ਭਾਰਤ-ਬੰਗਲਾਦੇਸ਼ ਨੂੰ ਜੋੜਦੇ ‘ਮੈਤਰੀ ਸੇਤੂ’ ਦਾ ਉਦਘਾਟਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਬੰਗਲਾਦੇਸ਼ ਨੂੰ ਜੋੜਦੇ ‘ਮੈਤਰੀ ਸੇਤੂ’ ਦਾ ਅੱਜ ਵਰਚੁਅਲ ਉਦਘਾਟਨ ਕੀਤਾ। ਫੈਨੀ ਨਦੀ ’ਤੇ ਬਣਿਆ ਇਹ ਪੁੱਲ ਦੋਵਾਂ ਮੁਲਕਾਂ ਦੀ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ। 1.9 ਕਿਲੋਮੀਟਰ ਲੰਮਾ ਇਹ ਸੇਤੂ ਭਾਰਤ ਦੇ ਸਬਰੂਮ ਨੂੰ ਬੰਗਲਾਦੇਸ਼ ਦੇ ਰਾਮਗੜ੍ਹ ਨਾਲ ਜੋੜੇਗਾ। ਉਧਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੇਤੂ ਦੇ ਉਦਘਾਟਨ ਨੂੰ ‘ਇਤਿਹਾਸਕ ਪਲ’ ਕਰਾਰ ਦਿੰਦਿਆਂ ਆਖਿਆ ਕਿ ਸਿਆਸੀ ਸਰਹੱਦਾਂ ਨੂੰ ਵਣਜ ਤੇ ਵਪਾਰ ਦੇ ਰਾਹ ਵਿੱਚ ਭੌਤਿਕ ਅੜਿੱਕਾ ਨਹੀਂ ਬਣਨਾ ਚਾਹੀਦਾ। ਸ੍ਰੀ ਮੋਦੀ ਨੇ ਵਰਚੁਅਲ ਸਮਾਗਮ ਦੌਰਾਨ ਤ੍ਰਿਪੁਰਾ ਵਿੱਚ ਬੁਨਿਆਦੀ ਢਾਂਚੇ ਨਾਲ ਜੁੜੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਰੱਖਿਆ।

ਸ੍ਰੀ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀੲੇ ਸੰਬੋਧਨ ਕਰਦਿਆਂ ਕਿਹਾ ਕਿ ਤ੍ਰਿਪੁਰਾ ਵਿੱਚ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ‘ਦੋਹਰੇ ਇੰਜਣ’ ਕਰਕੇ ਵੱਡੀ ਤਬਦੀਲੀ ਆਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਪੂਰਾ ਦੇਸ਼ ਵੇਖ ਰਿਹਾ ਹੈ ਕਿ ਜਿੱਥੇ ਕਿਤੇ ਵੀ ਡਬਲ ਇੰਜਣ ਵਾਲੀ ਸਰਕਾਰ ਨਹੀਂ ਹੈ, ਉਥੇ ਤੁਸੀਂ ਆਪਣੇ ਗੁਆਂਢ ਮੱਥੇ ਨੂੰ ਵੇਖ ਸਕਦੇ ਹੋ, ਕਿਵੇਂ ਗਰੀਬਾਂ, ਕਿਸਾਨਾਂ ਤੇ ਧੀਆਂ ਨੂੰ ਸਸ਼ਕਤ ਬਣਾਉਣ ਲਈ ਨੀਤੀਆਂ ਜਾਂ ਤਾਂ ਲਾਗੂ ਨਹੀਂ ਕੀਤੀਆਂ ਗਈਆਂ ਜਾਂ ਫਿਰ ਬਹੁਤ ਧੀਮੀ ਰਫ਼ਤਾਰ ਨਾਲ ਅੱਗੇ ਵੱਧ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਤ੍ਰਿਪੁਰਾ ਵਿੱਚ ਡਬਲ-ਇੰੰਜਣ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸਸ਼ਕਤ ਬਣਾਇਆ ਹੈ। ਉਨ੍ਹਾਂ ਕਿਹਾ ਕਿ ਤ੍ਰਿਪੁਰਾ, ਜਿਸ ਨੂੰ ‘ਹੜਤਾਲ ਸੱਭਿਆਚਾਰ’ ਨੇ ਕਈ ਸਾਲ ਪਿੱਛੇ ਧੱਕ ਦਿੱਤਾ ਸੀ, ਹੁਣ ਕਾਰੋਬਾਰ ਕਰਨ ਦੀ ਸੌਖ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।! ਉਧਰ ਸਮਾਗਮ ਦੌਰਾਨ ਚਲਾਏ ਵੀਡੀਓ ਸੁਨੇਹੇ ਵਿੱਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨੇ ‘ਮੈਤਰੀ ਸੇਤੂ’ ਦੇ ਉਦਘਾਟਨ ਨੂੰ ‘ਇਤਿਹਾਸਕ ਪਲ’ ਕਰਾਰ ਦਿੱਤਾ। ਹਸੀਨਾ ਨੇ ਕਿਹਾ, ‘ਅਸੀਂ ਭਾਰਤ ਨੂੰ ਕੁਨੈਕਟੀਵਿਟੀ ਮੁਹੱਈਆ ਕਰਵਾ ਕੇ ਦੱਖਣੀ ਏਸ਼ੀਆ ’ਚ ਇਕ ਨਵਾਂ ਯੁੱਗ ਸਿਰਜਿਆ ਹੈ। ਅਸੀਂ ਅਜਿਹੇ ਖਿੱਤੇ ਵਿੱਚ ਹਾਂ, ਜੋ ਖੁੱਲ੍ਹਣ ਤੋਂ ਥੋੜ੍ਹਾ ਸੰਗਦਾ ਹੈ ਤੇ ਜਿੱਥੇ ਖੇਤਰੀ ਵਪਾਰ ਆਪਣੀ ਸਮਰੱਥਾ ਤੋਂ ਘੱਟ ਹੈ। ਮੇਰਾ ਮੰਨਣਾ ਹੈ ਕਿ ਸਿਆਸੀ ਸਰਹੱਦਾਂ ਵਣਜ ਵਪਾਰ ਦੇ ਰਾਹ ਵਿੱਚ ਅੜਿੱਕਾ ਨਹੀਂ ਬਣਨੀਆਂ ਚਾਹੀਦੀਆਂ।’ ‘ਮੈਤਰੀ ਸੇਤੂ’ ਫੈਨੀ ਨਦੀ ’ਤੇ ਬਣਿਆ ਹੈ, ਜੋ ਤ੍ਰਿਪੁਰਾ ਦੀ ਭਾਰਤੀ ਸਰਹੱਦ ਤੇ ਬੰਗਲਾਦੇਸ਼ ਦਰਮਿਆਨ ਵਹਿੰਦੀ ਹੈ। 

Leave a Reply

Your email address will not be published. Required fields are marked *