ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਕੰਮਕਾਜ ਠੱਪ

ਲੁਧਿਆਣਾ: ਅੱਜ ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ। ਇਸ ਤਹਿਤ ਬੈਂਕ ਮੁਲਾਜ਼ਮਾਂ ਨੇ ਭਾਰਤ ਨਗਰ ਚੌਕ ਸਥਿਤ ਕੇਨਰਾ ਬੈਂਕ ਦੇ ਬਾਹਰ ਸਰਕਾਰ ਦੀਆਂ ਕਰਮਚਾਰੀ ਅਤੇ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨਿੱਜੀਕਰਨ ਰਾਹੀਂ ਦੇਸ਼ ਦੀ ਅਰਥਵਿਵਸਥਾ ਪੂੰਜੀਪਤੀਆਂ ਨੂੰ ਸੰਭਾਲ ਰਹੀ ਹੈ। ਇਸ ਨਾਲ ਆਉਣ ਵਾਲੇ ਦਿਨਾਂ ’ਚ ਆਰਥਿਕ ਸੰਕਟ ਹੋਰ ਡੂੰਘਾ ਹੋ ਜਾਵੇਗਾ। ਇਸ ਹੜਤਾਲ ਵਿੱਚ ਲੁਧਿਆਣਾ ਦੀਆਂ ਕਰੀਬ 480 ਬ੍ਰਾਂਚਾਂ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ, ਜਿਸ ਕਾਰਨ ਲਗਪਗ ਇੱਕ ਹਜ਼ਾਰ ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਇਆ।

ਯੂਨਾਈਟਡ ਫੋਰਮ ਆਫ਼ ਬੈਂਕ ਇੰਪਲਾਇਜ਼ ਦੇ ਕਨਵੀਨਰ ਨਰੇਸ਼ ਗੌੜ ਨੇ ਕਿਹਾ ਕਿ ਪਹਿਲੇ ਫੇਜ਼ ਵਿੱਚ ਦੋ ਬੈਂਕ ਮਰਜ ਕੀਤੇ ਜਾ ਰਹੇ ਹਨ। ਜੇ ਸਰਕਾਰ ਇਹੀ ਨੀਤੀ ’ਤੇ ਚੱਲਦੀ ਹੈ ਤਾਂ ਆਉਣ ਵਾਲੇ ਦਿਨਾਂ ’ਚ ਬੈਂਕਾਂ ਦੇ ਨਾਲ ਨਾਲ ਸਰਕਾਰੀ ਸੰਸਥਾਵਾਂ ਵੀ ਨਿੱਜੀ ਹੱਥਾਂ ’ਚ ਚਲੀਆਂ ਜਾਣਗੀਆਂ। ਇਸ ਮੌਕੇ ਰਾਜਿੰਦਰ ਸਿੰਘ ਔਲਖ, ਬੀ.ਐੱਸ ਵਾਲੀਆ, ਪਵਨ ਠਾਕੁਰ, ਅਸ਼ੋਕ ਅਰੋੜਾ, ਜੀ.ਐੱਮ. ਮੰਗਤ, ਜੇ.ਪੀ. ਕਾਲੜਾ, ਇਕਬਾਲ ਸਿੰਘ ਮੱਲ੍ਹੀ ਤੇ ਹੋਰ ਹਾਜ਼ਰ ਸਨ।

ਪਟਿਆਲਾ (ਰਵੇਲ ਸਿੰਘ ਭਿੰਡਰ):ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਵਿਰੁੱਧ ਅੱਜ ਪਟਿਆਲਾ ਸ਼ਹਿਰ ਤੇ ਨੇੜਲੇ ਇਲਾਕਿਆਂ ਵਿੱਚ ਅੱਜ ਬੈਂਕ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਬੈਂਕਾਂ ਦਾ ਕੰਮਕਾਜ ਮੁਕੰਮਲ ਠੱਪ ਰਹਿਣ ਕਾਰਨ ਗਾਹਕ ਕਾਫੀ ਪ੍ਰੇਸ਼ਾਨ ਹੋਏ। ਇਸ ਦੋ ਰੋਜ਼ਾ ਹੜਤਾਲ ’ਚ 9 ਬੈਂਕ ਯੂਨੀਅਨਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਸਟੇਟ ਬੈਂਕ ਆਫ ਇੰਡੀਆ ਦੀ ਰਿਜਨਲ ਬ੍ਰਾਂਚ ਸ਼ੇਰਾਂਵਾਲਾ ਗੇਟ ਪਟਿਆਲਾ ਦੇ ਬਾਹਰ ਧਰਨੇ ਦੌਰਾਨ ਮੁਲਾਜ਼ਮਾਂ ਨੇ ਦੂਜੇ ਦਿਨ ਦੀ ਹੜਤਾਲ ਵੀ ਸਫਲ ਬਣਾਉਣ ਦਾ ਅਹਿਦ ਲਿਆ। ਇਸ ਮੌਕੇ ਐੱਸਬੀਆਈ ਸਟਾਫ਼ ਐਸੋਸੀਏਸ਼ਨ ਦੇ ਉਪ ਮਹਾ ਸਕੱਤਰ ਰਾਜੇਸ਼ ਖੰਨਾ, ਸਤੀਸ਼ ਕੁਮਾਰ, ਹਰਿੰਦਰ ਗੁਪਤਾ, ਜਸਬੀਰ ਸਿੰਘ, ਬਿਨੈ ਸਿਨਹਾ, ਐੱਚਐੱਸ ਬਾਗੀ, ਅਮਨਜੋਤ ਸਿੰਘ, ਰਾਜੇਸ਼ ਖੰਨਾ, ਸੰਜੀਵ ਸ਼ਰਮਾ ਤੇ ਹੋਰ ਹਾਜ਼ਰ ਸਨ।

