ਸਟੇਟ ਲਾਅ ’ਵਰਸਿਟੀ ਤੋਂ ਹਾਕਮ ਧਿਰ ਪੋਲੀ ਪਈ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਪ੍ਰਸ਼ਨ ਕਾਲ ਦੌਰਾਨ ਸੱਤਾਧਾਰੀ ਧਿਰ ਨੂੰ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਕੈਰੋਂ ਦੇ ਮਾਮਲੇ ’ਤੇ ਪੋਲਾ ਪੈਣਾ ਪਿਆ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਸ ਸਟੇਟ ਲਾਅ ਯੂਨੀਵਰਸਿਟੀ ਦੇ ਮਾਮਲੇ ’ਤੇ ਹਾਕਮ ਧਿਰ ਨੂੰ ਘੇਰਿਆ। ਬੇਸ਼ੱਕ ਹਾਕਮ ਧਿਰ ਨੇ ’ਵਰਸਿਟੀ ਦੇ ਨੀਂਹ ਪੱਥਰ ਬਾਰੇ ਪੱਖ ਰੱਖਿਆ ਪਰ ਸਰਕਾਰੀ ਪੱਖ ਠੋਸ ਪ੍ਰਭਾਵ ਨਹੀਂ ਛੱਡ ਸਕਿਆ।

ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਦੇ ਸਵਾਲ ਦੇ ਜਵਾਬ ਵਿੱਚ ਉੱਚੇਰੀ ਸਿੱਖਿਆ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਲਈ ਨਿਰਧਾਰਤ ਕੀਤੀ ਜਗ੍ਹਾ ’ਤੇ ਜਲਦੀ ਨੀਂਹ ਪੱਥਰ ਰੱਖਿਆ ਜਾਵੇਗਾ ਤੇ ਸੈਸ਼ਨ 2021-22 ਤੋਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਚੇਤੇ ਰਹੇ ਕਿ ਬੀਤੇ ਦਿਨ ਇਸੇ ’ਵਰਸਿਟੀ ਦੇ ਮੁੱਦੇ ’ਤੇ ਮਜੀਠੀਆ ’ਤੇ ਵਿਅੰਗ ਕੱਸੇ ਗਏ ਸਨ। ਅੱਜ ਬਿਕਰਮ ਮਜੀਠੀਆ ਨੇ ਕਿਹਾ ਕਿ ਇਸ ’ਵਰਸਿਟੀ ਦਾ ਤਿੰਨ ਵਰ੍ਹੇ ਪਹਿਲਾਂ ਐਲਾਨ ਕੀਤਾ ਗਿਆ ਅਤੇ ਹਾਲੇ ਤਕ ਨੀਂਹ ਪੱਥਰ ਹੀ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ, ‘‘ਰੱਬ ਦੇ ਰੰਗ ਦੇਖੋ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਂ ’ਤੇ ਠੱਗੀ ਵੱਜਣ ਲੱਗੀ ਸੀ।’’ ਸਰਕਾਰ ਨੇ ਦੱਸਿਆ ਕਿ ’ਵਰਸਿਟੀ ਲਈ 1.37 ਕਰੋੜ ਜਾਰੀ ਕੀਤੇ ਗਏ ਹਨ। ਮਜੀਠੀਆ ਨੇ ਜਵਾਬ ਵਿੱਚ ਕਿਹਾ ਕਿ ਸਰਕਾਰ ਜਾਦੂਗਰ ਬਣ ਗਈ ਹੈ ਕਿ 1.37 ਕਰੋੜ ਨਾਲ ਹੀ ’ਵਰਸਿਟੀ ਬਣਾਏਗੀ। ਉਚੇਰੀ ਸਿੱਖਿਆ ਮੰਤਰੀ ਨੇ ਕਿਹਾ, ‘‘ਯੂਨੀਵਰਸਿਟੀ ਨੂੰ ਸੌ ਕਰੋੜ ਦਿਆਂਗੇ।’’ ਮਜੀਠੀਆ ਨੇ ਕਿਹਾ, ‘‘ਸੌ ਕਰੋੜ ਕਦੋਂ ਦਿਓਗੇ, ਤਾਰੀਕ ਤਾਂ ਦੱਸੋ।’’ ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ’ਵਰਸਿਟੀ ਲਈ 47 ਏਕੜ ਜਗ੍ਹਾ ਸਾਬਕਾ ਮੰਤਰੀ ਦੇ ਨੇੜਲਿਆਂ ਦੇ ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਈ ਗਈ ਹੈ।

ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਦੇ ਸਵਾਲ ਦੇ ਜਵਾਬ ਵਿੱਚ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਲਾਂਡਰਾ ਤੋਂ ਸਰਹਿੰਦ ਸੜਕ ਦੀ ਕੁੱਲ ਲੰਬਾਈ 32 ਕਿਲੋਮੀਟਰ ’ਚੋਂ 9.7 ਕਿਲੋਮੀਟਰ ਸੜਕ ਨੂੰ ਚਹੁੁੰ ਮਾਰਗੀ ਕਰਨ ਦਾ ਕੰਮ ਚੱਲ ਰਿਹਾ ਹੈ। ਵਿਧਾਇਕ ਕੰਵਰ ਸੰਧੂ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੁਰਾਲੀ ਰੋਡ ’ਤੇ ਪੈਂਦੀ ਸ਼ਿਵਾ ਐਨਕਲੇਵ ’ਚ ਲੱਗੇ ਟਿਊਬਵੈੱਲ ਨੂੰ ਖਰੜ ਕੌਂਸਲ ਨੇ ਆਪਣੇ ਅਧੀਨ ਲਿਆ ਹੈ। ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਪਿੰਡਾਂ ਦੇ ਕਿਸਾਨਾਂ ਨੂੰ 702.18 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਇਸ ਜ਼ਿਲ੍ਹੇ ’ਚ ਪਾਣੀ ਦੀ ਮਾਤਰਾ ਵਧਾਏ ਜਾਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ। ਵਿਧਾਇਕ ਕੁਲਦੀਪ ਸਿੰਘ ਵੈਦ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਹਲਕਾ ਗਿੱਲ ਲਈ ਟਰਾਂਸਪੋਰਟ ਵਿਭਾਗ ਵੱਲੋਂ 62 ਮਿੰਨੀ ਬੱਸਾਂ ਦੇ ਨਵੇਂ ਰੂਟ ਪਰਮਿਟ ਜਾਰੀ ਕੀਤੇ ਗਏ ਹਨ।

ਵਿਧਾਇਕ ਐੱਨ.ਕੇ.ਸ਼ਰਮਾ ਦੇ ਸਵਾਲ ਦੇ ਜਵਾਬ ਵਿੱਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਮਾਰਚ 2017 ਤੋਂ ਮਗਰੋਂ ਸੂਬਾ ਸਰਕਾਰ ਨੇ ਕਰੀਬ 52,289 ਕਰੋੜ ਰੁਪਏ ਦੇ 300 ਐੱਮਓਯੂ ਸਾਈਨ ਕੀਤੇ ਹਨ। ਲੁਧਿਆਣਾ-ਰਾਹੋਂ ਰੋਡ ’ਤੇ ਪਾਣੀ ਦੀਆਂ ਪਾਈਪਾਂ ਦੀ ਲੀਕੇਜ ਦਾ ਮਾਮਲਾ ਸਦਨ ਵਿੱਚ ਤਿੰਨ ਵਰ੍ਹਿਆਂ ਤੋਂ ਗੂੰਜਦਾ ਆ ਰਿਹਾ ਹੈ। ਵਿਧਾਇਕ ਸ਼ਰਨਜੀਤ ਢਿੱਲੋਂ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਲੁਧਿਆਣਾ ਦੇ 120 ਡਾਈਗ ਯੂਨਿਟਾਂ ਦਾ ਪਾਣੀ ਸੀਵਰੇਜ ਵਿੱਚ ਪੈ ਰਿਹਾ ਹੈ, ਜਿਸ ਦੇ ਓਵਰਫਲੋਅ ਹੋਣ ਕਰਕੇ ਸਮੱਸਿਆ ਹੈ।

ਮਾਫੀਆ ਰਾਜ ਨੂੰ ਲੈ ਕੇ ਪਿਆ ‘ਦੋਸਤਾਨਾ ਮੈਚ’ ਦਾ ਰੌਲਾ

ਚੰਡੀਗੜ੍ਹ:ਬਜਟ ਇਜਲਾਸ ਦੇ ਆਖਰੀ ਦਿਨ ਅੱਜ ਸਦਨ ’ਚ ਮਾਫੀਆ ਰਾਜ ਨੂੰ ਲੈ ਕੇ ‘ਦੋਸਤਾਨਾ ਮੈਚ’ ਦੀ ਗੂੰਜ ਪਈ। ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਨੇ ਹਾਕਮ ਧਿਰ ਨੂੰ ਇਸ ਮਾਮਲੇ ’ਤੇ ਕਟਹਿਰੇ ਵਿਚ ਖੜ੍ਹਾ ਕੀਤਾ। ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਇਹ ਮੁੱਦਾ ਧੜੱਲੇ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਅਸਲ ਕਸੂਰਵਾਰਾਂ ਨੂੰ ਤਿੰਨ ਮਹੀਨੇ ਵਿਚ ਫੜਨ ਦੀ ਗੱਲ ਕਾਂਗਰਸ ਨੇ ਆਖੀ ਸੀ ਪਰ ਕੁਝ ਨਹੀਂ ਹੋਇਆ। ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕੋਈ ਫਰਕ ਨਹੀਂ ਪਿਆ, ਸਿਰਫ ਪੱਗਾਂ ਦੇ ਰੰਗ ਬਦਲੇ ਹਨ, ਬਾਕੀ ਸਭ ਉਵੇਂ ਹੀ ਚੱਲ ਰਿਹਾ ਹੈ। ਉਨ੍ਹਾਂ ਸੁਆਲ ਕੀਤਾ ਕਿ ਚਿੱਟੇ ਦੀ ਗੰਦਗੀ ਦਾ ਬੂਟਾ ਲਾਉਣ ਵਾਲਾ ਕੌਣ ਹੈ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸ ਨੇ ਕਰਾਈ? ਰੇਤ ਬਜਰੀ ਦਾ ਧੰਦਾ ਕਿਸ ਨੇ ਕਰਾਇਆ? ਬੈਂਸ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਚਾਰ ਵਰ੍ਹਿਆਂ ਵਿਚ ਪੰਜਾਬ ਵਿਚ ਬੱਸਾਂ ਦੇ ਟਾਈਮ ਟੇਬਲ ਨਹੀਂ ਬਦਲੇ ਜਾ ਸਕੇ। ਉਨ੍ਹਾਂ ਕਿਹਾ ਕਿ ਇਥੇ ਸੰਧੀ ਹੀ ਹੈ। ਅਕਾਲੀ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਸੰਧੀ ਬੈਂਸ ਅਤੇ ਹਾਕਮ ਧਿਰ ਦਰਮਿਆਨ ਹੈ। ਲੁਧਿਆਣਾ ਵਿਚ ਇਨਸਾਫ ਲਈ ਔਰਤ ਨੂੰ ਧਰਨੇ ’ਤੇ ਬੈਠਣਾ ਪਿਆ, ਕੋਈ ਕਾਰਵਾਈ ਨਹੀਂ ਹੋਈ, ਕੀ ਇਹ ਬੈਂਸ ਤੇ ਕਾਂਗਰਸ ’ਚ ਸੰਧੀ ਨਹੀਂ। ਜੁਆਬ ਵਿਚ ਬੈਂਸ ਨੇ ਕਿਹਾ ਕਿ ਏਹ ਲੋਕ ਉਸ ਔਰਤ ਨੂੰ ਹਾਈ ਕੋਰਟ ਤੱਕ ਲੈ ਕੇ ਗਏ। ਬੈਂਸ ਨੇ ਇੱਕ ਆਡੀਓ ਦੀ ਗੱਲ ਵੀ ਕੀਤੀ। ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਵੀ ਮਾਫੀਆ ਰਾਜ ਸੀ ਅਤੇ ਹੁਣ ਕੈਪਟਨ ਦੇ ਰਾਜ ਵਿਚ ਮਾਫੀਆ ਰਾਜ ਵਧ ਫੁੱਲ ਰਿਹਾ ਹੈ। ‘ਆਪ’ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਅੱਜ ਕੋਟਕਪੂਰਾ ਵਿਚ ਗੁੰਮ ਹੋਈ ਨਾਬਾਲਗ ਬੱਚੀ ਦਾ ਮਾਮਲਾ ਚੁੱਕਿਆ।ਖ਼ਬਰ ਸ਼ੇਅਰ ਕਰੋ

Leave a Reply

Your email address will not be published. Required fields are marked *