ਤਿੱਬਤ ’ਚ ਬ੍ਰਹਮਪੁੱਤਰਾ ਦਰਿਆ ’ਤੇ ਡੈਮ ਬਣਾਉਣ ਦੀ ਪ੍ਰਵਾਨਗੀ

ਪੇਈਚਿੰਗ : ਚੀਨੀ ਸੰਸਦ ਨੇ 14ਵੀਂ ਪੰਜ ਸਾਲਾ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਵਿੱਚ ਅਰਬਾਂ ਡਾਲਰ ਦੀ ਲਾਗਤ ਵਾਲੇ ਕਈ ਪ੍ਰਾਜੈਕਟ ਹਨ। ਇਨ੍ਹ੍ਵਾਂ ਵਿੱਚ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ਦਰਿਆ ’ਤੇ ਬਣਨ ਵਾਲਾ ਵਿਵਾਦਿਤ ਪਣਬਿਜਲੀ ਪ੍ਰਾਜੈਕਟ ਵੀ ਸ਼ਾਮਲ ਹੈ। ਚੀਨ ਦੇ ਸਰਕਾਰੀ ਮੀਡੀਆ ’ਚ ਛਪੀਆਂ ਰਿਪੋਰਟਾਂ ਮੁਤਾਬਕ ਨੈਸ਼ਨਲ ਪੀਪਲਜ਼ ਕਾਂਗਰਸ (ਐੱਨਪੀਸੀ), ਜਿਸ ਦੇ ਦੋ ਹਜ਼ਾਰ ਤੋਂ ਵੱਧ ਮੈਂਬਰਾਂ ’ਚ ਵੱਡੀ ਗਿਣਤੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਕਾਨੂੰਨਸਾਜ਼ਾਂ ਦੀ ਹੈ, ਨੇ ਮੁਲਕ ਦੇ ਆਰਥਿਕ ਤੇ ਸਮਾਜਿਕ ਵਿਕਾਸ ਅਤੇ ਸਾਲ 2035 ਤੱਕ ਭਵਿੱਖੀ ਆਸ਼ਿਆਂ ਨੂੰ ਪੂਰਾ ਕਰਨ ਦੇ ਮੰਤਵ ਨਾਲ ਅਗਲੇ ਪੰਜ ਸਾਲਾਂ (2021-2025) ਲਈ 14ਵੀਂ ਪੰਜ ਸਾਲਾ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਐੱਨਸੀਪੀ ਨੇ ਛੇ ਰੋਜ਼ਾ ਇਜਲਾਸ ਦੇ ਆਖਰੀ ਦਿਨ ਪੰਜ ਸਾਲਾ ਯੋਜਨਾ ’ਤੇ ਮੋਹਰ ਲਾਈ।

ਇਜਲਾਸ ਵਿੱਚ ਚੀਨੀ ਸਦਰ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਲੀ ਕੇਕਿਆਂਗ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ।

ਪੰਜ ਸਾਲਾ ਯੋਜਨਾ ਵਿੱਚ 60 ਤੋਂ ਵੱਧ ਤਜਵੀਜ਼ਾਂ ਸ਼ਾਮਲ ਹਨ, ਜਿਸ ਨਾਲ ਚੀਨ ਦੇ ਵਿਕਾਸ ਨੂੰ ਰਫ਼ਤਾਰ ਮਿਲੇਗੀ। ਚੀਨ ਦੀ ਕਮਿਊਨਿਸਟ ਪਾਰਟੀ ਨੇ ਇਨ੍ਹਾਂ ਤਜਵੀਜ਼ਾਂ ਨੂੰ ਪਿਛਲੇ ਸਾਲ ਹੀ ਪਾਸ ਕਰ ਦਿੱਤਾ ਸੀ। 14ਵੀਂ ਪੰਜ ਸਾਲਾ ਯੋਜਨਾ ਵਿੱਚ ਬ੍ਰਹਮਪੁੱਤਰ ਦਰਿਆ ’ਤੇ ਬੰਨ੍ਹ ਮਾਰਨਾ ਵੀ ਸ਼ਾਮਲ ਹੈ।

ਭਾਰਤ ਤੇ ਬੰਗਲਾਦੇਸ਼, ਜੋ ਰਿਪੇਰੀਅਨ ਦੇਸ਼ ਹਨ, ਇਸ ਮਾਮਲੇ ’ਚ ਕਈ ਵਾਰ ਆਪਣੇ ਫ਼ਿਕਰਾਂ ਨੂੰ ਜਤਾ ਚੁੱਕੇ ਹਨ। ਚੀਨ ਹਾਲਾਂਕਿ ਇਨ੍ਹਾਂ ਖ਼ਦਸ਼ਿਆਂ ਨੂੰ ਇਹ ਕਹਿ ਕੇ ਦਰਕਿਨਾਰ ਕਰਦਾ ਰਿਹਾ ਹੈ ਕਿ ਉਹ ਦੋਵਾਂ ਮੁਲਕਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖੇਗਾ।

ਹੇਠਲੀ ਰਿਪੇਰੀਅਨ ਸਟੇਟ ਹੋਣ ਕਰਕੇ ਭਾਰਤ ਸਰਕਾਰ ਲਗਾਤਾਰ ਚੀਨੀ ਅਥਾਰਿਟੀਜ਼ ਅੱਗੇ ਆਪਣਾ ਨਜ਼ਰੀਆ ਤੇ ਫ਼ਿਕਰ ਦੋਵੇਂ ਰੱਖਦੀ ਆ ਰਹੀ ਹੈ। ਭਾਰਤ ਨੇ ਚੀਨ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਬ੍ਰਹਮਪੁੱਤਰ ਦਰਿਆ ਦੇ ਵਗਦੇ ਪਾਸੇ ਹੋਣ ਕਰਕੇ ਭਾਰਤ ਦੇ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਉਪਰਲੇ ਖੇਤਰਾਂ ’ਚ ਅਜਿਹਾ ਕੋਈ ਕੰਮ ਨਾ ਕੀਤਾ ਜਾਵੇ ਜਿਸ ਨਾਲ ਭਾਰਤ ਨੂੰ ਨੁਕਸਾਨ ਪੁੱਜੇ। 

Leave a Reply

Your email address will not be published. Required fields are marked *