ਜਲੰਧਰ ਦੀਆਂ 720 ਬ੍ਰਾਂਚਾਂ ਰਹੀਆਂ ਬੰਦ

ਜਲੰਧਰ (ਪਾਲ ਸਿੰਘ ਨੌਲੀ):ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਕੀਤੀ ਗਈ ਦੋ ਰੋਜ਼ਾ ਹੜਤਾਲ ਦੌਰਾਨ ਅੱਜ ਪਹਿਲੇ ਦਿਨ ਜ਼ਿਲ੍ਹੇ ਦੀਆਂ ਬ੍ਰਾਂਚਾਂ ਵਿੱਚ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੌਰਾਨ ਬੈਂਕਾਂ ਦੇ ਨਿੱਜੀਕਰਨ ਅਤੇ ਐੱਨਪੀਏ ਹੋਏ ਖਾਤਿਆਂ ਨੂੰ ਬੰਦ ਕਰਨ ਦਾ ਵਿਰੋਧ ਕੀਤਾ ਗਿਆ। ਜਥੇਬੰਦੀ ਦੇ ਕਨਵੀਨਰ ਕਾਮਰੇਡ ਅੰਮ੍ਰਿਤ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 720 ਦੇ ਕਰੀਬ ਬ੍ਰਾਂਚਾਂ ਦੇ ਮੁਲਾਜ਼ਮ ਹੜਤਾਲ ਵਿੱਚ ਸ਼ਾਮਲ ਹੋਏ। ਬੈਂਕਾਂ ਬੰਦ ਰਹਿਣ ਕਾਰਨ 800 ਕਰੋੜ ਦਾ ਕਾਰੋਬਾਰ ਠੱਪ ਰਿਹਾ। ਉਨ੍ਹਾਂ ਦੱਸਿਆ ਕਿ ਹੜਤਾਲ ਕਰਕੇ 25 ਹਜ਼ਾਰ ਚੈੱਕ ਕਲੀਅਰ ਨਹੀਂ ਹੋਏ, ਜਿਨ੍ਹਾਂ ਦੀ ਰਕਮ 230 ਕਰੋੜ ਦੇ ਕਰੀਬ ਬਣਦੀ ਹੈ। ਇਸੇ ਤਰ੍ਹਾਂ 220 ਕਰੋੜ ਦਾ ਲੈਣ-ਦੇਣ ਵੀ ਨਹੀਂ ਹੋਇਆ। ਹੜਤਾਲ ਦੌਰਾਨ ਬੈਂਕ ਮੁਲਾਜ਼ਮ ਐੱਸਬੀਆਈ ਦੀ ਮੁੱਖ ਬ੍ਰਾਂਚ ਅੱਗੇ ਇਕੱਠੇ ਹੋਏ ਤੇ ਉਨ੍ਹਾਂ ਕੇਂਦਰ ਸਰਕਾਰ ਦੀਆਂ ਬੈਂਕਾਂ ਨੂੰ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕਾਮਰੇਡ ਦਿਨੇਸ਼ ਡੋਗਰਾ, ਰਜੇਸ਼ ਵਰਮਾ, ਸੁਨੀਲ ਕਪੂਰ, ਸੰਜੀਵ ਭੱਲਾ, ਬਲਜੀਤ ਕੌਰ, ਦਲੀਪ ਕੁਮਾਰ ਪਾਠਕ, ਪਵਨ ਬਾਸੀ, ਕਮਲਦੀਪ ਸਿੰਘ ਕਾਲੜਾ ਤੇ ਐੱਚਐੱਸ ਬੀਰ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *