ਵਿਰਸਾ ਸਿੰਘ ਵਲਟੋਹਾ ਖੇਮਕਰਨ ਤੋਂ ਅਕਾਲੀ ਦਲ ਦੇ ਉਮੀਦਵਾਰ

ਭਿੱਖੀਵਿੰਡ/ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਦੀਆਂ ਅਗਲੇ ਸਾਲ ਆ ਰਹੀਆਂ ਚੋਣਾਂ ਲਈ ਖੇਮਕਰਨ ਹਲਕੇ ਲਈ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ| ਉਨ੍ਹਾਂ ਇਹ ਐਲਾਨ ਅੱਜ ਖੇਮਕਰਨ ਹਲਕੇ ਦੇ ਕਸਬਾ ਅਮਰਕੋਟ ਵਿੱਚ ਵਿਰਸਾ ਸਿੰਘ ਵਲਟੋਹਾ ਵੱਲੋਂ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ| ਇਸ ਤਰ੍ਹਾਂ ਅਕਾਲੀ ਦਲ ਨੇ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ’ਚੋਂ ਜਲਾਲਾਬਾਦ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਖੁਦ ਉਮੀਦਵਾਰ ਹੋਣਗੇ| ਇਹ ਐਲਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਜਲਾਲਾਬਾਦ ਵਿੱਚ ਕੀਤੇ ਇਕੱਠ ਦੌਰਾਨ ਕੀਤਾ ਸੀ| ‘ਪੰਜਾਬ ਮੰਗਦਾ ਜਵਾਬ’ ਦੇ ਨਾਅਰੇ ਹੇਠ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸੂਬੇ ਅੰਦਰ ਵਿਕਾਸ ਦੇ ਸਾਰੇ ਕੰਮ ਠੱਪ ਹੋ ਗਏ ਹਨ| ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਧਾਰਮਿਕ ਗੁਟਕੇ ਦੀ ਝੂਠੀ ਸਹੁੰ ਖਾਣ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਨਾ ਕਰਨ, ਸਮਾਜ ਭਲਾਈ ਦੀਆਂ ਸਕੀਮਾਂ ਬੰਦ ਕਰ ਦੇਣ ਦੇ ਦੋਸ਼ ਲਗਾਏ| ਉਨ੍ਹਾਂ ਅਕਾਲੀ ਦਲ ਨੂੰ ਪੰਜਾਬੀਆਂ ਦੀ ਆਪਣੀ ਪਾਰਟੀ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਉਹ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨਗੇ ਅਤੇ ਕਈ ਹੋਰ ਲੋਕ ਭਲਾਈ ਸਕੀਮਾਂ ਚਾਲੂ ਕਰਨਗੇ| ਉਨ੍ਹਾਂ ਕਿਹਾ ਕਿ ਉਨ੍ਹਾਂ ਕੈਪਟਨ ਸਰਕਾਰ ਖ਼ਿਲਾਫ਼ ਜੰਗ ਸ਼ੁਰੂ ਕੀਤੀ ਹੈ ਤੇ ਇਸ ਅੱਜ ਮਾਝੇ ਦੇ ਲੋਕ ਵੀ ਸਾਥ ਦੇ ਰਹੇ ਹਨ। ਉਨ੍ਹਾਂ ਅਕਾਲੀ ਦਲ ਨੂੰ ਪੰਜਾਬ ਦੀ ਪਾਰਟੀ ਦੱਸਿਆ ਜੋ ਕਿ ਗਰੀਬ ਵਰਗ ਅਤੇ ਕਿਸਾਨਾਂ ਬਾਰੇ ਸੋਚਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਹਿੱਤਾਂ ਲਈ ਅਕਾਲੀ ਦਲ ਨੇ ਭਾਜਪਾ ਨਾਲ ਸਾਂਝ ਵੀ ਤੋੜ ਦਿੱਤੀ ਹੈ।

ਰੈਲੀ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਨੇ ਹਰ ਵਾਰ ਖ਼ਜ਼ਾਨਾ ਖਾਲੀ ਹੋਣ ਦੀ ਗੱਲ ਕਹਿ ਕੇ ਕਿਸੇ ਦਾ ਕਰਜ਼ਾ ਮੁਆਫ ਨਹੀਂ ਕੀਤਾ, ਨੌਕਰੀ ਕਿਸੇ ਨੂੰ ਨਹੀਂ ਦਿੱਤੀ, ਬਿਜਲੀ ਪੰਜਾਬ ਵਿਚ ਮਹਿੰਗੀ ਕਰ ਦਿੱਤੀ ਤੇ ਮੁਲਾਜ਼ਮਾਂ ਦੇ ਭੱਤੇ ਵੀ ਰੋਕ ਦਿੱਤੇ। ਉਨ੍ਹਾਂ ਭਾਜਪਾ ਨਾਲ ਕਿਸੇ ਕਿਸਮ ਸਾਂਝ ਤੋਂ ਇਨਕਾਰ ਕੀਤਾ।

ਪਰਨੀਤ ਕੌਰ ਕੈਰੋਂ ਨੂੰ ਟਿਕਟ ਦੇਣ ਦੀ ਕੀਤੀ ਗਈ ਸੀ ਗੱਲ

ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਕ ਹਫਤਾ ਪਹਿਲਾਂ ਖੇਮਕਰਨ ਇਲਾਕੇ ਅੰਦਰ ਕੀਤੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ| ਇਸ ਸਬੰਧੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਰਾਜਸੀ ਸਕੱਤਰ ਗੁਰਮੁੱਖ ਸਿੰਘ ਘੁੱਲਾ ਨੇ ਵੱਟਸਐਪ ’ਤੇ ਭੇਜੀ ਸੂਚਨਾ ਵਿੱਚ ਦੱਸਿਆ ਸੀ ਕਿ ਖੇਮਕਰਨ ਹਲਕੇ ਤੋਂ ਬੀਬਾ ਪਰਨੀਤ ਕੌਰ ਕੈਰੋਂ (ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਲੜਕੀ) ਪਰਿਵਾਰ ਦੇ ਉਮੀਦਵਾਰ ਵਜੋਂ ਚੋਣ ਲੜਨਗੇ|

Leave a Reply

Your email address will not be published. Required fields are marked *