ਦੱਖਣੀ ਏਸ਼ੀਆ ’ਚ ਫ਼ੌਜੀ ਟਕਰਾਅ ਖੇਤਰੀ ਸਥਿਰਤਾ ਤੇ ਵਪਾਰ ਲਈ ਬਣ ਸਕਦੈ ਖ਼ਤਰਾ: ਕੁਰੈਸ਼ੀ

ਇਸਲਾਮਾਬਾਦ/ਕਰਾਚੀ:ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਦੱਖਣੀ ਏਸ਼ੀਆ ਵਿਚ ਕਿਸੇ ਵੀ ਤਰ੍ਹਾਂ ਦਾ ਫ਼ੌਜੀ ਟਕਰਾਅ ਖੇਤਰੀ ਸਥਿਰਤਾ ਲਈ ਖ਼ਤਰਾ ਬਣ ਸਕਦਾ ਹੈ ਜੋ ਕਿ ਆਲਮੀ ਵਪਾਰ ਅਤੇ ਸੁਰੱਖਿਆ ਦੇ ਪੱਖ ਤੋਂ ਗੰਭੀਰ ਸਾਬਿਤ ਹੋਵੇਗਾ। ਨੌਵੀਂ ‘ਕੌਮਾਂਤਰੀ ਮੈਰੀਟਾਈਮ ਕਾਨਫਰੰਸ’ (ਆਈਐਮਸੀ) ਨੂੰ ਕਰਾਚੀ ਵਿਚ ਸੰਬੋਧਨ ਕਰਦਿਆਂ ਕੁਰੈਸ਼ੀ ਨੇ ਕਿਹਾ ਕਿ ਹਿੰਦ ਮਹਾਸਾਗਰ ਵਿਚ ਆਪਸੀ ਸਹਿਯੋਗ ਤੇ ਤਾਲਮੇਲ ਦੀਆਂ ਬਿਹਤਰ ਸੰਭਾਵਨਾਵਾਂ ਮੌਜੂਦ ਹਨ। ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਕਿ ਭਾਰਤ ਨੇ ਹਿੰਦ ਮਹਾਸਾਗਰ ਵਿਚ ਪ੍ਰਮਾਣੂ ਸਮਰੱਥਾ ਵਿਚ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਤਿ-ਆਧੁਨਿਕ ਹਥਿਆਰ ਢਾਂਚਾ ਤੇ ਹੋਰ ਪਲੈਟਫਾਰਮ ਵਿਕਸਿਤ ਕੀਤਾ ਹੈ। ਕੁਰੈਸ਼ੀ ਨੇ ਕਿਹਾ ਕਿ ਇਸ ਖੇਤਰ ਵਿਚ ਕਾਫ਼ੀ ਸੰਭਾਵਨਾਵਾਂ ਹਨ ਪਰ ਰਣਨੀਤਕ ਪੱਖ ਤੋਂ ਵੱਧ ਰਹੇ ਮੁਕਾਬਲੇ ਤੇ ਫ਼ੌਜੀ ਸ਼ਕਤੀ ਵਿਚ ਵਾਧਾ ਕਰਨ ਦੀ ਦੌੜ ਨੇ ਇਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਹਿੰਦ ਮਹਾਸਾਗਰ ਦੇ ਸੁਰੱਖਿਆ ਢਾਂਚੇ ਵਿਚ ਅਹਿਮ ਹਿੱਤਧਾਰਕ ਹੈ। ਮਨੁੱਖੀ ਤਸਕਰੀ, ਨਸ਼ਾ ਤਸਕਰੀ ਨੂੰ ਰੋਕਣ ਵਿਚ ਪਾਕਿ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇਗਾ।

Leave a Reply

Your email address will not be published. Required fields are marked *