ਈਡੀ ਵੱਲੋਂ ਸੁਖਪਾਲ ਖਹਿਰਾ ਦਿੱਲੀ ਤਲਬ

ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਏਕਤਾ ਪਾਰਟੀ ਦੇ ਆਗੂ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ 17 ਮਾਰਚ ਨੂੰ ਦਿੱਲੀ ਤਲਬ ਕੀਤਾ ਹੈ। ਜਾਂਚ ਏਜੰਸੀ ਨੇ ਖਹਿਰਾ ਨੂੰ ਭੇਜੇ ਸੰਮਨਾਂ ਵਿਚ ਕੁਝ ਦਸਤਾਵੇਜ਼ਾਂ ਸਮੇਤ ਆਉਣ ਲਈ ਕਿਹਾ ਹੈ। ਈਡੀ ਨੇ ਖਹਿਰਾ ਤੋਂ ਇਲਾਵਾ ਉਨ੍ਹਾਂ ਦੇ ਦਾਮਾਦ ਇੰਦਰਵੀਰ ਸਿੰਘ ਜੌਹਲ ਅਤੇ ਪੀਏ ਮੁਨੀਸ਼ ਕੁਮਾਰ ਨੂੰ ਵੀ ਸੰਮਨ ਭੇਜੇ ਹਨ। ਜੌਹਲ ਨੂੰ ਪੁੱਛਗਿੱਛ ਲਈ 16 ਮਾਰਚ ਨੂੰ ਸੱਦਿਆ ਗਿਆ ਹੈ ਜਦੋਂ ਕਿ ਖਹਿਰਾ ਤੇ ਉਨ੍ਹਾਂ ਦੇ ਪੀਏ ਨੂੰ 17 ਮਾਰਚ ਨੂੰ ਈਡੀ ਦੇ ਦਿੱਲੀ ਦਫਤਰ ’ਚ ਪੇਸ਼ ਹੋਣ ਲਈ ਕਿਹਾ ਹੈ। ਵੇਰਵਿਆਂ ਅਨੁਸਾਰ ਈਡੀ ਨੇ ਫਾਜ਼ਿਲਕਾ ਪੁਲੀਸ  ਵੱਲੋਂ ਸਾਲ 2015 ਵਿਚ ਦਰਜ ਡਰੱਗ ਕੇਸ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਮਨ ਭੇਜੇ ਹਨ। ਹਾਲਾਂਕਿ ਸੁਖਪਾਲ ਖਹਿਰਾ ਆਖ ਚੁੱਕੇ ਹਨ ਕਿ ਉਨ੍ਹਾਂ ਨੂੰ ਇਸ ਕੇਸ ਵਿਚ ਸੁਪਰੀਮ ਕੋਰਟ ਵੱਲੋਂ ਰਾਹਤ ਮਿਲ ਚੁੱਕੀ ਹੈ ਤੇ ਇਹ ਮਾਮਲਾ ਸੁਪਰੀਮ ਕੋਰਟ ’ਚ ਲੰਬਿਤ ਪਿਆ ਹੈ। ਈਡੀ ਦੇ ਸਹਾਇਕ ਡਾਇਰੈਕਟਰ ਰਾਜਾ ਰਾਮ ਮੀਨਾ ਨੇ ਸੰਮਨ ਭੇਜ ਕੇ ਸੁਖਪਾਲ ਖਹਿਰਾ ਨੂੰ ਆਮਦਨ ਕਰ ਰਿਟਰਨਾਂ, ਬੈਂਕ ਖਾਤਿਆਂ ਦੀ ਤਫ਼ਸੀਲ ਅਤੇ ਆਧਾਰ ਕਾਰਡ ਆਦਿ ਨਾਲ ਲੈ ਕੇ ਆਉਣ ਦੀ ਹਦਾਇਤ ਕੀਤੀ ਹੈ। 

