੜਤ ਆਦਮੀ ਕਿਸੇ ਜਨਤਕ ਥਾਂ ’ਤੇ ਜਾ ਕੇ ਦਰਵਾਜ਼ਿਆਂ, ਟੂਟੀਆਂ ਜਾਂ ਰੇਲਿੰਗ ਆਦਿ ਨੂੰ ਛੂੰਹਦਾ ਹੈ ਕਿਉਂਕਿ ਇਹ ਵਾਇਰਸ ਧਾਤ ਵਾਲੀ ਧਰਾਤਲ ’ਤੇ 12 ਘੰਟੇ ਤਕ ਜਿਊਂਦਾ ਰਹਿ ਸਕਦਾ ਹੈ। ਇਸੇ ਲਈ ਜਨਤਕ ਥਾਵਾਂ ’ਤੇ ਦਰਵਾਜ਼ਿਆਂ, ਟੂਟੀਆਂ, ਰੇਲਿੰਗ ਆਦਿ ਨੂੰ ਹੱਥ ਲਾਉਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਣਾ ਬਹੁਤ ਜ਼ਰੂਰੀ ਹੈ। ਸਰਕਾਰ ਨੇ ਇਸ ਸਬੰਧ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹਨ ਅਤੇ ਜਨਤਕ ਥਾਵਾਂ ’ਤੇ ਭੀੜ ਘਟ ਰਹੀ ਹੈ। ਭੀੜ-ਭੜੱਕੇ ਵਾਲੀ ਜਗ੍ਹਾ ’ਤੇ ਜਾਣ ਤੋਂ ਪਰਹੇਜ਼ ਕਰਨਾ ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਕਾਰਗਰ ਉਪਾਅ ਹੈ। ਇਸੇ ਤਰ੍ਹਾਂ ਆਪਣੀ ਸਰੀਰਕ ਤਾਕਤ ਨੂੰ ਬਣਾ ਕੇ ਰੱਖਣ ਦੀ ਜ਼ਰੂਰਤ ਹੈ ਅਤੇ ਇਸ ਲਈ ਭਰ-ਪੇਟ ਪੌਸ਼ਟਿਕ ਖਾਣਾ ਜ਼ਰੂਰੀ ਹੈ।

ਦੇਸ਼ ’ਚ ਸੂਬਿਆਂ ਦੀ ਪੱਧਰ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਦੇ ਨਾਲ ਨਾਲ ਸਰਕਾਰਾਂ, ਮੀਡੀਆ ਤੇ ਡਾਕਟਰਾਂ ਨੂੰ ਇਸ ਬਿਮਾਰੀ ਬਾਰੇ ਸਹੀ ਜਾਣਕਾਰੀ ਦੇਣ ਲਈ ਵੱਡੇ ਕਦਮ ਚੁੱਕਣੇ ਚਾਹੀਦੇ ਹਨ। ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਦਹਿਸ਼ਤ ਵਿਚ ਆਉਣ ਤੋਂ ਜ਼ਿਆਦਾ ਸੁਚੇਤ ਹੋਣਾ ਜ਼ਰੂਰੀ ਹੈ। ਹਿੰਦੋਸਤਾਨ ਵਿਚ ਹੁਣ ਤਕ ਹੋਏ ਸਰਵੇਖਣਾਂ ਅਨੁਸਾਰ ਇਹ ਬਿਮਾਰੀ ਇਕ ਰੋਗੀ ਤੋਂ 1.7 ਜਾਂ ਏਦਾਂ ਕਿਹਾ ਜਾ ਸਕਦਾ ਹੈ ਕਿ ਦੋ ਜਣਿਆਂ ਤਕ ਫੈਲ ਸਕਦੀ ਹੈ। ਫੈਲਣ ਦੀ ਇਸ ਰਫ਼ਤਾਰ ਨੂੰ ਬਹੁਤ ਤੇਜ਼ ਮੰਨਿਆ ਜਾਂਦਾ ਹੈ ਕਿਉਂਕਿ ਇਸ ਰਫ਼ਤਾਰ ਅਨੁਸਾਰ ਹਫ਼ਤੇ ਵਿਚ ਹੀ ਕਿਸੇ ਵੀ ਥਾਂ ’ਤੇ ਕੇਸਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਲੋਕਾਂ ਨੂੰ ਇਹ ਸੂਚਿਤ ਕਰਨ ਦੀ ਵੀ ਜ਼ਰੂਰਤ ਹੈ ਕਿ ਸਿਹਤਮੰਦ ਖੁਰਾਕ ਅਤੇ ਪਰਹੇਜ਼ ਨਾਲ ਇਸ ਬਿਮਾਰੀ ਨਾਲ ਲੜਿਆ ਜਾ ਸਕਦਾ ਹੈ ਕਿਉਂਕਿ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਸਾਰਸ ਦੇ ਮੁਕਾਬਲੇ ਕਾਫ਼ੀ ਘੱਟ ਹੈ। ਸਾਰਸ ਦੀ ਬਿਮਾਰੀ ਨਾਲ ਪੀੜਤ ਲੋਕਾਂ ਵਿਚੋਂ 10 ਫ਼ੀਸਦੀ ਦੀ ਮੌਤ ਹੋ ਗਈ ਸੀ ਜਦੋਂਕਿ ਇਸ ਵੇਲ਼ੇ ਕਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦੀ ਦਰ 2.5 ਫ਼ੀਸਦੀ ਤੋਂ 3 ਫ਼ੀਸਦੀ ਦੇ ਵਿਚਕਾਰ ਹੈ ਪਰ ਡਾਕਟਰਾਂ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਉੱਤੇ ਅਮਲ ਕਰਕੇ ਇਸ ਬਿਮਾਰੀ ’ਤੇ ਕਾਬੂ ਪਾਉਣਾ ਜ਼ਿਆਦਾ ਮੁਸ਼ਕਲ ਨਹੀਂ। ਵੱਡੇ ਪੱਧਰ ਉੱਤੇ ਫੈਲ ਰਹੀ ਦਹਿਸ਼ਤ ਸਮਾਜ ’ਤੇ ਵੱਡੇ ਆਰਥਿਕ ਅਤੇ ਸਮਾਜਿਕ ਅਸਰ ਪਾਏਗੀ। ਕਰੋਨਾਵਾਇਰਸ ਨਾਲ ਲੜਨ ਦੇ ਨਾਲ ਨਾਲ ਇਸ ਦਹਿਸ਼ਤ ਦੇ ਵਿਰੁੱਧ ਲੜਨਾ ਵੀ ਜ਼ਰੂਰੀ ਹੈ।

Leave a Reply

Your email address will not be published. Required fields are marked *