ਚੀਨ ’ਚੋਂ ‘ਗਰੀਬੀ’ ਦਾ ਮੁਕੰਮਲ ਖ਼ਾਤਮਾ: ਸ਼ੀ

ਪੇਈਚਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਐਲਾਨ ਕੀਤਾ ਕਿ ਚੀਨ ਨੇ ਪਿਛਲੇ ਚਾਰ ਦਹਾਕਿਆਂ ਦੌਰਾਨ 77 ਕਰੋੜ ਤੋਂ ਵੱਧ ਲੋਕਾਂ ਦੇ ਆਰਥਿਕ ਮਿਆਰ ਨੂੰ ਸੁਧਾਰ ਕੇ ਗਰੀਬੀ ਵਿਰੁੱਧ ਲੜਾਈ ਵਿਚ ‘ਮੁਕੰਮਲ ਜਿੱਤ’ ਹਾਸਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਵੱਲੋਂ ਕੀਤਾ ‘ਚਮਤਕਾਰ’ ਹੈ, ਜੋ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਵੇਗਾ। ਸ਼ੀ ਨੇ ਕਿਹਾ ਸੰਯੁਕਤ ਰਾਸ਼ਟਰ ਨੇ ਗਰੀਬੀ ਦੇ ਖਾਤਮੇ ਲਈ 2030 ਤੱਕ ਦਾ ਸਮਾਂ ਦਿੱਤਾ ਸੀ, ਪਰ ਚੀਨ ਨੇ ਇਸ ਟੀਚੇ ਨੂੰ ਦਸ ਸਾਲ ਪਹਿਲਾਂ ਹੀ ਪੂਰਾ ਕਰ ਲਿਆ

ਸ਼ੀ ਨੇ ਗਰੀਬੀ ਦੇ ਖਾਤਮੇ ਸਬੰਧੀ ਸਮਾਗਮ ਵਿੱਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨੇ ਗਰੀਬੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਸਮਾਗਮ ਦੌਰਾਨ ਇਸ ਲੜਾਈ ’ਚ ਯੋਗਦਾਨ ਪਾਉਣ ਵਾਲਿਆਂ ਦਾ ਵੀ ਸਨਮਾਨ ਕੀਤਾ ਗਿਆ। ਚੀਨ ਦੀ ਆਬਾਦੀ 1.4 ਅਰਬ ਹੈ। ਸ਼ੀ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਪੇਂਡੂ ਇਲਾਕਿਆਂ ’ਚ ਰਹਿੰਦੇ 98.99 ਮਿਲੀਅਨ ਲੋਕਾਂ ਨੂੰ ਮੌਜੂਦਾ ਗਰੀਬੀ ਰੇਖਾ ਤੋਂ ਉਪਰ ਲਿਆਂਦਾ ਗਿਆ ਹੈ। 832 ਸਾਧਣਹੀਣ ਕਾਊਂਟੀਆਂ ਤੇ 1.28 ਲੱਖ ਗਰੀਬ ਤੇ ਕੰਗਾਲ ਪਿੰਡਾਂ ਨੂੰ ਗਰੀਬੀ ਦੀ ਸੂਚੀ ’ਚੋਂ ਬਾਹਰ ਕੱਢਿਆ ਗਿਆ ਹੈ। ਚੀਨੀ ਸਦਰ ਨੇ ਕਿਹਾ ਕਿ ਚੀਨ ਦੀ ਮੌਜੂਦਾ ਗਰੀਬੀ ਰੇਖਾ ਮੁਤਾਬਕ ਲੇਖਾ-ਜੋਖਾ ਕੀਤਿਆਂ ਪਤਾ ਲੱਗਾ ਕਿ 1970ਵਿਆਂ ਦੇ ਅਖੀਰ ’ਚ ਸ਼ੁਰੂ ਕੀਤੇ ਸੁਧਾਰਾਂ ਮਗਰੋਂ ਪਿੰਡਾਂ ’ਚ ਰਹਿੰਦੇ 77 ਕਰੋੜ ਲੋਕ ਗਰੀਬੀ ਨੂੰ ਭਾਂਜ ਦੇ ਚੁੱਕੇ ਹਨ। ਸ਼ੀ, ਜੋ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਜਨਰਲ ਸਕੱਤਰ ਵੀ ਹਨ, ਨੇ ਕਿਹਾ ਕਿ ਆਲਮੀ ਪੱਧਰ ’ਤੇ ਗਰੀਬੀ ਘਟਾਉਣ ਵਿੱਚ ਚੀਨ ਦਾ 70 ਫੀਸਦ ਤੋਂ ਵੱਧ ਦਾ ਯੋਗਦਾਨ ਹੈ। ਚੀਨੀ ਸਦਰ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਚੀਨ ਨੇ ‘ਚਮਤਕਾਰ’ ਕੀਤਾ ਹੈ, ਜੋ ‘ਇਤਿਹਾਸ ਵਿੱਚ ਦਰਜ ਹੋਵੇਗਾ।’ ਸ਼ੀ ਨੇ ਕਿਹਾ ਕਿ ਜਦੋਂ ਦੀ ਉਨ੍ਹਾਂ ਸੱਤਾ ਸੰਭਾਲੀ ਹੈ, ਚੀਨ ਨੇ ਪਿਛਲੇ 8 ਸਾਲਾਂ ’ਚ ਗਰੀਬੀ ਦੇ ਖਾਤਮੇ ਲਈ 1.6 ਖਰਬ ਯੁਆਨ (246 ਅਰਬ ਅਮਰੀਕੀ ਡਾਲਰ) ਫੰਡ ਦਾ ਨਿਵੇਸ਼ ਕੀਤਾ ਹੈ।

Leave a Reply

Your email address will not be published. Required fields are marked *