ਭਾਰਤ ਵੱਲੋਂ ਮੌਰੀਸ਼ਸ ਨੂੰ 10 ਕਰੋੜ ਡਾਲਰ ਕਰਜ਼ ਦੀ ਪੇਸ਼ਕਸ਼

ਪੋਰਟ ਲੁਈਸ : ਭਾਰਤ ਨੇ ਰੱਖਿਅ ਸਾਜ਼ੋ ਸਾਮਾਨ ਦੀ ਖ਼ਰੀਦ ’ਚ ਮਦਦ ਲਈ ਸੋਮਵਾਰ ਨੂੰ ਮੌਰੀਸ਼ਸ ਨੂੰ 10 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਵਿਚਕਾਰ ਵਾਰਤਾ ਤੋਂ ਬਾਅਦ ਦੋਵੇਂ ਮੁਲਕਾਂ ਨੇ ਵਿਆਪਕ ਆਰਥਿਕ ਸਹਿਯੋਗ ਭਾਈਵਾਲੀ ਸਮਝੌਤੇ ’ਤੇ ਦਸਤਖ਼ਤ ਕੀਤੇ। ਜੈਸ਼ੰਕਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਦੋਵੇਂ ਮੁਲਕਾਂ ਨੇ ਮੌਰੀਸ਼ਸ ਦੀ ਸਮੁੰਦਰੀ ਨਿਗਰਾਨੀ ਸਮਰੱਥਾ ’ਚ ਵਾਧੇ ਲਈ ਡੋਰਨੀਅਰ ਜਹਾਜ਼ ਅਤੇ ਧਰੁਵ ਹੈਲੀਕਾਪਟਰ ਦੇਣ ਦੇ ਪੱਤਰ ਦਾ ਵੀ ਆਦਾਨ-ਪ੍ਰਦਾਨ ਕੀਤਾ। ਭਾਰਤੀ ਵਿਦੇਸ਼ ਮੰਤਰੀ ਨੇ ਇਕ ਹੋਰ ਟਵੀਟ ’ਚ ਕਿਹਾ,‘‘ਸਾਡੇ ਖਾਸ ਸਬੰਧਾਂ ਲਈ ਇਹ ਵਿਸ਼ੇਸ਼ ਦਿਨ ਹੈ। ਕਿਸੇ ਅਫ਼ਰੀਕੀ ਮੁਲਕ ਨਾਲ ਅਜਿਹਾ ਪਹਿਲਾ ਸਮਝੌਤਾ ਹੈ।’’ ਉਨ੍ਹਾਂ ਕਿਹਾ ਕਿ ਮਹਾਮਾਰੀ ਤੋਂ ਬਾਅਦ ਆਰਥਿਕ ਹਾਲਾਤ ਠੀਕ ਕਰਨ ’ਤੇ ਧਿਆਨ ਕੇਂਦਰਤ ਕਰਨ ’ਚ ਸਹਾਇਤਾ ਮਿਲੇਗੀ ਅਤੇ ਵਪਾਰ ਦਾ ਵਿਸਥਾਰ ਹੋਵੇਗਾ ਤੇ ਵੱਡਾ ਨਿਵੇਸ਼ ਆਵੇਗਾ। ਸ੍ਰੀ ਜੈਸ਼ੰਕਰ ਦੋ ਮੁਲਕਾਂ ਦੇ ਦੌਰੇ ਦੇ ਆਖਰੀ ਗੇੜ ’ਚ ਐਤਵਾਰ ਰਾਤ ਮਾਲਦੀਵ ਤੋਂ ਮੌਰੀਸ਼ਸ ਪਹੁੰਚੇ ਹਨ।

Leave a Reply

Your email address will not be published. Required fields are marked *