ਬਸਤੀਆਂ ’ਚ ਵੋਟਾਂ ਖਰੀਦਣ ਦੇ ਚਰਚੇ

ਮਾਨਸਾ : ਚੋਣ ਕਮਿਸ਼ਨ ਦੇ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਦਾਅਵੇ ਫੋਕੇ ਸਾਬਤ ਹੋਏ। ਸ਼ਹਿਰ ਦੀਆਂ ਬਸਤੀਆਂ ਵਿਚ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਰਿੰਦੇ ਨਗਦ ਪੈਸੇ ਬਦਲੇ ਵੋਟਾਂ ਖਰੀਦਦੇ ਰਹੇ ਅਤੇ ਉਨ੍ਹਾਂ ਦੇ ਵਾਹਨ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਢੋਹਦੇ ਰਹੇ। ਅੱਜ ਸਵੇਰ ਤੋਂ ਹੀ ਨਗਰ ਕੌਂਸਲ ਚੋਣਾਂ ਲਈ ਰਾਜਨੀਤਕ ਪਾਰਟੀਆਂ ਵੱਲੋਂ ਵੋਟਾਂ ਦੀ ਲੁਕਵੇਂ ਢੰਗ ਨਾਲ ਖਰੀਦੋ-ਫਰੋਖਤ ਪ੍ਰਤੱਖ ਦਿਖੀ। ਸ਼ਹਿਰ ਦੇ ਕਈ ਹਿੱਸਿਆਂ ਵਿਚ ਇਹ ਵੋਟਾਂ 500 ਤੋਂ ਲੈ ਕੇ 1000 ਰੁਪਏ ਪ੍ਰਤੀ ਵੋਟ ਤੱਕ ਵਿਕਣ ਦੀ ਜਾਣਕਾਰੀ ਮਿਲੀ ਹੈ ਪਰ ਕਿਸੇ ਪਾਸਿਉਂ ਵੀ ਰਾਜਸੀ ਆਗੂ ਨੂੰ ਵੋਟਾਂ ਖਰੀਦਦੇ ਫੜਨ ਆਦਿ ਦੀ ਖ਼ਬਰ ਨਹੀਂ ਮਿਲੀ। ਵੋਟਾਂ ਖਰੀਦਣ ਦਾ ਸਿਲਸਿਲਾ ਸ਼ਾਮ ਦੇ 3.30 ਵਜੇ ਤੱਕ ਚੱਲਦਾ ਰਿਹਾ ਪਰ ਸ਼ਾਮ ਵੇਲੇ ਵੋਟ ਦੀ ਕੀਮਤ ਸਵੇਰ ਦੇ ਮੁਕਾਬਲੇ ਘੱਟ ਗਈ। ਕਈ ਥਾਵਾਂ ’ਤੇ ਲੋਕਾਂ ਦੀਆਂ ਵੋਟਾਂ ਵੀ ਘਰੋ-ਘਰੀ ਜਾ ਕੇ ਖਰੀਦੀਆਂ ਗਈਆਂ। ਵੋਟਾਂ ਬਦਲੇ ਕੁੱਝ ਲੈਣ ਵਾਲਿਆਂ ਵਿਚ ਚੰਗੇ ਘਰ ਵੀ ਆਉਂਦੇ ਦੱਸੇ ਗਏ ਹਨ। ਸ਼ਹਿਰ ਦੇ ਇੱਕ ਵਾਰਡ ਵਿੱਚ 5 ਹਜ਼ਾਰ ਰੁਪਏ ਤੋਂ ਉਪਰ ਵੋਟ ਵਿਕਣ ਦੇ ਚਰਚੇ ਹਨ।

ਵੋਟਾਂ ਖਰੀਦਣ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ: ਡੀਸੀ

ਡਿਪਟੀ ਕਮਿਸ਼ਨਰ ਮਹਿੰਦਰਪਾਲ ਅਤੇ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਸ਼ਹਿਰ ਵਿਚ ਸੁਰੱਖਿਆ ਦਸਤੇ ਸਾਰਾ ਦਿਨ ਗਸ਼ਤ ਕਰਦੇ ਰਹੇ ਪਰ ਉਨ੍ਹਾਂ ਨੂੰ ਕਿਧਰੇ ਵੀ ਅਜਿਹੀਆਂ ਖਰੀਦਦਾਰੀਆਂ ਹੁੰਦੀਆਂ ਨਜ਼ਰ ਨਹੀਂ ਆਈਆਂ ਅਤੇ ਨਾ ਹੀ ਕਿਸੇ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕਾਂ ਨੇ ਵੋਟਾਂ ਮੁੱਲ ਲੈਣ ਜਿਹੇ ਮਾਮਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦੇ।

Leave a Reply

Your email address will not be published. Required fields are marked *