ਅਧਿਆਪਕਾਂ ਨੇ ਵੀਸੀ ਦਫ਼ਤਰ ਘੇਰਿਆ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਪੀ.ਐੱਫ਼.ਯੂ.ਸੀ.ਟੀ.ਓ. ਦੇ ਸੂਬਾ ਵਿਆਪੀ ਸੱਦੇ ’ਤੇ  ਵਾਈਸ ਚਾਂਸਲਰ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ। ਪੂਟਾ ਦੀ ਅਗਵਾਈ ਹੇਠ ਦਿੱਤੇ ਇਸ ਧਰਨੇ ਦੀ ਹਮਾਇਤ ਵਜੋਂ ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦੇ ਵੀ ਗਰਮਜੋਸ਼ੀ ਨਾਲ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਵਿੱਤ ਵਿਭਾਗ ਨੇ ਪੰਜਾਬ ਦੇ ਉੱਚ ਸਿੱਖਿਆ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਯੂਜੀਸੀ ਦੇ ਸਕੇਲ ਤੋਂ ਵੱਖ ਕਰਨ ਦਾ ਜੋ ਫ਼ੈਸਲਾ ਪਿਛਲੇ ਮਹੀਨੇ ਲਿਆ ਹੈ, ਨੂੰ ਲੈ ਕੇ ਪੰਜਾਬ ਤੇ ਚੰਡੀਗੜ੍ਹ ਦੇ ਅਧਿਆਪਕਾਂ ਤੇ ਅਧਿਆਪਕ ਸੰਗਠਨਾਂ ’ਚ ਰੋਸ ਦੀ ਲਹਿਰ ਹੈ। ਅਜਿਹੇ ਫ਼ੈਸਲੇ ਨੂੰ ਥੰਮਣ ਲਈ ਪੀ.ਐੱਫ਼.ਯੂ.ਸੀ.ਟੀ.ਓ. ਵੱਲੋਂ ਅੱਜ ਤੋਂ 3 ਮਾਰਚ ਤੱਕ ਸੰਘਰਸ਼ ਛੇੜਿਆ ਗਿਆ ਹੈ। ਅਜਿਹੀ ਕੜੀ ਵਜੋਂ ਇਥੇ ਰੋਸ ਧਰਨੇ ’ਚ ਇਕੱਤਰ ਵੱਡੀ ਗਿਣਤੀ ਅਧਿਆਪਕਾਂ ਨੇ ਯੂਜੀਸੀ ਤਨਖਾਹ ਸਕੇਲਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਰੱਖਣ ਸਮੇਤ ਹੋਰ ਮੰਗਾਂ ਤੇ ਮਸਲਿਆਂ ’ਤੇ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਭੜਾਸ ਕੱਢੀ। ਇਸ ਦੌਰਾਨ ਜਿਥੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਤੇ ਤਨਖਾਹਾਂ ਦੀ ਦੇਰੀ ਦਾ ਮਾਮਲਾ ਉਠਾਇਆ ਗਿਆ, ਉਥੇ ਹੀ ਯੂਨੀਵਰਸਿਟੀ ਦੇ 103 ਅਧਿਆਪਕਾਂ ਦੀ ਪਰਮੋਸ਼ਨ ਸਕੇਲ ਲਈ ਸਿੰਡੀਕੇਟ ਨੂੰ ਬਿਨਾਂ ਹੋਰ ਦੇਰੀ ਪ੍ਰਵਾਨਗੀ ਦੇਣ ’ਤੇ ਵੀ ਜ਼ੋਰ ਦਿੱਤਾ ਗਿਆ। ਰੋਸ ਧਰਨੇ ਨੂੰ ਪੂਟਾ ਸਕੱਤਰ ਡਾ. ਅਵਨੀਤਪਾਲ ਸਿੰਘ, ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਡਾ. ਬਲਵਿੰਦਰ ਸਿੰਘ ਟਿਵਾਣਾ, ਡਾ. ਪਰਮਵੀਰ ਸਿਘ ਤੇ ਡਾ. ਰਾਜਿੰਦਰ ਸਿੰਘ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *