ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਮਲਬਾ ਘਰਾਂ ਨੇੜੇ ਡਿੱਗਿਆ

ਬਰੂਮਫੀਲਡ : ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਉਸ ’ਚੋਂ ਮਲਬਾ ਡੈਨਵਰ ਦੇ ਬਾਹਰਵਾਰ ਪੈਂਦੇ ਇਲਾਕੇ ’ਚ ਡਿੱਗਿਆ। ਅਧਿਕਾਰੀਆਂ ਨੇ ਕਿਹਾ ਕਿ ਵੱਡਾ ਹਾਦਸਾ ਹੋਣੋਂ ਬਚ ਗਿਆ ਹੈ ਅਤੇ ਮਲਬਾ ਕਿਸੇ ਘਰ ’ਤੇ ਨਹੀਂ ਡਿੱਗਿਆ। ਜਹਾਜ਼ ਸੁਰੱਖਿਅਤ ਲੈਂਡ ਕੀਤਾ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਬਿਆਨ ’ਚ ਕਿਹਾ ਕਿ ਬੋਇੰਗ 777-200 ਨੇ ਜਦੋਂ ਉਡਾਣ ਭਰੀ ਤਾਂ ਸੱਜੇ ਇੰਜਣ ’ਚ ਨੁਕਸ ਦਿਖਾਈ ਪੈਣ ਮਗਰੋਂ ਉਸ ਨੂੰ ਤੁਰੰਤ ਡੈਨਵਰ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰ ਲਿਆ ਗਿਆ। ਜਹਾਜ਼ ਡੈਨਵਰ ਤੋਂ ਹੋਨੋਲੂਲੂ ਜਾ ਰਿਹਾ ਸੀ ਅਤੇ ਉਸ ’ਚ 231 ਮੁਸਾਫ਼ਰ ਤੇ ਅਮਲੇ ਦੇ 10 ਮੈਂਬਰ ਸਵਾਰ ਸਨ। ਏਅਰਲਾਈਨ ਨੇ ਕਿਹਾ ਕਿ ਮੁਸਾਫ਼ਰਾਂ ਨੂੰ ਦੂਜੀ ਉਡਾਣ ਰਾਹੀਂ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। 

ਮੁਸਾਫ਼ਰਾਂ ਨੇ ਕਿਹਾ ਕਿ ਅਚਾਨਕ ਹੀ ਇਕ ਧਮਾਕਾ ਹੋਇਆ ਅਤੇ ਜਹਾਜ਼ ਬੁਰੀ ਤਰ੍ਹਾਂ ਨਾਲ ਹਿਲਣ ਲੱਗ ਪਿਆ ਸੀ ਅਤੇ ਉਪਰ ਜਾਣ ਦੀ ਬਜਾਏ ਜਹਾਜ਼ ਹੇਠਾਂ ਵੱਲ ਨੂੰ ਜਾਣ ਲੱਗ ਪਿਆ ਸੀ। ਡੇਵਿਡ ਡੇਲੂਸੀਆ ਨਾਂ ਦੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਜਾਪਿਆ ਕਿ ਹੁਣ ਸਭ ਕੁਝ ਖ਼ਤਮ ਹੋ ਗਿਆ ਹੈ। ਉਸ ਨੇ ਅਤੇ ਪਤਨੀ ਨੇ ਸ਼ਨਾਖ਼ਤੀ ਪੱਤਰ ਕੱਢ ਕੇ ਆਪਣੀਆਂ ਜੇਬਾਂ ’ਚ ਪਾ ਲਏ ਸਨ ਤਾਂ ਜੋ ਕੋਈ ਹਾਦਸਾ ਹੋਣ ’ਤੇ ਉਨ੍ਹਾਂ ਦੀ ਪਛਾਣ ਸਾਬਿਤ ਹੋ ਸਕੇ। ਧਰਤੀ ’ਤੇ ਵੀ ਪ੍ਰਤੱਖਦਰਸ਼ੀਆਂ ਨੇ ਧਮਾਕੇ ਦੀ ਆਵਾਜ਼ ਸੁਣੀ ਸੀ ਅਤੇ ਉਹ ਵੀ ਜਹਾਜ਼ ’ਚ ਸਵਾਰ ਲੋਕਾਂ ਦੀ ਸੁਰੱਖਿਆ ਲਈ ਫਿਕਰਮੰਦ ਹੋ ਗਏ ਸਨ।

Leave a Reply

Your email address will not be published. Required fields are marked *