ਨੌਦੀਪ ਕੌਰ ਨੂੰ ਇਕ ਹੋਰ ਕੇਸ ’ਚ ਜ਼ਮਾਨਤ

ਨਵੀਂ ਦਿੱਲੀ : ਕਿਰਤੀਆਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ ਨੌਦੀਪ ਕੌਰ ਨੂੰ ਅੱਜ ਇਕ ਹੋਰ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ। ਨੌਦੀਪ ਖ਼ਿਲਾਫ਼ ਕੁੱਲ ਤਿੰਨ ਕੇਸ ਦਰਜ ਹਨ। ਜਬਰੀ ਵਸੂਲੀ ਲਈ ਦਰਜ ਕੇਸ ਵਿੱਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਸੋਨੀਪਤ ਦੀ ਸੈਸ਼ਨ ਅਦਾਲਤ ਨੇ ਨੌਦੀਪ ਕੌਰ ਨੂੰ ਜਿਸ ਕੇਸ ਵਿੱਚ ਅੱਜ ਜ਼ਮਾਨਤ ਦਿੱਤੀ ਹੈ, ਉਹ ਆਈਪੀਸੀ ਦੀਆਂ ਧਾਰਾਵਾਂ 148, 149, 323, 452, 384 ਤੇ 506 ਤਹਿਤ ਦਰਜ ਕੀਤਾ ਗਿਆ ਸੀ। ਨੌਦੀਪ ਕੌਰ ਦੀ ਵਕਾਲਤ ਐਡਵੋਕੇਟ ਜਤਿੰਦਰ ਕੁਮਾਰ ਨੇ ਕੀਤੀ ਤੇ ਆਪਣੀਆਂ ਦਲੀਲਾਂ ਨਾਲ ਅਦਾਲਤ ਨੁੰ ਜ਼ਮਾਨਤ ਦੇਣ ਲਈ ਰਾਜ਼ੀ ਕੀਤਾ। ਨੌਦੀਪ ਖਿਲਾਫ਼ ਦਰਜ ਤੀਜੇ ਕੇਸ ਵਿੱਚ ਦਾਇਰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕੱਲ੍ਹ ਜਾਂ ਪਰਸੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਹੋਵੇਗੀ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨੌਦੀਪ ਨੂੰ ਤੀਜੇ ਕੇਸ ਵਿੱਚ ਵੀ ਜ਼ਮਾਨਤ ਮਿਲ ਜਾਵੇਗੀ।

ਇਸ ਦੌਰਾਨ ਆਈਏਐੱਨਐੱਸ ਦੀ ਰਿਪੋਰਟ ਮੁਤਾਬਕ ਹਰਿਆਣਾ ਦੀ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੂੰ ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਨੌਦੀਪ ਪਿਛਲੇ ਇਕ ਮਹੀਨੇ ਤੋਂ ਕਰਨਾਲ ਜੇਲ੍ਹ ਵਿੱਚ ਹਿਰਾਸਤ ਤਹਿਤ ਬੰਦ ਹੈ। ਕਮਿਸ਼ਨ ਦੇ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ, ‘ਅੱਜ ਸਵੇਰੇ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ’ਚ ਫੋਨ ਕੀਤਾ ਤੇ ਕਿਹਾ ਕਿ ਗੁਲਾਟੀ ਨੂੰ ਨੌਦੀਪ ਨਾਲ ਮੁਲਾਕਾਤ ਲਈ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਲੈਣੀ ਹੋਵੇਗੀ।’ ਨੌਦੀਪ ਕੌਰ ਨੂੰ ਲੰਘੇ ਵੀਰਵਾਰ ਜਬਰੀ ਵਸੂਲੀ ਕੇਸ ’ਚ ਜ਼ਮਾਨਤ ਮਿਲ ਗਈ ਸੀ, ਪਰ ਉਹ ਅਜੇ ਵੀ ਜੇਲ੍ਹ ਵਿੱਚ ਹੈ ਕਿਉਂਕਿ ਉਸ ਖ਼ਿਲਾਫ਼ ਦੋ ਹੋਰ ਅਪਰਾਧਕ ਕੇਸ ਦਰਜ ਸੀ। ਹਰਿਆਣਾ ਸਰਕਾਰ ਨੇ ਨੌਦੀਪ ਤੇ ਹੋਰਨਾਂ ਨੂੰ 12 ਜਨਵਰੀ ਨੂੰ ਕਿਸਾਨ ਅੰਦੋਲਨ ਲਈ ਪ੍ਰਦਰਸ਼ਨ ਕਰਦਿਆਂ ਗ੍ਰਿਫ਼ਤਾਰ ਕੀਤਾ ਸੀ। ਉਸ ਖ਼ਿਲਾਫ਼ ਇਰਾਦਾ ਕਤਲ ਤੇ ਜਬਰੀ ਵਸੂਲੀ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।

Leave a Reply

Your email address will not be published. Required fields are marked *