ਚੇਤੇ ਰਹੇ ਕਿ ਈਡੀ ਦੀ ਡਿਪਟੀ ਡਾਇਰੈਕਟਰ ਨੇਹਾ ਯਾਦਵ ਦੀ ਅਗਵਾਈ ਵਿਚ ਇੱਕ ਟੀਮ ਨੇ ਸੁਖਪਾਲ ਖਹਿਰਾ ਦੇ ਪਿੰਡ ਰਾਮਗੜ੍ਹ ਅਤੇ ਚੰਡੀਗੜ੍ਹ ਦੇ ਸੈਕਟਰ ਪੰਜ ਵਿਚਲੀ ਰਿਹਾਇਸ਼ ’ਤੇ 9 ਮਾਰਚ ਨੂੰ ਛਾਪੇਮਾਰੀ ਕੀਤੀ ਸੀ। 

ਇਸ ਦੌਰਾਨ ਟੀਮ ਨੇ ਘਰੇਲੂ ਡਾਇਰੀਆਂ ਅਤੇ ਹੋਰ ਦਸਤਾਵੇਜ਼ ਕਬਜ਼ੇ ਵਿਚ ਲਏ ਸਨ। ਉਦੋਂ ਪੰਜਾਬ ਵਿਧਾਨ ਸਭਾ ਵਿਚ ਵੀ ਇਸ ਮਾਮਲੇ ਦੀ ਗੂੰਜ ਪਈ ਸੀ ਅਤੇ ਵਿਧਾਨ ਸਭਾ ਨੇ ਇਸ ਨੁੂੰ ਲੈ ਕੇ ਨਿੰਦਾ ਮਤਾ ਵੀ ਪਾਸ ਕੀਤਾ ਸੀ।

ਉਧਰ ਸੁਖਪਾਲ ਖਹਿਰਾ ਨੇ ਕਪੂਰਥਲਾ ਅਤੇ ਚੰਡੀਗੜ੍ਹ ਦੇ ਐੱਸਐੱਸਪੀ’ਜ਼ ਨੂੰ ਦਰਖਾਸਤ ਦੇ ਕੇ ਈਡੀ ਦੀ ਟੀਮ ਖਿਲਾਫ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਈਡੀ ਦੀ ਟੀਮ ਨੇ ਛਾਪੇਮਾਰੀ ਦੌਰਾਨ ਕੋਵਿਡ ਨੇਮਾਂ ਉਲੰਘਣਾ ਕੀਤੀ ਅਤੇ 12 ਮਾਰਚ ਨੂੰ ਉਸ ਦੀ ਸੁਰੱਖਿਆ ’ਚ ਤਾਇਨਾਤ ਏਐੱਸਆਈ ਓਂਕਾਰ ਸਿੰਘ ਕੋਵਿਡ ਪਾਜ਼ੇਟਿਵ ਨਿਕਲ ਆਇਆ।

ਈਡੀ ਦਫਤਰ ’ਚ ਪੇਸ਼ ਹੋਵਾਂਗਾ: ਖਹਿਰਾ

ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ 17 ਮਾਰਚ ਨੂੰ ਈਡੀ ਦਫਤਰ ਵਿਚ ਪੇਸ਼ ਹੋਣਗੇ। ਖਹਿਰਾ ਨੇ ਕਿਹਾ ਕਿ ਉਹ ਕਾਨੂੰਨ ਵਿਚ ਭਰੋਸਾ ਰੱਖਣ ਵਾਲੇ ਲੋਕ ਨੁਮਾਇੰਦੇ ਹਨ ਅਤੇ ਆਪਣੇ ਵਕੀਲਾਂ ਤੋਂ ਕਾਨੂੰਨੀ ਮਸ਼ਵਰਾ ਵੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਈਡੀ ਨੂੰ ਛਾਪੇਮਾਰੀ ਦੌਰਾਨ ਕੁਝ ਵੀ ਗੈਰਕਾਨੂੰਨੀ ਨਹੀਂ ਮਿਲਿਆ ਸੀ।

Leave a Reply

Your email address will not be published. Required fields are marked *