ਅਫ਼ਗਾਨਿਸਤਾਨ ’ਚ ਧਮਾਕੇ, 4 ਪੁਲੀਸ ਕਰਮੀਆਂ ਸਣੇ 8 ਮੁਲਾਜ਼ਮ ਹਲਾਕ

ਕਾਬੁਲ : ਅਫ਼ਗਾਨਿਸਤਾਨ ਵਿੱਚ ਅੱਜ ਹੋਏ ਵੱਖ-ਵੱਖ ਧਮਾਕਿਆਂ ਵਿੱਚ ਚਾਰ ਪੁਲੀਸ ਕਰਮੀ ਅਤੇ ਚਾਰ ਸਰਕਾਰੀ ਮੁਲਾਜ਼ਮ ਹਲਾਕ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲੇ ਦੀ ਕਿਸੇ ਜੱਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ। ਸ਼ਹਿਰੀ ਪੁਲੀਸ ਮੁਖੀ ਦੇ ਤਰਜਮਾਨ ਐੱਫ. ਫਰਮਾਰਜ਼ ਮੁਤਾਬਕ, ਹਮਲਾਵਰਾਂ ਨੇ ਦੇਸ਼ ਦੀ ਰਾਜਧਾਨੀ ਕਾਬੁਲ ਦੇ ਬਾਗ਼-ਏ-ਦਾਊਦ ਇਲਾਕੇ ਵਿੱਚ ਗੋਲੀਆਂ ਚਲਾ ਦਿੱਤੀਆਂ, ਵਿੱਚ ਦਿਹਾਤੀ ਵਿਕਾਸ ਮੰਤਰਾਲੇ ਦੇ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਬੁਲ ਵਿੱਚ ਹੀ ਇੱਕ ਹੋਰ ਥਾਂ ਕਾਰ ਨਾਲ ਚਿਪਕਾਇਆ ਬੰਬ ਫਟ ਗਿਆ, ਜਿਸ ਵਿੱਚ ਇੱਕ ਮੁਲਾਜ਼ਮ ਜ਼ਖ਼ਮੀ ਹੋ ਗਿਆ। ਹੇਰਾਤ ਦੇ ਗਵਰਨਰ ਵਾਹਿਦ ਕਤਾਲੀ ਨੇ ਦੱਸਿਆ ਕਿ ਸੂਬੇ ਦੇ ਜ਼ੈਂਦਾ ਜਾਨ ਜ਼ਿਲ੍ਹੇ ਪੁਲੀਸ ਦਾ ਇੱਕ ਵਾਹਨ ਸੜਕ ਕੰਢੇ ਲੱਗੇ ਬੰਬ ਦੀ ਜੱਦ ਵਿੱਚ ਆ ਗਿਆ, ਜਿਸ ਵਿੱਚ ਚਾਰ ਪੁਲੀਸ ਮੁਲਾਜ਼ਮ ਮਾਰੇ ਗਏ ਅਤੇ ਇੱਕ ਫੱਟੜ ਹੋ ਗਿਆ।

ਜ਼ਿਕਰਯੋਗ ਹੈ ਕਿ ਅਫ਼ਗਾਨ ਸਰਕਾਰ ਅਤੇ ਤਾਲਿਬਾਨ ਵਿਚਾਲੇ ਕਤਰ ਵਿੱਚ ਮਹੀਨਿਆਂ ਤੋਂ ਚੱਲ ਰਹੀ ਸ਼ਾਂਤੀਵਾਰਤਾ ਵਿੱਚ ਕੁੜੱਤਣ ਪੈਦਾ ਹੋਣ ਮਗਰੋਂ ਦੇਸ਼ ਵਿੱਚ ਹਿੰਸਾ ਦੀਆਂ ਘਟਨਾਵਾਂ ਵਧ ਗਈਆਂ ਹਨ। ਕਾਬੁਲ ਵਿੱਚ ਹਾਲ ਹੀ ’ਚ ਇਸਲਾਮਿਕ ਸਟੇਟ ਗਰੁੱਪ ਦੇ ਹਮਲਿਆਂ ਵਿੱਚ ਵੀ ਵਾਧਾ ਹੋਇਆ ਹੈ। ਕੌਮੀ ਰਾਜਧਾਨੀ ਵਿੱਚ ਸ਼ਨਿਚਰਵਾਰ ਨੂੰ ਘੱਟਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਇਸ ਗਰੁੱਪ ਨੇ ਲਈ ਹੈ।

ਅਫ਼ਗਾਨਿਸਤਾਨ ’ਚ ਵਧ ਰਹੀ ਹਿੰਸਾ ਤੋਂ ਮੋਦੀ ਚਿੰਤਤ

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫ਼ਗਾਨਿਸਤਾਨ ਵਿੱਚ ਵਧ ਰਹੀਆਂ ਹਿੰਸਕ ਘਟਨਾਵਾਂ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਜੰਗ ਦੀ ਸਥਿਤੀ ਨੂੰ ਖ਼ਤਮ ਕਰਨ ਲਈ ਵਿਆਪਕ ਜੰਗਬੰਦੀ ਦਾ ਸੱਦਾ ਦਿੱਤਾ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਡਿਜੀਟਲ ਰਾਹੀਂ ਹੋਈ ਇੱਕ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਖਾਨਾਜੰਗੀ ਵਾਲੇ ਦੇਸ਼ ਦੇ ਵਿਕਾਸ ਸਫ਼ਰ ਵਿੱਚ ਭਾਰਤ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *