ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਭਾਰਤ ਪੁੱਜੇ

ਨਵੀਂ ਦਿੱਲੀ:ਅਮਰੀਕੀ ਰੱਖਿਆ ਮੰਤਰੀ ਲੌਇਡ ਜੇ. ਆਸਟਿਨ ਅੱਜ ਭਾਰਤ ਦੇ ਤਿੰਨ ਦਿਨਾ ਦੌਰੇ ਉਤੇ ਪਹੁੰਚ ਗਏ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੀ ਕਿਸੇ ਚੋਟੀ ਦੀ ਸ਼ਖ਼ਸੀਅਤ ਦਾ ਇਹ ਪਹਿਲਾ ਭਾਰਤ ਦੌਰਾ ਹੈ। ਭਾਰਤੀ-ਪ੍ਰਸ਼ਾਂਤ ਖਿੱਤੇ ਤੇ ਬਾਕੀ ਦੇ ਖੇਤਰਾਂ ਵਿਚ ਚੀਨ ਦੀ ਵਧਦੀ ਦਖ਼ਲਅੰਦਾਜ਼ੀ ਦੇ ਮੱਦੇਨਜ਼ਰ ਆਸਟਿਨ ਦਾ ਦੌਰਾ ਦੁਵੱਲੇ ਰੱਖਿਆ ਤੇ ਸੁਰੱਖਿਆ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵੱਲ ਸੇਧਿਤ ਹੋਵੇਗਾ। ਆਸਟਿਨ ਤਿੰਨ ਮੁਲਕਾਂ ਦੇ ਦੌਰੇ ਉਤੇ ਹਨ ਤੇ ਭਾਰਤ ਉਹ ਅਖੀਰ ਵਿਚ ਆਏ ਹਨ। ਰੱਖਿਆ ਮੰਤਰੀ ਦੇ ਇਸ ਦੌਰੇ ਨੂੰ ਬਾਇਡਨ ਪ੍ਰਸ਼ਾਸਨ ਦੀ ਆਪਣੇ ਨੇੜਲੇ ਸਾਥੀਆਂ ਤੇ ਭਾਈਵਾਲਾਂ ਨਾਲ ਰਿਸ਼ਤਿਆਂ ਸਬੰਧੀ ਵਚਨਬੱਧਤਾ ਨੂੰ ਪ੍ਰਗਟਾਉਣ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕੀ ਰੱਖਿਆ ਮੰਤਰੀ ਇਸ ਤੋਂ ਪਹਿਲਾਂ ਜਪਾਨ ਤੇ ਦੱਖਣੀ ਕੋਰਿਆਈ ਦਾ ਦੌਰਾ ਕਰ ਕੇ ਭਾਰਤ ਪੁੱਜੇ ਹਨ। ਅਮਰੀਕੀ ਮੰਤਰੀ ਦਾ ਪਾਲਮ ਹਵਾਈ ਅੱਡੇ ’ਤੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਅਮਰੀਕੀ ਦੂਤਾਵਾਸ ਦੇ ਅਧਿਕਾਰੀਆਂ ਨੇ ਸਵਾਗਤ ਕੀਤਾ।

ਲੌਇਡ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਮਰੀਕੀ ਰੱਖਿਆ ਮੰਤਰੀ ਨੇ ਭਾਰਤ ਨਾਲ ਆਪਣੇ ਮੁਲਕ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਿਰ ਕੀਤੀ। ਭਾਰਤੀ-ਪ੍ਰਸ਼ਾਂਤ ਖਿੱਤੇ ਵਿਚ ਸ਼ਾਂਤੀ-ਸਥਿਰਤਾ ਕਾਇਮ ਰੱਖਣ ਬਾਰੇ ਵੀ ਦੋਵਾਂ ਆਗੂਆਂ ਨੇ ਵਚਨਬੱਧਤਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਮੋਦੀ ਨੇ ਦੋਵਾਂ ਮੁਲਕਾਂ ਦਰਮਿਆਨ ਰੱਖਿਆ ਤਾਲਮੇਲ ਦੀ ਅਹਿਮੀਅਤ ਤੇ ਰਣਨੀਤਕ ਭਾਈਵਾਲੀ ਬਾਰੇ ਆਪਣੇ ਵਿਚਾਰਾਂ ਤੋਂ ਆਸਟਿਨ ਨੂੰ ਜਾਣੂ ਕਰਵਾਇਆ। ਮੋਦੀ ਨੇ ਆਸਟਿਨ ਰਾਹੀਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਸ਼ੁੱਭ ਇੱਛਾਵਾਂ ਵੀ ਭੇਜੀਆਂ। ਆਸਟਿਨ ਦੇ ਦੌਰੇ ਨਾਲ ਨੇੜਿਓਂ ਜੁੜੇ ਵਿਅਕਤੀਆਂ ਨੇ ਦੱਸਿਆ ਕਿ ਇਸ ਦੌਰਾਨ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ, ਭਾਰਤੀ-ਪ੍ਰਸ਼ਾਂਤ ਖਿੱਤੇ ਵਿਚ ਸਹਿਯੋਗ ਵਧਾਉਣ, ਪੂਰਬੀ ਲੱਦਾਖ ਵਿਚ ਚੀਨ ਦੀ ਹਮਲਾਵਰ ਪਹੁੰਚ, ਅਤਿਵਾਦ ਦੀ ਚੁਣੌਤੀ ਤੇ ਅਫ਼ਗਾਨ ਸ਼ਾਂਤੀ ਪ੍ਰਕਿਰਿਆ ਬਾਰੇ ਗੱਲਬਾਤ ਹੋਵੇਗੀ। ਭਾਰਤ ਦੀ ਅਮਰੀਕਾ ਤੋਂ 30 ਬਹੁਮੰਤਵੀ ਡਰੋਨ ਖ਼ਰੀਦਣ ਦੀ ਯੋਜਨਾ ਵੀ ਹੈ ਤੇ ਅਰਬਾਂ ਡਾਲਰ ਦੇ ਇਸ ਸੌਦੇ ਬਾਰੇ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ। ਇਹ ਅਤਿ-ਆਧੁਨਿਕ ਡਰੋਨ ਅਮਰੀਕੀ ਕੰਪਨੀ ‘ਅਟੋਮਿਕਸ’ ਵੱਲੋਂ ਬਣਾਏ ਗਏ ਹਨ ਤੇ 35 ਘੰਟੇ ਹਵਾ ਵਿਚ ਰਹਿ ਕੇ ਸਮੁੰਦਰ ਤੇ ਧਰਤੀ ਉਤੇ ਨਿਸ਼ਾਨੇ ਫੁੰਡ ਸਕਦੇ ਹਨ। ਇਸ ਤੋਂ ਇਲਾਵਾ 114 ਲੜਾਕੂ ਜਹਾਜ਼ ਖ਼ਰੀਦਣ ਬਾਰੇ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ ਜੋ ਕਿ ਅਮਰੀਕੀ ਕੰਪਨੀ ‘ਬੋਇੰਗ’ ਤੇ ‘ਲੌਕਹੀਡ ਮਾਰਟਿਨ’ ਤੋਂ ਖ਼ਰੀਦੇ ਜਾ ਸਕਦੇ ਹਨ। ਆਸਟਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਭਲਕੇ ਮੁਲਾਕਾਤ ਕਰਨਗੇ। ਉਹ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ। 

Leave a Reply

Your email address will not be published. Required fields are marked *