ਸਾਬਕਾ ਕੌਂਸਲਰ ਨੇ ਚੜ੍ਹਾਈ ਗੱਡੀ, ਦੋ ਅਕਾਲੀ ਹਲਾਕ

ਮੋਗਾ : ਇਥੇ ਸਾਬਕਾ ਕੌਂਸਲਰ ਤੇ ਕਾਂਗਰਸੀ ਉਮੀਦਵਾਰ ਦੇ ਪਤੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ’ਤੇ ਗੱਡੀ ਚੜ੍ਹਾ ਦੇਣ ਨਾਲ ਅਕਾਲੀ ਉਮੀਦਵਾਰ ਦੇ ਕੁੜਮ ਸਮੇਤ ਦੋ ਦੀ ਮੌਤ ਹੋ ਗਈ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਵਾਪਰੀ ਇਸ ਹਿੰਸਕ ਵਾਰਦਾਤ ਕਾਰਨ ਮੋਗਾ ਸ਼ਹਿਰ ’ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਿਟੀ ਪੁਲੀਸ ਨੇ ਕੇਸ ਦਰਜ ਕਰਕੇ ਕਾਂਗਰਸੀ ਉਮੀਦਵਾਰ ਦੇ ਪਤੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇੱਥੇ ਵਾਰਡ ਨੰਬਰ 9 ਤੋਂ ਸਾਬਕਾ ਅਕਾਲੀ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਦੀ ਪਤਨੀ ਪਰਮਜੀਤ ਕੌਰ ਸਿੱਧੂ ਕਾਂਗਰਸ ਵੱਲੋਂ ਜਦਕਿ ਸੇਵਾਮੁਕਤ ਡੀਐੱਸਪੀ ਮਰਹੂਮ ਹਰਦੇਵ ਸਿੰਘ ਕੁਲਾਰ ਦੀ ਨੂੰਹ ਕੁਲਵਿੰਦਰ ਕੌਰ ਕੁਲਾਰ ਅਕਾਲੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਅਕਾਲੀ ਉਮੀਦਵਾਰ ਦੇ ਪਤੀ ਗੁਰਤੇਜ ਸਿੰਘ ਉਰਫ਼ ਰਾਜੂ ਨੇ ਪੁਲੀਸ ਨੂੰ ਬਿਆਨ ਦਿੱਤੇ ਕਿ ਉਹ ਮੰਗਲਵਾਰ ਦੇਰ ਰਾਤ ਚੋਣ ਪ੍ਰਚਾਰ ਕਰ ਰਹੇ ਸਨ। ਇਸੇ ਦੌਰਾਨ ਕਾਂਗਰਸੀ ਉਮੀਦਵਾਰ ਦੇ ਪਤੀ ਨਰਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਫਾਰਚੂਨਰ, ਸਕਾਰਪੀਓ ਤੇ ਪਜੇਰੋ ਗੱਡੀਆਂ ਵਿੱਚ ਸਵਾਰ ਲੋਕ ਲਲਕਾਰੇ ਅਤੇ ਹੂਟਰ ਮਾਰਦੇ ਆਏ ਅਤੇ ਉਥੇ ਖੜ੍ਹੇ ਉਸ ਦੇ ਕੁੜਮ ਜਗਦੀਪ ਸਿੰਘ ਉਰਫ਼ ਭੋਲਾ ਸਰਪੰਚ ਅਤੇ ਹਰਮਿੰਦਰ ਸਿੰਘ ਉਰਫ਼ ਬੱਬੂ ਗਿੱਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰਨਾਂ ’ਤੇ ਗੱਡੀਆਂ ਚੜ੍ਹਾ ਦਿੱਤੀਆਂ। ਹਰਮਿੰਦਰ ਸਿੰਘ ਉਰਫ਼ ਬੱਬੂ ਗਿੱਲ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਡਾਕਟਰਾਂ ਨੇ ਗੰਭੀਰ ਜ਼ਖ਼ਮੀ ਜਗਦੀਪ ਸਿੰਘ ਉਰਫ਼ ਭੋਲਾ ਨੂੰ ਡੀਐੱਮਸੀ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਘਟਨਾ ’ਚ ਜ਼ਖ਼ਮੀ ਮਲਕੀਤ ਸਿੰਘ ਪਿੰਡ ਦੀਪ ਸਿੰਘ ਵਾਲਾ ਸਥਾਨਕ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਸ ਮਾਮਲੇ ’ਚ ਪੁਲੀਸ ਨੇ ਕਾਂਗਰਸੀ ਉਮੀਦਵਾਰ ਦੇ ਪੁੱਤਰ ਜਸਲਵਪ੍ਰੀਤ ਸਿੰਘ ਸਿੱਧੂ, ਲਾਲੀ, ਹੈਪੀ ਤੇ ਇੱਕ ਪੱਤਰਕਾਰ ਦੇ ਪੁੱਤਰ ਟੀ.ਟੀ. ਸ਼ਰਮਾ ਅਤੇ ਦੋ ਹੋਰ ਸਕੇ ਭਰਾਵਾਂ ਨੂੰ ਨਾਮਜ਼ਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਤੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਸਮੇਤ ਕੁਝ ਅਣਪਛਾਤੇ ਮੁਲਜ਼ਮਾਂ ਤੋਂ ਇਲਾਵਾ 9 ਖ਼ਿਲਾਫ਼ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ, ਜਸਮੇਲ ਸਿੰਘ ਉਰਫ਼ ਨਿੱਕੂ ਅਤੇ ਪੰਮਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀਆਂ ਦੋ ਗੱਡੀਆਂ ਵੀ ਕਬਜ਼ੇ ’ਚ ਲੈ ਲਈਆਂ ਗਈਆਂ ਹਨ।

ਦੂਜੇ ਪਾਸੇ ਕਾਂਗਰਸੀ ਆਗੂ ਇਹ ਦਾਅਵਾ ਕਰ ਰਹੇ ਹਨ ਕਿ ਅਕਾਲੀ ਵਰਕਰ ਸ਼ਰਾਬ ਵੰਡ ਰਹੇ ਸਨ, ਉਹ ਤਾਂ ਸਿਰਫ਼ ਉਨ੍ਹਾਂ ਨੂੰ ਰੋਕਣ ਗਏ ਸਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਪੁਲੀਸ ਦੀ ਮੌਜਦੂਗੀ ਵਿੱਚ ਹੋਈ ਇਸ ਘਟਨਾ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਜਦਕਿ ਸੱਤਾਧਾਰੀਆਂ ਵੱਲੋਂ ਸੱਤਾ ਦੀ ਕਥਿਤ ਗਲਤ ਵਰਤੋਂ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *